ਕਤਲ ਮਾਮਲਾ: ਚਾਰ ਦਿਨਾਂ ਮਗਰੋਂ ਵੀ ਨਾ ਹੋਇਆ ਨੌਜਵਾਨ ਦਾ ਸਸਕਾਰ
ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 12 ਅਕਤੂਬਰ
ਪਿੰਡ ਹਰੀਨੌਂ ਵਿੱਚ ਚਾਰ ਦਿਨ ਪਹਿਲਾਂ ਗੋਲੀਆਂ ਮਾਰ ਕੇ ਕਤਲ ਕੀਤੇ ਨੌਜਵਾਨ ਗੁਰਪ੍ਰੀਤ ਸਿੰਘ ਦਾ ਅੱਜ ਵੀ ਅੰਤਿਮ ਸੰਸਕਾਰ ਨਾ ਹੋ ਸਕਿਆ। ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਸਕਾਰ ਉਦੋਂ ਤੱਕ ਨਹੀਂ ਕਰਨਗੇ, ਜਦੋਂ ਤੱਕ ਪੁਲੀਸ ਉਸ ਦੇ ਕਾਤਲਾਂ ਦਾ ਪਤਾ ਨਹੀਂ ਲਗਾ ਲੈਂਦੀ। ਉਧਰ, ਚਾਰ ਦਿਨਾਂ ਦੀ ਤਫ਼ਤੀਸ਼ ਦੌਰਾਨ ਪੁਲੀਸ ਨੂੰ ਕਾਤਲਾਂ ਦੀ ਕੋਈ ਉੁੱਘ-ਸੁੱਘ ਨਹੀਂ ਮਿਲੀ। ਪਰਿਵਾਰ ਵੱਲੋਂ ਪੁਲੀਸ ਕਾਰਵਾਈ ’ਤੇ ਅਸੰਤੁਸ਼ਟੀ ਪ੍ਰਗਟਾਉਂਦਿਆਂ ਕੇਸ ਦੀ ਤਫ਼ਤੀਸ਼ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਗਈ।
ਜ਼ਿਕਰਯੋਗ ਹੈ ਕਿ ਲੰਘੇ ਬੁੱਧਵਾਰ ਦੀ ਸ਼ਾਮ ਪਿੰਡ ਹਰੀਨੌਂ ਵਿੱਚ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਅਦਾਕਾਰ ਦੀਪ ਸਿੱਧੂ ਦੇ ਸਾਥੀ ਗੁਰਪ੍ਰੀਤ ਸਿੰਘ (36) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕ ਦੇ ਪਿਤਾ ਹਾਕਮ ਸਿੰਘ ਨੇ ਦੱਸਿਆ ਕਿ ਉਹ ਉਦੋਂ ਤੱਕ ਸਸਕਾਰ ਨਹੀਂ ਕਰਨਗੇ, ਜਦ ਤੱਕ ਪੁਲੀਸ ਉਸ ਦੇ ਕਾਤਲਾਂ ਨੂੰ ਨਹੀਂ ਫੜਦੀ। ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੇਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ।
ਫ਼ਰੀਦਕੋਟ ਦੇ ਐੱਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਮੌਕੇ ਤੋਂ ਸੀਸੀਟੀਵੀ ਕੈਮਰਿਆਂ ਵਿੱਚ ਕੁਝ ਤਸਵੀਰਾਂ ਮਿਲੀਆਂ ਹਨ, ਜਿਨ੍ਹਾਂ ਵਿੱਚ ਕੁਝ ਨੌਜਵਾਨ ਮੋਟਰਸਾਈਕਲ ’ਤੇ ਫਰਾਰ ਹੋ ਗਏ ਸਨ। ਪੁਲੀਸ ਨੇ ਇਨ੍ਹਾਂ ਤਸਵੀਰਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਜਾਂ ਮੋਟਰਸਾਈਕਲ ਬਾਰੇ ਜਾਣਕਾਰੀ ਮੰਗੀ ਹੈ।