ਹੱਤਿਆ ਮਾਮਲਾ: ਪਰਿਵਾਰ ਵੱਲੋਂ ਡਰਾਈਵਰ ਦੀ ਲਾਸ਼ ਬੱਸ ਅੱਡੇ ਅੱਗੇ ਰੱਖ ਕੇ ਧਰਨਾ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 14 ਨਵੰਬਰ
ਇੱਥੇ ਕੈਂਟ ਬੱਸ ਅੱਡੇ ’ਤੇ ਦੀਵਾਲੀ ਵਾਲੀ ਰਾਤ ਨੂੰ ਡਿਊਟੀ ਦੇ ਰਹੇ ਸੋਨੀਪਤ ਵਾਸੀ ਡਰਾਈਵਰ ਰਾਜਵੀਰ ਦੀ ਕਾਰ ਸਵਾਰਾਂ ਵੱਲੋਂ ਕੀਤੀ ਹੱਤਿਆ ਦੇ ਮਾਮਲੇ ’ਚ ਪੁਲੀਸ ਦੇ ਹੱਥ ਅਜੇ ਤੱਕ ਖ਼ਾਲੀ ਹਨ। ਕੱਲ੍ਹ ਸ਼ਾਮ ਨੂੰ ਡਰਾਈਵਰ ਰਾਜਵੀਰ ਦੀ ਲਾਸ਼ ਪੋਸਟਮਾਰਟਮ ਹੋ ਗਿਆ ਸੀ ਤੇ ਪਰਿਵਾਰ ਵਾਲੇ ਚੰਡੀਗੜ੍ਹ ਤੋਂ ਲਾਸ਼ ਲੈ ਕੇ ਸਿੱਧੇ ਅੰਬਾਲਾ ਕੈਂਟ ਬੱਸ ਅੱਡੇ ’ਤੇ ਪਹੁੰਚੇ ਅਤੇ ਲਾਸ਼ ਰੱਖ ਕੇ ਧਰਨੇ ਉੱਤੇ ਬੈਠ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਵੀਰ ਦੀ ਮੌਤ ਸਰਕਾਰੀ ਡਿਊਟੀ ’ਤੇ ਹੋਈ ਹੈ ਇਸ ਲਈ ਸਰਕਾਰ ਉਸ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਵੇ। ਸੂਚਨਾ ਮਿਲਦਿਆਂ ਹੀ ਡਿੱਪੂ ਮੈਨੇਜਰ ਅਸ਼ਵਨੀ ਕੁਮਾਰ ਤੇ ਪੜਾਓ ਥਾਣਾ ਇੰਚਾਰਜ ਸਤੀਸ਼ ਕੁਮਾਰ ਪਹੁੰਚੇ ਤੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ।
ਇਸ ਤੋਂ ਬਾਅਦ ਹਰਿਆਣਾ ਰੋਡਵੇਜ਼ ਯੂਨੀਅਨ ਨੇ ਵੀ ਹਮਲਾਵਰਾਂ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਯੂਨੀਅਨ ਮੈਂਬਰ ਪਰਿਵਾਰ ਦੇ ਨਾਲ ਅੰਬਾਲਾ ਕੈਂਟ ਬੱਸ ਸਟੈਂਡ ’ਤੇ ਧਰਨੇ ਉੱਤੇ ਬੈਠ ਗਏ ਹਨ। ਯੂਨੀਅਨ ਦੇ ਅਹੁਦੇਦਾਰ ਮਹਾਵੀਰ ਸਿੰਘ ਪਾਈ ਨੇ ਐਲਾਨ ਕੀਤਾ ਹੈ ਕਿ ਜੇ ਰਾਤ ਦੇ 12 ਵਜੇ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ, ਪੀੜਤਾਂ ਨੂੰ 50 ਲੱਖ ਰੁਪਏ ਮੁਆਵਜ਼ਾ ਅਤੇ ਮ੍ਰਿਤਕ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਨਾ ਦਿੱਤੀ ਗਈ ਤਾਂ ਪੂਰੇ ਹਰਿਆਣਾ ਵਿਚ ਚੱਕਾ ਜਾਮ ਹੋਵੇਗਾ।
ਮ੍ਰਿਤਕ ਡਰਾਈਵਰ ਦੇ ਪਰਿਵਾਰਕ ਮੈਂਬਰ ਧਰਨੇ ’ਤੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਮ੍ਰਿਤਕ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੰਗ ਪੂਰੀ ਹੋਣ ’ਤੇ ਹੀ ਉਹ ਬੱਸ ਸਟੈਂਡ ਤੋਂ ਲਾਸ਼ ਚੁੱਕ ਕੇ ਅੰਤਿਮ ਸਸਕਾਰ ਕਰਨਗੇ। ਇਸ ਦੌਰਾਨ ਅੰਬਾਲਾ ਕੈਂਟ ਬੱਸ ਅੱਡੇ ’ਤੇ ਬੱਸਾਂ ਦੀ ਆਵਾਜਾਈ ਬੰਦ ਹੈ।