ਪਾਤੜਾਂ ’ਚ ਜਬਰ-ਜਨਾਹ ਮਗਰੋਂ ਨਾਬਾਲਗ ਲੜਕੀ ਦੀ ਹੱਤਿਆ
ਪੱਤਰ ਪ੍ਰੇਰਕ
ਪਾਤੜਾਂ, 12 ਜੁਲਾਈ
ਇਥੋਂ ਦੀ ਇੱਕ ਬਸਤੀ ਵਿੱਚ ਬੀਤੀ ਦੇਰ ਰਾਤ 14 ਸਾਲਾ ਲੜਕੀ ਦਾ ਜਬਰ-ਜਨਾਹ ਮਗਰੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਸਬੰਧੀ ਪੁਲੀਸ ਨੇ ਮਾਪਿਆਂ ਦੀ ਸ਼ਿਕਾਇਤ ’ਤੇ ਗੁਆਂਢ ਦੇ ਹੀ ਇੱਕ ਨੌਜਵਾਨ ਖ਼ਿਲਾਫ਼ ਜਬਰ-ਜਨਾਹ ਅਤੇ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਉਧਰ ਰੋਹ ਵਿੱਚ ਆਏ ਇਲਾਕਾ ਵਾਸੀਆਂ ਤੇ ਪੀੜਤ ਪਰਿਵਾਰ ਨੇ ਦਿੱਲੀ-ਸੰਗਰੂਰ ਕੌਮੀ ਮਾਰਗ ’ਤੇ ਆਵਾਜਾਈ ਠੱਪ ਕਰ ਕੇ ਇਨਸਾਫ਼ ਦੀ ਮੰਗ ਲਈ ਧਰਨਾ ਦੇ ਦਿੱਤਾ। ਧਰਨਕਾਰੀ ਬਸਪਾ ਆਗੂ ਸਰਦੀਪ ਗਾਂਗਟ, ਡਾ. ਗੁਰਸੇਵਕ ਸਿੰਘ, ਖੁਸ਼ੀ ਸ਼ੇਰਗੜ੍ਹ, ਮਨਪ੍ਰੀਤ ਸਿੰਘ ਹਾਮਝੇੜੀ, ਸੋਨੀ ਹਰਿਆਊ, ਦੀਪਾ ਚੁਪਕੀ ਅਤੇ ਗੁਰਸੇਵਕ ਸਿੰਘ ਭੂੰਦੜ ਭੈਣੀ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਕਾਰਨ ਧੀਆਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਦੱਸਿਆ ਕਿ ਇੱਕ ਦਰਿੰਦਾ ਸ਼ਰੇਆਮ ਨਾਬਾਲਗ ਲੜਕੀ ਦਾ ਕਤਲ ਕਰਨ ਤੋਂ ਬਾਅਦ ਪਰਿਵਾਰ ਨੂੰ ਫੋਨ ’ਤੇ ਜਾਣਕਾਰੀ ਦੇ ਰਿਹਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਮਾਰ ਕੇ ਉਸ ਨੇ ਸਕੂਲ ਦੇ ਪਿੱਛੇ ਸੁੱਟ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਸਬੂਤਾਂ ਦੇ ਬਾਵਜੂਦ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਰ ਕੇ ਉਨ੍ਹਾਂ ਨੂੰ ਮਜਬੂਰਨ ਧਰਨਾ ਦੇਣਾ ਪਿਆ। ਉਥੇ ਹੀ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਥਾਣਾ ਮੁਖੀ ਪਾਤੜਾਂ ਹਰਮਨਪ੍ਰੀਤ ਸਿੰਘ ਚੀਮਾ ਅਤੇ ਚੌਕੀ ਦੇ ਇੰਚਾਰਜ ਬਲਜੀਤ ਸਿੰਘ ਨੇ ਕਤਲ ਅਤੇ ਜਬਰ-ਜਨਾਹ ਦੀਆਂ ਧਾਰਾਵਾਂ ਤਹਿਤ ਦਰਜ ਕੀਤੇ ਕੇਸ ਦੀ ਐੱਫਆਈਆਰ ਵਾਰਿਸਾਂ ਨੂੰ ਸੌਂਪੀ, ਜਿਸ ਮਗਰੋਂ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਧਰਨਾ ਚੁੱਕਿਆ।
ਡੀਐੱਸਪੀ ਪਾਤੜਾਂ ਗੁਰਦੀਪ ਸਿੰਘ ਦਿਓਲ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8 ਵਜੇ ਮ੍ਰਿਤਕ ਦੇ ਵਾਰਿਸਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੀ ਲੜਕੀ ਪਿਛਲੇ ਕੁਝ ਸਮੇਂ ਤੋਂ ਲਾਪਤਾ ਹੈ। ਸੂਚਨਾ ਮਿਲਣ ’ਤੇ ਪੁਲੀਸ ਨੇ ਭਾਲ ਕੀਤੀ ਤਾਂ ਲੜਕੀ ਦੀ ਲਾਸ਼ ਸਰਕਾਰੀ ਐਲੀਮੈਂਟਰੀ ਸਕੂਲ ਦੀ ਇਮਾਰਤ ਦੇ ਪਿੱਛੇ ਸੁੰਨਸਾਨ ਥਾਂ ’ਤੇ ਪਈ ਮਿਲੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਚਿਹਰੇ ਦੀ ਹਾਲਤ ਬਹੁਤ ਖ਼ਤਰਨਾਕ ਸੀ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ| ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।