ਲਾਹੌਰ ਦੇ ਕੰਧ-ਚਿੱਤਰ
ਸੁਭਾਸ਼ ਪਰਿਹਾਰ
ਚਿੱਤਰ ਬਣਾਉਣ ਲਈ ਮਨੁੱਖ ਨੇ ਸਭ ਤੋਂ ਪਹਿਲਾਂ ਕੰਧਾਂ ਨੂੰ ਹੀ ਚੁਣਿਆ ਸੀ ਭਾਵੇਂ ਇਹ ਕੰਧਾਂ ਫਰਾਂਸ ਦੀਆਂ ਲੈਸਕਾਕਸ ਗੁਫ਼ਾਵਾਂ ਦੀਆਂ ਸਨ ਜਾਂ ਮੱਧ ਪ੍ਰਦੇਸ਼ ਵਿਚਲੀਆਂ ਭੀਮ ਬੈਠਕਾਂ ਦੀਆਂ ਗੁਫ਼ਾਵਾਂ ਜਾਂ ਮਹਾਰਾਸ਼ਟਰ ਵਿੱਚ ਅਜੰਤਾ-ਏਲੋਰਾ ਦੀਆਂ ਗੁਫ਼ਾਵਾਂ ਦੀਆਂ ਜਾਂ ਰਾਜ ਮਹਿਲਾਂ ਦੀਆਂ। ਕੰਧ-ਚਿੱਤਰ ਕਿਸੇ ਵੀ ਮਾਧਿਅਮ- ਪਾਣੀ ਦੇ ਰੰਗਾਂ, ਤੇਲ-ਰੰਗਾਂ, ਸੁੱਕੇ ਰੰਗਾਂ ਜਾਂ ਗਲੇਜ਼ਡ ਟਾਈਲਾਂ ਨਾਲ ਸਿਰਜੇ ਹੋ ਸਕਦੇ ਹਨ। ਦੁਨੀਆ ਭਰ ਵਿੱਚ ਚਿੱਤਰ ਬਣਾਉਣ ਲਈ ਕਾਗ਼ਜ਼ ਦੀ ਵਰਤੋਂ ਬਹੁਤ ਬਾਅਦ ’ਚੋਂ ਸ਼ੁਰੂ ਹੁੰਦੀ ਹੈ, ਭਾਰਤ ਵਿੱਚ ਤਾਂ ਤੇਰ੍ਹਵੀਂ ਸਦੀ ਦੇ ਆਸਪਾਸ ਮਤਲਬ ਕਿ ਸਿਰਫ਼ ਸੱਤ ਕੁ ਸੌ ਸਾਲ ਪਹਿਲਾਂ। ਹੱਥ ਨਾਲ ਬਣੇ ਕਾਗ਼ਜ਼ ਦੇ ਆਕਾਰ ਦੀ ਸੀਮਾ ਹੁੰਦੀ ਸੀ। ਛੋਟੇ ਆਕਾਰ ਕਾਰਨ ਇਨ੍ਹਾਂ ’ਤੇ ਬਣਾਈਆਂ ਪੇਂਟਿੰਗਜ਼ ਨੂੰ ‘ਮਿਨੀਏਚਰ ਪੇਂਟਿੰਗਜ਼’ (ਲਘੂ-ਚਿੱਤਰ) ਦਾ ਨਾਂ ਦਿੱਤਾ ਜਾਂਦਾ ਹੈ ਜਦੋਂਕਿ ਕੰਧ ਚਿੱਤਰਾਂ ਲਈ ਆਕਾਰ ਦੀ ਕੋਈ ਸੀਮਾ ਨਹੀਂ ਸੀ। ਦੋਹਾਂ ਵਿਚਕਾਰ ਅੰਤਰ ਇਹ ਸੀ ਕਿ ਜਿੱਥੇ ਕੰਧ-ਚਿੱਤਰ ਆਪਣੀ ਥਾਂ ’ਤੇ ਫਿਕਸਡ ਸਨ, ਇੱਧਰ-ਉੱਧਰ ਨਹੀਂ ਸੀ ਲਿਜਾਏ ਜਾ ਸਕਦੇ ਅਤੇ ਥਾਂ ’ਤੇ ਜਾ ਕੇ ਹੀ ਵੇਖੇ ਜਾ ਸਕਦੇ ਸਨ, ਕਾਗ਼ਜ਼ ’ਤੇ ਬਣੇ ਚਿੱਤਰ ਕਿਤੇ ਵੀ ਲਿਜਾਣ ਵਿੱਚ ਕੋਈ ਮੁਸ਼ਕਿਲ ਨਹੀਂ ਸੀ। ਜਿੱਥੇ ਕੰਧ-ਚਿੱਤਰ ਵੱਡ-ਗਿਣਤੀ ਦਰਸ਼ਕਾਂ ਲਈ ਹੁੰਦੇ ਸਨ, ਮਿਨੀਏਚਰ ਪੇਂਟਿੰਗਜ਼ ਪ੍ਰਾਈਵੇਟ ਸਰਪ੍ਰਸਤਾਂ ਲਈ ਬਣਾਏ ਜਾਂਦੇ ਸਨ। ਕਾਗ਼ਜ਼ ਦੀ ਖੋਜ ਹੋ ਜਾਣ ਦੇ ਬਾਵਜੂਦ ਚਿੱਤਰਾਂ ਲਈ ਕੰਧਾਂ ਦੀ ਵਰਤੋਂ ਅੱਜ ਤੀਕ ਜਾਰੀ ਹੈ। ਇਸ ਲੇਖ ਵਿੱਚ ਅਸੀਂ ਲਾਹੌਰ ਦੇ ਕੰਧ ਚਿੱਤਰਾਂ ਦੇ ਵਿਸ਼ਿਆਂ, ਇਤਿਹਾਸਕ ਮਹੱਤਤਾ, ਤਕਨੀਕਾਂ, ਸ਼ੈਲੀਆਂ ਅਤੇ ਵਿਕਾਸ ਦੇ ਵੱਖ-ਵੱਖ ਪਹਿਲੂਆਂ ਦੀ ਪੜਚੋਲ ਕਰਾਂਗੇ।
ਕਾਲ-ਵੰਡ ਦੇ ਹਿਸਾਬ ਨਾਲ ਲਾਹੌਰ ਦੇ ਕੰਧ-ਚਿੱਤਰਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ: ਮੁਗ਼ਲ-ਕਾਲੀਨ ਅਤੇ ਸਿੱਖ-ਕਾਲੀਨ।
ਮੁਗ਼ਲ-ਕਾਲੀਨ ਕੰਧ ਚਿੱਤਰ
ਲਾਹੌਰ ਦੇ ਮੁਗ਼ਲ-ਕਾਲੀਨ ਕੰਧ-ਚਿੱਤਰਾਂ ਵਿੱਚ ਅਸੀਂ ਜ਼ਿਆਦਾਤਰ ਫੁੱਲ-ਪੱਤਿਆਂ ਦੇ ਜਾਂ ਜਿਊਮੈਟ੍ਰੀਕਲ ਡਿਜ਼ਾਈਨ ਹੀ ਵੇਖਦੇ ਹਾਂ ਕਿਉਂਕਿ, ਜਿਵੇਂ ਅਸੀਂ ਪਹਿਲਾਂ ਦੱਸ ਆਏ ਹਾਂ ਕਿ ਇਸਲਾਮੀ ਕਲਾ ਵਿੱਚ ਮਨੁੱਖੀ ਆਕਾਰ ਜਾਂ ਜੀਅ-ਜੰਤ ਦੇ ਚਿੱਤਰ ਬਣਾਉਣ ਦੀ ਮਨਾਹੀ ਮੰਨੀ ਜਾਂਦੀ ਹੈ ਭਾਵੇਂ ਅਜਿਹਾ ਕੋਈ ਨਿਰਦੇਸ਼ ਕੁਰਆਨ ਸ਼ਰੀਫ਼ ਵਿੱਚ ਨਹੀਂ ਹੈ। ਲਾਹੌਰ ਦੇ ਕਿਲ੍ਹੇ ਦੀਆਂ ਇਮਾਰਤਾਂ ਦੀਆਂ ਕੰਧਾਂ ’ਤੇ ਚਿੱਤਰਾਂ ਦੇ ਸਬੂਤ ਸਮਕਾਲੀ ਯੂਰੋਪੀਅਨ ਸੈਲਾਨੀਆਂ ਦੇ ਵੇਰਵਿਆਂ ਤੋਂ ਮਿਲਦੇ ਹਨ। ਈਸਟ ਇੰਡੀਆ ਕੰਪਨੀ ਦਾ ਵਿਲੀਅਮ ਫਿੰਚ ਲਿਖਦਾ ਹੈ ਕਿ ਲਾਹੌਰ ਕਿਲ੍ਹੇ ਵਿਚਲੇ ਦੀਵਾਨਖਾਨੇ ਦੀ ਕੰਧ ’ਤੇ ਗੱਦੀ ’ਤੇ ਚੌਂਕੜੀ ਮਾਰ ਕੇ ਬੈਠੇ ਬਾਦਸ਼ਾਹ ਦੀ ਤਸਵੀਰ ਹੈ। ਇਸੇ ਕਿਲ੍ਹੇ ਵਿੱਚ ਹੀ ਉਹ ਜੀਸਸ ਕਰਾਈਸਟ ਅਤੇ ਵਰਜਿਨ ਮੈਰੀ ਦੇ ਕੰਧ ਚਿੱਤਰਾਂ ਦਾ ਜ਼ਿਕਰ ਵੀ ਕਰਦਾ ਹੈ। ਹੋਰ ਕਈ ਪੱਛਮੀ ਯਾਤਰੀ ਵੀ ਅਜਿਹੇ ਚਿੱਤਰਾਂ ਦਾ ਵਰਣਨ ਕਰਦੇ ਹਨ। ਚਿੱਤਰਾਂ ਦੇ ਈਸਾਈ ਵਿਸ਼ਿਆਂ ਬਾਰੇ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ। ਦਰਅਸਲ, ਅਕਸਰ ਈਸਾਈ ਯੂਰੋਪੀਅਨ ਯਾਤਰੀ ਆਪਣੇ ਨਾਲ ਆਪਣੇ ਧਰਮ ਨਾਲ ਸਬੰਧਿਤ ਤਸਵੀਰਾਂ ਵੀ ਲਿਆਉਂਦੇ ਸਨ, ਜਿਸ ਕਾਰਨ ਮੁਗ਼ਲ ਚਿੱਤਰਕਲਾ ਵਿੱਚ ਵੀ ਇਹ ਵਿਸ਼ਾ ਆਮ ਹੋ ਗਿਆ ਸੀ। ਕੁਝ ਦਹਾਕੇ ਪਹਿਲੇ ਹੀ ਆਸਟਰਿਆਈ ਕਲਾ ਇਤਿਹਾਸਕਾਰ ਐਬਾ ਕੌਖ ਨੇ ਕਿਲ੍ਹੇ ਦੀ ਇੱਕ ਇਮਾਰਤ ‘ਕਾਲਾ ਬੁਰਜ’ ਜਾਂ ‘ਕਲਾ ਬੁਰਜ’ ਦੀ ਛੱਤ ’ਤੇ ਇਸਾਈ ਬਾਲ ਫਰਿਸ਼ਤਿਆਂ ਦੇ ਕੰਧ ਚਿੱਤਰ ਲੱਭੇ ਹਨ ਜੋ ਪੱਛਮੀ ਯਾਤਰੀਆਂ ਦੇ ਵੇਰਵਿਆਂ ਦੀ ਪੁਸ਼ਟੀ ਕਰਦੇ ਹਨ।
ਲਾਹੌਰ ਦੇ ਕਿਲ੍ਹੇ ਦੇ ਕੰਧ-ਚਿੱਤਰ ਫ਼ਾਰਸੀ ਅਤੇ ਸਵਦੇਸ਼ੀ ਭਾਰਤੀ ਸ਼ੈਲੀਆਂ ਦਾ ਸੁਮੇਲ ਹਨ ਜੋ ਕਿ ਮੁਗ਼ਲ ਦਰਬਾਰ ਨੂੰ ਆਕਾਰ (shape) ਦੇਣ ਵਾਲੇ ਵਿਭਿੰਨ ਸੱਭਿਆਚਾਰਕ ਪ੍ਰਭਾਵਾਂ ਦੇ ਕਾਰਨ ਹੈ। ਫ਼ਾਰਸੀ ਲਘੂ ਚਿੱਤਰਕਾਰੀ, ਇਸਦੇ ਗੁੰਝਲਦਾਰ ਵੇਰਵੇ ਅਤੇ ਜੀਵੰਤ ਰੰਗਾਂ ਦੀ ਵਰਤੋਂ ਨਾਲ, ਮੁਗ਼ਲ ਕੰਧ-ਚਿੱਤਰਾਂ ਦੇ ਵਿਕਾਸ ਵਿੱਚ ਵਿਸ਼ੇਸ਼ ਤੌਰ ’ਤੇ ਪ੍ਰਭਾਵਸ਼ਾਲੀ ਸੀ। ਬਾਅਦ ਵਿੱਚ ਇਸ ਵਿੱਚ ਯੂਰੋਪੀਅਨ ਸ਼ੈਲੀ ਵੀ ਪ੍ਰਵੇਸ਼ ਕਰ ਗਈ।
ਸਿੱਖ-ਕਾਲੀਨ ਕੰਧ ਚਿੱਤਰ
ਲਾਹੌਰ ਵਿੱਚ ਬਚਣ ਵਾਲੇ ਬਹੁਗਿਣਤੀ ਸਿੱਖ ਕੰਧ-ਚਿੱਤਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਤੇ ਇਸ ਤੋਂ ਬਾਅਦ ਦੇ ਹਨ। ਜਿਵੇਂ ਕਿ ਅਸੀਂ ਵੇਖਿਆ ਹੈ ਕਿ ਮੁਗ਼ਲ ਕਾਲ ਦੇ ਕੰਧ-ਚਿੱਤਰ ਕੁਝ ਕੁ ਉਦਾਹਰਣਾਂ ਛੱਡ ਕੇ ਮੁੱਖ ਤੌਰ ’ਤੇ ਸਜਾਵਟੀ ਵੇਲ-ਬੂਟਿਆਂ ਦੇ ਡਿਜ਼ਾਈਨ ਸਨ, ਅਠ੍ਹਾਰਵੀਂ ਸਦੀ ਦੇ ਅੰਤ ਵਿੱਚ ਸਿੱਖ ਸਾਮਰਾਜ ਸਥਾਪਿਤ ਹੋ ਜਾਣ ’ਤੇ ਕੰਧ-ਚਿੱਤਰਾਂ ਦੇ ਵਿਸ਼ਿਆਂ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਵੇਖਣ ਨੂੰ ਮਿਲਦਾ ਹੈ। ਵਿਸ਼ਿਆਂ ਵਿੱਚ ਇੱਕ ਵਾਰ ਫੇਰ ਮਨੁੱਖੀ ਅਤੇ ਜੀਅ-ਜੰਤਾਂ ਦੀਆਂ ਆਕ੍ਰਿਤੀਆਂ ਦਾ ਆਗਮਨ ਹੁੰਦਾ ਹੈ। ਇਹ ਤਸਵੀਰਾਂ ਜ਼ਿਆਦਾਤਰ ਪਹਾੜੀ ਚਿਤੇਰਿਆਂ ਦਾ ਕੰਮ ਹੈ ਜਿਨ੍ਹਾਂ ਨੂੰ ਪਹਾੜੀ ਇਲਾਕਿਆਂ ਵਿੱਚ ਸਰਪ੍ਰਸਤੀ ਦੀ ਘਾਟ ਨੇ ਮੈਦਾਨਾਂ ਵਿੱਚ ਆਪਣੇ ਨਵੇਂ ਗਾਹਕ ਲੱਭਣ ਲਈ ਮਜਬੂਰ ਕਰ ਦਿੱਤਾ ਸੀ। ਵਿਸ਼ੇ ਜ਼ਿਆਦਾਤਰ ਉਹੀ ਰਹੇ ਜੋ ਉਹ ਪਹਾੜੀ ਰਾਜਿਆਂ ਲਈ ਪੇਂਟ ਕਰਦੇ ਸਨ- ਰਾਜਿਆਂ ਦੇ ਪੋਰਟ੍ਰੇਟਸ ਅਤੇ ਹਿੰਦੂ ਪੌਰਾਣਿਕ ਮਿਥਿਹਾਸ ਦੇ ਦ੍ਰਿਸ਼। ਵਿਸ਼ਿਆਂ ਵਿੱਚ ਗੁਰੂ ਸਾਹਿਬਾਨ ਦੇ ਚਿੱਤਰ ਵੀ ਜੁੜ ਗਏ।
ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਕੰਧ-ਚਿੱਤਰ ਸਭ ਤੋਂ ਸੁਰੱਖਿਅਤ ਬਚੇ ਹੋਏ ਹਨ। ਇਸ ਦੇ ਕੰਧ-ਚਿੱਤਰ ਜੋ 24-24 ਤਸਵੀਰਾਂ ਦੇ ਦੋ ਸੈੱਟਾਂ ਦੇ ਰੂਪ ਵਿੱਚ ਹਨ, ਧਾਰਮਿਕ ਅਤੇ ਸਭਿਆਚਾਰਕ ਇਕਸੁਰਤਾ ਦੇ ਸਬੂਤ ਹਨ।
ਚਿੱਤਰਾਂ ਦੇ ਪਹਿਲੇ ਸੈੱਟ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਧਿਆਨ ਸਿੰਘ ਡੋਗਰਾ, ਖੜਕ ਸਿੰਘ, ਨੌਨਿਹਾਲ ਸਿੰਘ ਅਤੇ ਦਸ ਗੁਰੂ ਸਾਹਿਬਾਨ ਦੇ ਚਿੱਤਰ ਹਨ। ਇੱਥੇ ਹੀ ਵਿਸ਼ਣੂ ਦੇ ਦਸ ਅਵਤਾਰਾਂ ਵਿੱਚੋਂ ਮਤਸਯ ਅਵਤਾਰ, ਵਾਰਾਹ ਅਵਤਾਰ, ਕੁਰਮ ਅਵਤਾਰ, ਨਰਸਿੰਹ ਅਵਤਾਰ, ਵਾਮਨ ਅਵਤਾਰ, ਪਰਸ਼ੂਰਾਮ ਅਵਤਾਰ, ਕਲਕੀ ਅਵਤਾਰ, ਰਾਮ ਦਰਬਾਰ, ਕ੍ਰਿਸ਼ਨ ਅਤੇ ਰਾਧਾ, ਸੀਤਾ, ਰਾਮ ਅਤੇ ਲਛਮਣ। ਇਨ੍ਹਾਂ ਮਿਥਿਹਾਸਕ ਅਵਤਾਰਾਂ ਵਿੱਚੋਂ ਦੋ ਅਵਤਾਰ ਰਾਮ ਅਵਤਾਰ ਅਤੇ ਪਰਸ਼ੂਰਾਮ ਅਵਤਾਰ ਇੱਕੋ ਸਮੇਂ ਹੋਏ ਮੰਨੇ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਸ਼ਿਵ ਅਤੇ ਪਾਰਵਤੀ, ਦੁਰਗਾ ਅਤੇ ਹਨੂਮਾਨ, ਗਣੇਸ਼ ਆਦਿ ਦੇ ਚਿੱਤਰ ਵੀ ਸ਼ਾਮਿਲ ਹਨ।
ਦੂਜੇ ਸੈੱਟ ਦੀਆਂ ਤਸਵੀਰਾਂ ਦੇ ਵਿਸ਼ੇ ਹਨ: ਸਮੇਂ ਦੇ ਅਨੰਤ ਜਲ ’ਤੇ ਸ਼ੇਸ਼ਨਾਗ ਉੱਤੇ ਆਰਾਮ ਕਰ ਰਹੇ ਵਿਸ਼ਣੂ, ਦੇਵੀ ਨੂੰ ਮੱਥਾ ਟੇਕਦੇ ਦੇਵਤੇ, ਬੰਸਰੀ-ਬਜੈਯਾ ਕ੍ਰਿਸ਼ਨ, ਚੰਨ ਖਿਡੌਣਾ ਮੰਗਦੇ ਹੋਏ ਬਾਲ ਕ੍ਰਿਸ਼ਨ, ਬੈਕੁੰਠ ਧਾਮ, ਧਰੂ ਭਗਤ, ਵਿਦੁਰ ਦੇ ਘਰ ਕ੍ਰਿਸ਼ਨ, ਮਾਣਮੱਤੀ ਨਾਇਕਾ, ਕ੍ਰਿਸ਼ਨ-ਸੁਦਾਮਾ ਮਿਲਨ, ਰੁਕਮਣੀ ਹਰਣ, ਕ੍ਰਿਸ਼ਨ-ਰਾਧਾ ਘਰ ਮੁੜਦੇ ਹੋਏ, ਬਰਸਾਤ ਦੀ ਸ਼ਾਮ, ਮਹਾਭਾਰਤ ਵਿੱਚੋਂ ਦਰੋਪਦੀ ਚੀਰਹਰਣ, ਜੰਗਲ ਜਾਂਦੇ ਪਾਂਡਵ, ਰਾਕਸ਼ਾਂ ’ਤੇ ਹਮਲਾ ਕਰਦੇ ਰਾਮ, ਸੀਤਾ ਸਵੰਬਰ, ਰਾਮ ਦਰਬਾਰ ਵਿੱਚ ਵਾਲਮੀਕੀ ਆਦਿ।
ਚਿੱਤਰ ਦੇ ਵਿਸ਼ਿਆਂ ’ਤੇ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ ਕਿਉਂਕਿ ਉੱਨ੍ਹੀਵੀਂ ਸਦੀ ਤੀਕ ਹਿੰਦੂ ਅਵਤਾਰਾਂ ਅਤੇ ਸਿੱਖ ਗੁਰੂ ਸਾਹਿਬਾਨ ਵਿਚਕਾਰ ਕੋਈ ਵੰਡੀ ਨਹੀਂ ਸੀ। ਇਸ ਸਮੇਂ ਤੀਕ ਦੀਆਂ ਸਾਰੀਆਂ ਇਮਾਰਤਾਂ ਦੇ ਚਿੱਤਰ ਇਸੇ ਤਰ੍ਹਾਂ ਦੇ ਹਨ।
ਹਿੰਦੂ ਮਿਥਿਹਾਸ ਵਿੱਚੋਂ ਵੀ ਜ਼ਿਆਦਾਤਰ ਵਿਸ਼ਣੂ ਦੇ ਦਸ ਅਵਤਾਰ ਅਤੇ ਭਗਵਤ ਪੁਰਾਣ ਵਿੱਚੋਂ ਲਈਆਂ ਕ੍ਰਿਸ਼ਨ ਲੀਲ੍ਹਾ ਦੀਆਂ ਕਥਾਵਾਂ ਸਨ। ਕ੍ਰਿਸ਼ਨ ਲੀਲ੍ਹਾ ਵਿੱਚੋਂ ਵੀ ਬਹੁਤੇ ਉਸ ਦੇ ਬਚਪਨ ਦੇ ਅਤੇ ਰਾਧਾ ਤੇ ਗੋਪੀਆਂ ਨਾਲ ਰਾਸ ਦੇ ਦ੍ਰਿਸ਼ ਹੁੰਦੇ ਸਨ। ਸਿੱਖ ਵਿਸ਼ਿਆਂ ਵਿੱਚੋਂ ਗੁਰੂ ਸਾਹਿਬਾਨ ਦੇ ਚਿੱਤਰ ਅਤੇ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਪ੍ਰਮੁੱਖ ਦਰਬਾਰੀਆਂ ਦੇ ਚਿੱਤਰ ਸ਼ਾਮਿਲ ਸਨ। ਇਮਾਰਤ ਭਾਵੇਂ ਮੰਦਿਰ ਹੋਵੇ ਭਾਵੇਂ ਗੁਰਦੁਆਰਾ, ਭਾਵੇਂ ਸਮਾਧ, ਚਿੱਤਰਾਂ ਦੇ ਵਿਸ਼ੇ ਉਹੀ ਰਹਿੰਦੇ ਸਨ।
ਲਾਹੌਰ ਵਿੱਚ ਸਿੱਖ ਕਾਲ ਦੇ ਕੰਧ-ਚਿੱਤਰਾਂ ਵਾਲੀਆਂ ਤਿੰਨ ਪ੍ਰਮੁੱਖ ਇਮਾਰਤਾਂ ਹਨ- ਕਿਲ੍ਹਾ, ਨੌਨਿਹਾਲ ਸਿੰਘ ਦੀ ਹਵੇਲੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ।
ਇੱਕ ਹੋਰ ਸਮਝਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਦੇਵੀ-ਦੇਵਤਿਆਂ ਅਤੇ ਗੁਰੂ ਸਾਹਿਬਾਨ ਦੇ ਸਰੂਪ ਪੱਕੇ ਹੋਏ ਨੇ ਜਿਹੜੇ ਅੱਜ ਪ੍ਰਚਲਿੱਤ ਹਨ। ਇਨ੍ਹਾਂ ਕੰਧ ਚਿੱਤਰਾਂ ਵਿੱਚ ਵੀ ਬਾਬਾ ਨਾਨਕ ਨੂੰ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਹੀ ਵਿਖਾਇਆ ਜਾਂਦਾ ਹੈ, ਭਾਵੇਂ ਹੁਣ ਭਾਈ ਬਾਲਾ ਜੀ ਦੀਆਂ ਤਸਵੀਰਾਂ ਘਟ ਗਈਆਂ ਹਨ ਕਿਉਂਕਿ ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਇਸ ਨਾਂ ਦਾ ਕੋਈ ਵਿਅਕਤੀ ਬਾਬਾ ਜੀ ਨਾਲ ਰਿਹਾ ਹੀ ਨਹੀਂ ਸਗੋਂ ਇਹ ਸਿਰਫ਼ ਜਨਮ-ਸਾਥੀਆਂ ’ਤੇ ਆਧਾਰਿਤ ਹੈ।
ਲਾਹੌਰ ਵਿੱਚ ਕੰਧ-ਚਿੱਤਰਾਂ ਲਈ ਵਰਤੀ ਗਈ ਪਰੰਪਰਾਗਤ ਤਕਨੀਕ ਨੂੰ ‘ਫਰੈਸਕੋ’ ਵਜੋਂ ਜਾਣਿਆ ਜਾਂਦਾ ਹੈ ਜਿੱਥੇ ਗਿੱਲੇ ਚੂਨੇ ਦੇ ਪਲਾਸਟਰ ’ਤੇ ਰੰਗ ਅਪਲਾਈ ਕੀਤੇ ਜਾਂਦੇ ਸਨ। ਇਹ ਵਿਧੀ ਇਹ ਯਕੀਨੀ ਬਣਾਉਂਦੀ ਹੈ ਕਿ ਰੰਗ ਕੰਧ ਦੇ ਪਲਸਤਰ ਵਿੱਚ ਲੀਨ ਹੋ ਜਾਂਦੇ ਸਨ ਅਤੇ ਪੇਂਟਿੰਗਾਂ ਨੂੰ ਬਹੁਤ ਜ਼ਿਆਦਾ ਟਿਕਾਊ ਬਣਾਉਂਦੇ ਸਨ। ਰੰਗ ਕੁਦਰਤੀ ਸਰੋਤਾਂ ਜਿਵੇਂ ਕਿ ਖਣਿਜ, ਪੌਦਿਆਂ ਅਤੇ ਕੀੜੇ-ਮਕੌੜਿਆਂ ਤੋਂ ਲਏ ਜਾਂਦੇ ਸਨ। ਉਦਾਹਰਨ ਲਈ ਲੈਪਿਸ ਲਾਜ਼ੁਲੀ ਪੱਥਰ ਦੀ ਵਰਤੋਂ ਡੂੰਘੇ ਨੀਲੇ ਰੰਗ ਬਣਾਉਣ ਲਈ ਕੀਤੀ ਜਾਂਦੀ ਸੀ, ਜਦੋਂਕਿ ਲਾਲ ਰੰਗ ਇੱਕ ਕਿਸਮ ਦੇ ਕੀੜੇ ਤੋਂ ਜਾਂ ਗੇਰੂ ਤੋਂ ਬਣਾਇਆ ਜਾਂਦਾ ਸੀ।
ਕਲਾਕਾਰਾਂ ਵੱਲੋਂ ਪੇਂਟਿੰਗ ਲਈ ਕੰਧਾਂ ਨੂੰ ਤਿਆਰ ਕਰਨ ਲਈ ਸਾਵਧਾਨੀਪੂਰਵਕ ਇੱਕ ਪ੍ਰਕਿਰਿਆ ਦਾ ਪਾਲਣ ਕੀਤਾ ਜਾਂਦਾ ਸੀ। ਇੱਕ ਨਿਰਵਿਘਨ ਆਧਾਰ ਬਣਾਉਣ ਲਈ ਸਤ੍ਵਾ ਨੂੰ ਪਹਿਲਾਂ ਚੂਨੇ ਅਤੇ ਰੇਤ ਦੇ ਮਿਸ਼ਰਣ ਨਾਲ ਲੇਪ ਕੀਤਾ ਜਾਂਦਾ ਸੀ। ਇੱਕ ਵਾਰ ਬੇਸ (base) ਤਿਆਰ ਹੋਣ ਤੋਂ ਬਾਅਦ ਕਲਾਕਾਰ ਚਾਰਕੋਲ ਜਾਂ ਕਿਸੇ ਹੋਰ ਨਰਮ ਸਮੱਗਰੀ ਦੀ ਵਰਤੋਂ ਕਰਕੇ ਡਿਜ਼ਾਈਨ ਸਕੈੱਚ ਕਰਦਾ ਸੀ। ਬਾਅਦ ਵਿੱਚ ਪਾਣੀ ਅਤੇ ਚੂਨੇ ਦੇ ਨਾਲ ਮਿਸ਼ਰਤ ਰੰਗਦਾਰ ਗਿੱਲੀ ਸਤਹਿ ’ਤੇ ਬੁਰਸ਼ ਨਾਲ ਲਾਏ ਜਾਂਦੇ ਸਨ, ਜਿੱਥੇ ਇਹ ਸੁੱਕਦੇ ਹੀ ਪਲਾਸਟਰ ਨਾਲ ਰਸਾਇਣਕ ਤੌਰ ’ਤੇ ਬੰਨ੍ਹੇ ਜਾਂਦੇ ਸਨ। ਜ਼ਿਆਦਾਤਰ ਇਹੋ ਤਕਨੀਕ ਦੁਨੀਆ ਭਰ ਦੇ ਕੰਧ-ਚਿੱਤਰਾਂ ਵਿੱਚ ਵਰਤੀ ਜਾਂਦੀ ਸੀ। ਉਂਜ, ਸੁੱਕੇ ਪਲਸਤਰ ’ਤੇ ਰੰਗਾਂ ਨਾਲ ਤਸਵੀਰਾਂ ਵੀ ਬਣਾਈਆਂ ਜਾਂਦੀਆਂ ਸਨ। ਲਾਹੌਰ ਦੇ ਕੰਧ-ਚਿੱਤਰਾਂ ਦੀ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਦੇ ਬਾਵਜੂਦ ਉਨ੍ਹਾਂ ਵਿੱਚੋਂ ਬਹੁਤ ਸਾਰੇ ਵਾਤਾਵਰਣਕ ਕਾਰਕਾਂ, ਅਣਗਹਿਲੀ ਅਤੇ ਸ਼ਹਿਰੀ ਵਿਕਾਸ ਕਾਰਨ ਖ਼ਤਰੇ ਵਿੱਚ ਹਨ। ਇਤਿਹਾਸਕ ਇਮਾਰਤਾਂ ਵਿਚਲੇ ਫਰੈਸਕੋ ਮੌਸਮ, ਪ੍ਰਦੂਸ਼ਣ ਅਤੇ ਅਣਉਚਿਤ ਬਹਾਲੀ ਦੇ ਯਤਨਾਂ ਤੋਂ ਪੀੜਤ ਹਨ।
ਹਾਲ ਹੀ ਦੇ ਸਾਲਾਂ ਵਿੱਚ ਹਾਲਾਂਕਿ, ਇਨ੍ਹਾਂ ਕਲਾਤਮਕ ਖ਼ਜ਼ਾਨਿਆਂ ਨੂੰ ਸੁਰੱਖਿਅਤ ਰੱਖਣ ਦੀ ਲੋੜ ਪ੍ਰਤੀ ਜਾਗਰੂਕਤਾ ਵਧ ਰਹੀ ਹੈ। ਵਾਲਡ ਸਿਟੀ ਆਫ ਲਾਹੌਰ ਅਥਾਰਿਟੀ (WCLA) ਅਤੇ ਆਗਾ ਖਾਨ ਟਰੱਸਟ ਫਾਰ ਕਲਚਰ ਵਰਗੀਆਂ ਸੰਸਥਾਵਾਂ ਨੇ ਲਾਹੌਰ ਦੇ ਕੰਧ-ਚਿੱਤਰਾਂ ਨੂੰ ਬਹਾਲ ਕਰਨ ਅਤੇ ਸੰਭਾਲਣ ਲਈ ਯਤਨ ਕੀਤੇ ਹਨ। ਇਨ੍ਹਾਂ ਪਹਿਲਕਦਮੀਆਂ ਵਿੱਚ ਨੁਕਸਾਨੇ ਗਏ ਫਰੈਸਕੋ ਨੂੰ ਬਹਾਲ ਕਰਨ ਲਈ ਰਵਾਇਤੀ ਸਮੱਗਰੀ ਅਤੇ ਤਕਨੀਕਾਂ ਦੀ ਵਰਤੋਂ ਕਰਨਾ ਸ਼ਾਮਿਲ ਹੈ, ਨਾਲ ਹੀ ਲਾਹੌਰ ਦੀ ਕਲਾਤਮਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਮਹੱਤਵ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਸ਼ਾਮਿਲ ਹੈ। ਨਿਰੰਤਰ ਸੰਭਾਲ ਦੇ ਯਤਨਾਂ ਅਤੇ ਜਨਤਕ ਕਲਾ ਦੇ ਪ੍ਰਚਾਰ ਦੇ ਜ਼ਰੀਏ, ਲਾਹੌਰ ਦੀਆਂ ਕੰਧਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀਆਂ ਕਹਾਣੀਆਂ ਸੁਣਾਉਂਦੀਆਂ ਰਹਿਣਗੀਆਂ।