ਝੋਨੇ ਨੂੰ ਪਾਣੀ ਲਾ ਰਹੇ ਵਿਅਕਤੀ ਦਾ ਕਤਲ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 5 ਅਗਸਤ
ਬੀਤੀ ਦੇਰ ਗਈ ਰਾਤ ਨੂੰ ਸਿੱਧਵਾਂ ਬੇਟ ਦੇ ਪਿੰਡ ਮਲਸੀਹਾਂ ਬਾਜਣ ਦੇ ਖੇਤਾਂ ’ਚ ਝੋਨੇ ਨੂੰ ਪਾਣੀ ਲਗਾਉਣ ਰਹੇ ਵਿਅਕਤੀ ’ਤੇ ਤੇਜ਼ਧਾਰ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਰੇਸ਼ਮ ਸਿੰਘ ਦੀ ਮੌਤ ਹੋ ਗਈ।
ਪੁਲੀਸ ਨੇ ਤਫਤੀਸ਼ ਮਗਰੋਂ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੇਸ਼ਮ ਸਿੰਘ (40) ਪਿੰਡ ਮਲਸੀਹਾਂ ਬਾਜਣ ਦੇ ਇੱਕ ਕਿਸਾਨ ਪਰਿਵਾਰ ਜੋ ਕਿ ਆਪ ਵਿਦੇਸ਼ ਰਹਿੰਦਾ ਹੈ ਦੇ ਘਰ, ਜ਼ਮੀਨ ਆਦਿ ਦੀ ਸਾਂਭ ਸੰਭਾਲ ਕਰਦਾ ਸੀ। ਬੀਤੀ ਰਾਤ ਜਦੋਂ ਉਹ ਝੋਨੇ ਨੂੰ ਮੋਟਰ ਤੋਂ ਪਾਣੀ ਲਗਾ ਰਿਹਾ ਸੀ ਤਾਂ ਕੁੱਝ ਲੋਕਾਂ ਨੇ ਉਸ ਉਪਰ ਮਾਰੂ ਹਥਿਆਰਾਂ ਨਾਲ ਧਾਵਾ ਬੋਲ ਦਿੱਤਾ। ਇਸ ਦੌਰਾਨ ਰੇਸ਼ਮ ਸਿੰਘ ਗੰਭੀਰ ’ਚ ਜ਼ਖਮੀ ਹੋ ਗਿਆ। ਜਦੋਂ ਇਸ ਘਟਨਾ ਦੀ ਸੂਚਨਾ ਪਿੰਡ ਵਾਸੀਆਂ ਨੂੰ ਮਿਲੀ ਤਾਂ ਉਨ੍ਹਾਂ ਵੱਲੋਂ ਬੁਰੀ ਤਰ੍ਹਾਂ ਵੱਢੇ-ਟੁੱਕੇ ਰੇਸ਼ਮ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਜ਼ਖਮਾਂ ਦੀ ਤਾਬ ਝੱਲਦਾ ਹੋਇਆ ਰੇਸ਼ਮ ਸਿੰਘ ਰਸਤੇ ’ਚ ਹੀ ਦਮ ਤੋੜ ਗਿਆ।
ਇਸ ਸਬੰਧੀ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ। ਪੁਲੀਸ ਨੇ ਗੁਰਜੀਤ ਸਿੰਘ ਉਰਫ ਜੀਤਾ ਸਮੇਤ ਤਿੰਨ ਹੋਰ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਜਲਦੀ ਹੀ ਕਾਤਲ ਪੁਲੀਸ ਦੀ ਗ੍ਰਿਫਤ ’ਚ ਹੋਣਗੇ। ਇੰਸਪੈਕਟਰ ਦਲਜੀਤ ਸਿੰਘ ਅਨੁਸਾਰ ਪੁਲੀਸ ਕਾਤਲ ਅਤੇ ਕਤਲ ਸਬੰਧੀ ਕਾਰਨਾ ਬਾਰੇ ਛਾਣਬੀਣ ’ਚ ਲੱਗ ਗਈ ਹੈ।