ਪਿੰਡ ਹੁਸੈਨਪੁਰ ਬੂਲੇ ਵਿੱਚ ਵਿਅਕਤੀ ਦਾ ਕਤਲ
ਪੱਤਰ ਪ੍ਰੇਰਕ
ਸੁਲਤਾਨਪੁਰ ਲੋਧੀ, 6 ਮਾਰਚ
ਪਿੰਡ ਹੁਸੈਨਪੁਰ ਬੂਲੇ ਵਿੱਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਭਾਈ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਬਲਵੀਰ ਸਿੰਘ ਨੂੰ ਬੀਤੀ ਰਾਤ ਕੁਝ ਵਿਅਕਤੀਆਂ ਨੇ ਫੋਨ ਕਰਕੇ ਬਾਹਰ ਬੁਲਾਇਆ ਅਤੇ ਉਹ ਰਾਤ ਭਰ ਘਰ ਵਾਪਸ ਨਹੀਂ ਪਹੁੰਚਿਆ। ਉਨ੍ਹਾਂ ਸਵੇਰ ਸਾਰ ਉਸ ਦੀ ਕਈ ਥਾਵਾਂ ’ਤੇ ਭਾਲ ਕੀਤੀ ਪਰ ਉਹ ਕਿਤੇ ਨਾ ਮਿਲਿਆ। ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਫੋਨ ’ਤੇ ਜਾਣਕਾਰੀ ਦਿੱਤੀ ਕਿ ਮੋਟਰ ’ਤੇ ਕਿਸੇ ਵਿਅਕਤੀ ਦੀ ਲਾਸ਼ ਪਈ ਹੈ ਤੇ ਜਦੋਂ ਉਨ੍ਹਾਂ ਮੋਟਰ ’ਤੇ ਜਾ ਕੇ ਵੇਖਿਆ ਤਾਂ ਉੱਥੇ ਬਲਵੀਰ ਸਿੰਘ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ। ਉਨ੍ਹਾਂ ਤੁਰੰਤ ਪੁਲੀਸ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਮੌਕੇ ਨਿਰਮਲ ਸਿੰਘ ਮੱਲ ਨੇ ਦੱਸਿਆ ਕਿ ਬਲਬੀਰ ਸਿੰਘ ਦੇ ਦੋ ਬੇਟੇ ਹਨ ਇੱਕ ਯੂਕੇ ਵਿੱਚ ਹੈ ਅਤੇ ਦੂਜਾ ਬੇਟਾ ਫੌਜ ਵਿੱਚ ਹੈ। ਇਸ ਵਕਤ ਉਨ੍ਹਾਂ ਦੀ ਨੂੰਹ, ਪੋਤਰਾ ਅਤੇ ਬਲਬੀਰ ਸਿੰਘ ਖੁਦ ਘਰ ਵਿੱਚ ਰਹਿੰਦੇ ਸਨ। ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਨਗਰ ਨਿਵਾਸੀਆਂ ਪੁਲੀਸ ਤੋਂ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ। ਜਾਣਕਾਰੀ ਮਿਲਣ ਉਪਰੰਤ ਮੌਕੇ ’ਤੇ ਸਬ ਡਿਵੀਜ਼ਨ ਥਾਣਾ ਸੁਲਤਾਨਪੁਰ ਲੋਧੀ ਡੀਐਸਪੀ ਅਤੇ ਐਸਐਚਓ ਥਾਣਾ ਕਬੀਰਪੁਰ ਪਹੁੰਚੇ ਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ।
ਤਰਨ ਤਾਰਨ (ਪੱਤਰ ਪ੍ਰੇਰਕ): ਪਿੰਡ ਪੰਡੋਰੀ ਗੋਲਾ ਦੇ ਇੱਕ ਨੌਜਵਾਨ ਦੀ ਸ਼ਾਮ ਵੇਲੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਤੇ ਹੱਤਿਆ ਕਰ ਦਿੱਤੀ| ਮ੍ਰਿਤਕ ਦੀ ਸ਼ਨਾਖਤ ਗੁਰਸੇਵਕ ਸਿੰਘ (32) ਪੁੱਤਰ ਸਵਿੰਦਰ ਸਿੰਘ ਵਜੋਂ ਹੋਈ ਹੈ| ਇਕੱਤਰ ਜਾਣਕਾਰੀ ਅਨੁਸਾਰ ਨੌਜਵਾਨ ਪਿੰਡ ਵਿੱਚ ਸੀ ਕਿ ਉਸ ’ਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ| ਪਰਿਵਾਰ ਨੇ ਉਸਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਤਰਨ ਤਾਰਨ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ| ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਮਨਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਮੌਕੇ ’ਤੇ ਪਹੁੰਚ ਗਈ| ਗੋਇੰਦਵਾਲ ਸਾਹਿਬ ਦੇ ਡੀਐੱਸਪੀ ਰਵੀਸ਼ੇਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਜਾ ਰਿਹਾ ਹੈ|