ਜਬਰ ਜਨਾਹ ਮਗਰੋਂ ਛੇ ਸਾਲਾ ਬੱਚੀ ਦਾ ਕਤਲ
ਗਗਨਦੀਪ ਅਰੋੜਾ
ਲੁਧਿਆਣਾ, 8 ਅਕਤੂਬਰ
ਇੱਥੇ ਮੋਤੀ ਨਗਰ ਦੀ ਫੌਜੀ ਕਲੋਨੀ ਇਲਾਕੇ ਵਿੱਚ 6 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਕਾਤਲਾਂ ਨੇ ਬੱਚੀ ਦੀ ਲਾਸ਼ ਨੂੰ ਕੰਬਲ ਵਿੱਚ ਲਪੇਟ ਕੇ ਗੁਆਂਢੀਆਂ ਦੀ ਛੱਤ ’ਤੇ ਸੁੱਟ ਦਿੱਤਾ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਬੱਚੀ ਦੀ ਦਾਦੀ ਉਸ ਦੀ ਭਾਲ ਲਈ ਛੱਤ ’ਤੇ ਗਈ ਤਾਂ ਬੱਚੀ ਗੁਆਂਢੀਆਂ ਦੀ ਟੀਨ ਦੀ ਛੱਤ ’ਤੇ ਕੰਬਲ ’ਚ ਲਪੇਟੀ ਹੋਈ ਮਿਲੀ। ਮੋਤੀ ਨਗਰ ਥਾਣਾ ਪੁਲੀਸ ਨੇ ਜਾਂਚ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਜਬਰ ਜਨਾਹ ਤੇ ਕਤਲ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ
ਭੇਜ ਦਿੱਤਾ ਹੈ।
ਬਿਹਾਰ ਦੀ ਰਹਿਣ ਵਾਲੀ ਬੱਚੀ ਦੇ ਮਾਤਾ-ਪਿਤਾ ਇਲਾਕੇ ਦੀ ਫੈਕਟਰੀ ਵਿੱਚ ਕੰਮ ਕਰਦੇ ਹਨ। ਉਹ ਹਰ ਰੋਜ਼ ਕੰਮ ’ਤੇ ਚਲੇ ਜਾਂਦੇ ਹਨ ਅਤੇ ਬੱਚੀ ਦੀ ਦਾਦੀ ਉਸ ਦੀ ਦੇਖਭਾਲ ਕਰਦੀ ਹੈ। ਮਹੀਨਾ ਪਹਿਲਾਂ ਹੀ ਉਹ ਫ਼ੌਜੀ ਕਲੋਨੀ ਇਲਾਕੇ ਦੇ ਕੁਆਰਟਰ ਵਿੱਚ ਆਏ ਸਨ। ਮੰਗਲਵਾਰ ਨੂੰ ਰੋਜ਼ਾਨਾ ਵਾਂਗ ਦੋਵੇਂ ਮਾਤਾ-ਪਿਤਾ ਸਵੇਰੇ ਘਰੋਂ ਨਿਕਲੇ ਅਤੇ ਬੱਚੀ ਆਪਣੀ ਦਾਦੀ ਕੋਲ ਸੀ। ਉਸ ਨੇ ਉਸ ਨੂੰ ਖਾਣਾ ਖੁਆਇਆ ਅਤੇ ਕੱਪੜੇ ਪਹਿਨਾਏ। ਸਵੇਰੇ ਕਰੀਬ 11 ਵਜੇ ਦਾਦੀ ਨੂੰ ਪਤਾ ਲੱਗਿਆ ਕਿ ਬੱਚੀ ਗਾਇਬ ਹੈ। ਤਲਾਸ਼ਣ ’ਤੇ ਦਾਦੀ ਨੂੰ ਬੱਚੀ ਦੀ ਲਾਸ਼ ਨਾਲ ਲੱਗਦੀ ਫੈਕਟਰੀ ਦੇ ਟੀਨ ਦੀ ਛੱਤ ’ਤੇ ਸੁੱਟੀ ਹੋਈ ਮਿਲੀ। ਇਸ ਦੌਰਾਨ ਥਾਣਾ ਮੋਤੀ ਨਗਰ ਦੇ ਐੱਸਐੱਚਓ ਇੰਸਪੈਕਟਰ ਵਰਿੰਦਰਪਾਲ ਸਿੰਘ ਉੱਪਲ ਨੇ ਦੱਸਿਆ ਕਿ ਪਹਿਲੀ ਜਾਂਚ ਵਿੱਚ ਇਹ ਜਬਰ ਜਨਾਹ ਤੋਂ ਬਾਅਦ ਕਤਲ ਦਾ ਮਾਮਲਾ ਜਾਪਦਾ ਹੈ। ਪੋਸਟਮਾਰਟਮ ਮਗਰੋਂ ਸਾਰਾ ਖੁਲਾਸਾ ਹੋਵੇਗਾ। ਪੁਲੀਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਪੁਲੀਸ ਦਾ ਕਹਿਣਾ ਹੈ ਮਾਮਲੇ ਨੂੰ ਛੇਤੀ ਹੱਲ ਕਰ ਲਿਆ ਜਾਵੇਗਾ।