ਕਤਲ ਮਾਮਲਾ: ਮਕਾਨ ਮਾਲਕ ਨੇ ਤਿੰਨ ਭੈਣਾਂ ਦੀਆਂ ਲਾਸ਼ਾਂ ਨੂੰ ਦਫ਼ਨਾਇਆ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 4 ਅਕਤੂਬਰ
ਪਿੰਡ ਕਾਹਨਪੁਰ ਵਿੱਚ ਇੱਕ ਪਿਤਾ ਅਤੇ ਮਾਂ ਵੱਲੋਂ ਆਪਣੀਆਂ ਤਿੰਨ ਧੀਆਂ ਨੂੰ ਜ਼ਹਿਰ ਦੇ ਕੇ ਮਾਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਮਗਰੋਂ ਲੈਣ ਵਾਸਤੇ ਜਦੋਂ ਕੋਈ ਨਹੀਂ ਆਇਆ ਤਾਂ ਮਕਾਨ ਮਾਲਕ ਤੇ ਪਿੰਡ ਦੇ ਹੋਰ ਲੋਕਾਂ ਨੇ ਮਿਲ ਕੇ ਇਨ੍ਹਾਂ ਬੱਚੀਆਂ ਅੰਮ੍ਰਿਤਾ ਕੁਮਾਰੀ (9), ਕੰਚਨ ਕੁਮਾਰੀ (7) ਤੇ ਵਾਸੂ (3) ਦੀਆਂ ਲਾਸ਼ਾਂ ਨੂੰ ਦਫਨਾ ਦਿੱਤਾ। ਪੁਲੀਸ ਨੇ ਇਨ੍ਹਾਂ ਬੱਚੀਆਂ ਦੇ ਮਾਤਾ-ਪਿਤਾ ਨੂੰ ਪਹਿਲਾਂ ਹੀ ਹਿਰਾਸਤ ਵਿੱਚ ਲਿਆ ਹੋਇਆ ਹੈ। ਇਨ੍ਹਾਂ ਵਿੱਚ ਬੱਚੀਆਂ ਨੂੰ ਪੁਲੀਸ ਦੀ ਮੌਜੂਦਗੀ ’ਚ ਦਫਨਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਮਾਂ-ਬਾਪ ਨੇ ਦੁੱਧ ’ਚ ਕੀਟਨਾਸ਼ਕ ਮਿਲਾ ਕੇ ਆਪਣੀਆਂ ਇਨ੍ਹਾਂ ਤਿੰਨ ਧੀਆਂ ਨੂੰ ਦਿੱਤੀ ਸੀ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ। ਤਿੰਨਾਂ ਦੇ ਮੂੰਹ ’ਚੋਂ ਝੱਗ ਨਿਕਲਣ ’ਤੇ ਉਨ੍ਹਾਂ ਨੇ ਲਾਸ਼ਾਂ ਨੂੰ ਲੋਹੇ ਦੇ ਟਰੰਕ ’ਚ ਪਾ ਕੇ ਘਰ ਦੇ ਬਾਹਰ ਸੁੱਟ ਦਿੱਤਾ। ਤਿੰਨੇ ਭੈਣਾਂ 1 ਅਕਤੂਬਰ ਐਤਵਾਰ ਰਾਤ 8 ਵਜੇ ਤੋਂ ਲਾਪਤਾ ਸਨ। ਸੋਮਵਾਰ ਸਵੇਰੇ ਲੋਕਾਂ ਨੇ ਤਿੰਨਾਂ ਭੈਣਾਂ ਦੀਆਂ ਲਾਸ਼ਾਂ ਟਰੰਕ ਵਿੱਚ ਦੇਖੀਆਂ ਸਨ।ਪ ੁਲੀਸ ਨੇ ਮੁਲਜ਼ਮ ਪਿਤਾ ਨੂੰ 2 ਅਕਤੂਬਰ ਦੀ ਸਵੇਰ ਨੂੰ ਹਿਰਾਸਤ ਚ ਲੈ ਲਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਗਰੀਬੀ ਤੋਂ ਤੰਗ ਆ ਕੇ ਇਹ ਕਤਲ ਕੀਤੇ ਸਨ। ਮੁਲਜ਼ਮ ਸੁਸ਼ੀਲ ਮੰਡਲ ਨੇ ਹਿਰਾਸਤ ਦੌਰਾਨ ਆਪਣਾ ਗੁਨਾਹ ਕਬੂਲ ਕੀਤਾ ਹੈ। ਉਸ ਨੇ ਦੱਸਿਆ ਕਿ ਬੱਚੀਆਂ ਦੀ ਮੌਤ ਟਰੰਕ ’ਚ ਹੋ ਗਈ। ਏਐਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਸੁਨੀਲ ਮੰਡਲ ਅਤੇ ਉਸ ਦੀ ਪਤਨੀ ਮੰਜੂ ਦੇ 5 ਬੱਚੇ ਹਨ। ਸੁਨੀਲ ਨੇ ਪਹਿਲਾਂ ਕਿਹਾ ਸੀ ਕਿ ਜਦੋਂ ਉਹ ਰਾਤ 8 ਵਜੇ ਘਰ ਪਰਤਿਆ ਤਾਂ ਉਸ ਨੂੰ ਕੁੜੀਆਂ ਨਹੀਂ ਲੱਭੀਆਂ।
ਰਾਤ ਭਰ ਉਸ ਦੀ ਭਾਲ ਕੀਤੀ, ਪਰ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਪੁਲੀਸ ਨੂੰ ਇਸ ਦੀ ਸ਼ਿਕਾਇਤ ਕੀਤੀ।