ਕਤਲ ਮਾਮਲਾ: ਮ੍ਰਿਤਕ ਦੀ ਪਤਨੀ ਸਣੇ ਤਿੰਨ ਮੁਲਜ਼ਮ ਕਾਬੂ
ਪ੍ਰਭੂ ਦਿਆਲ
ਸਿਰਸਾ, 27 ਨਵੰਬਰ
ਪੁਲੀਸ ਥਾਣਾ ਡਿੰਗ ਦੇ ਪਿੰਡ ਮੌਜੂਖੇੜਾ ’ਚ ਬੀਤੀ 24 ਨਵੰਬਰ ਦੀ ਰਾਤ ਨੂੰ ਹੋਏ ਕਤਲ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ। ਪੁਲੀਸ ਨੇ ਇਸ ਮਾਮਲੇ ’ਚ ਮ੍ਰਿਤਕ ਦੀ ਪਤਨੀ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਵਿਕਾਸ ਕ੍ਰਿਸ਼ਨ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸੂਰਜ ਵਾਸੀ ਡਿੰਗ ਮੰਡੀ, ਗਗਨਦੀਪ ਕੌਰ ਪਤਨੀ ਛਿੰਦਰ ਸਿੰਘ ਵਾਸੀ ਨਰੇਲ ਖੇੜਾ ਅਤੇ ਰਣਬੀਰ ਸਿੰਘ ਪੁੱਤਰ ਸੁਭਾਸ਼ ਚੰਦਰ ਵਾਸੀ ਡਿੰਗ ਮੰਡੀ ਵਜੋਂ ਹੋਈ ਹੈ। ਡੀਐੱਸਪੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੀਆਈਏ ਸਿਰਸਾ ਅਤੇ ਡਿੰਗ ਥਾਣੇ ਦੀ ਸਾਂਝੀ ਪੁਲੀਸ ਟੀਮ ਨੇ ਅਹਿਮ ਸੁਰਾਗ ਜੁਟਾ ਕੇ ਮ੍ਰਿਤਕ ਦੀ ਪਤਨੀ ਸਮੇਤ ਉਪਰੋਕਤ ਤਿੰਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਕਤਲ ਦੇ ਸਬੰਧ ਵਿੱਚ ਬਾਰੀਕੀ ਨਾਲ ਪੁੱਛ-ਪੜਤਾਲ ਕੀਤੀ ਜਾਵੇਗੀ ਅਤੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾਣਗੇ। ਡੀਐੱਸਪੀ ਵਿਕਾਸ ਕ੍ਰਿਸ਼ਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਪੁਲੀਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਛਿੰਦਰ ਸਿੰਘ ਦੇ ਭਰਾ ਗੁਰਦੀਪ ਸਿੰਘ ਵਾਸੀ ਨਰੇਲ ਖੇੜਾ ਦੇ ਬਿਆਨਾਂ ’ਤੇ ਥਾਣਾ ਡਿੰਗ ਵਿੱਚ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਜਿਸ ਮਗਰੋਂ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਐੱਸਪੀ ਵਿਕਾਸ ਕ੍ਰਿਸ਼ਨ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਨੇ ਇੱਕ ਯੋਜਨਾ ਤਹਿਤ ਛਿੰਦਰ ਸਿੰਘ ਵਾਸੀ ਨਰੇਲ ਖੇੜਾ ਦਾ ਪਿੰਡ ਮੌਜੂਖੇੜਾ ਦੇ ਖੇਤਾਂ ਵਿੱਚ ਗਲਾ ਘੁੱਟ ਕੇ ਕਥਿਤ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਪਿੰਡ ਮੌਜੂਖੇੜਾ ਵਿੱਚ ਹਾਈਵੇਅ ’ਤੇ ਸੁੱਟ ਦਿੱਤਾ ਸੀ ਤਾਂ ਜੋ ਇਹ ਇਕ ਸੜਕ ਹਾਦਸਾ ਲੱਗੇ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸੜਕ ਕਿਨਾਰੇ ਇੱਕ ਵਿਅਕਤੀ ਦੀ ਲਾਸ਼ ਪਈ ਹੈ, ਉਕਤ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਵੱਖ-ਵੱਖ ਪੱਖਾਂ ਤੋਂ ਬਾਰੀਕੀ ਨਾਲ ਜਾਂਚ ਕਰਨ ਮਗਰੋਂ ਇਹ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।