ਮੁਰਾਦਪੁਰ ਦੇ ਖੇਤਾਂ ਦੀ ਮੁਰਾਦ ਹੋਈ ਪੂਰੀ
ਜਗਜੀਤ ਸਿੰਘ
ਮੁਕੇਰੀਆਂ, 26 ਮਾਰਚ
ਨਹਿਰੀ ਪਾਣੀ ਦੀ ਤੰਗੀ ਨਾਲ ਜੂਝਦੇ ਪਿੰਡ ਮੁਰਾਦਪੁਰ ਅਵਾਣਾ ਵਾਸੀਆਂ ਦਾ ਮਸਲਾ ਪੰਜਾਬੀ ਟ੍ਰਿਬਿਊਨ ਵੱਲੋਂ ਉਠਾਏ ਜਾਣ ਤੋਂ ਬਾਅਦ ਅਗਲੇ ਦਿਨ ਹੀ ਸ਼ਾਹ ਨਹਿਰ ਰਜਵਾਹੇ ਅਧੀਨ ਆਉਂਦੇ ਖਾਲੇ ਨਹਿਰੀ ਪਾਣੀ ਨਾਲ ਭਰ ਗਏ ਹਨ। ਨਹਿਰ ਵਿੱਚ ਪਾਣੀ ਘੱਟ ਹੋਣ ਕਾਰਨ ਸੱਖਣੇ ਪਏ ਮੋਘਿਆਂ ਵਿੱਚ ਪਾਣੀ ਚੱਲਣ ਕਾਰਨ ਕਿਸਾਨਾਂ ਨੇ ਆਪਣੀਆਂ ਕਣਕ ਤੇ ਹਰੇ-ਚਾਰੇ ਦੀਆਂ ਫ਼ਸਲਾਂ ਸਿੰਜਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਦੱਸਣਯੋਗ ਹੈ ਕਿ 25 ਮਾਰਚ ਨੂੰ ‘ਪੰਜਾਬੀ ਟ੍ਰਿਬਿਊਨ’ ਵੱਲੋਂ ‘ਨਹਿਰੀ ਪਾਣੀ ਨਾ ਮਿਲਣ ਕਾਰਨ ਮੁਰਾਦਪੁਰ ਦੇ ਕਿਸਾਨ ਪ੍ਰੇਸ਼ਾਨ’ ਸਿਰਲੇਖ ਅਧੀਨ ਇਹ ਮਾਮਲਾ ਉਠਾਇਆ ਸੀ। ਇਸ ਦੇ ਚੱਲਦਿਆਂ ਨਹਿਰੀ ਅਧਿਕਾਰੀਆਂ ਨੇ ਅਗਲੇ ਦਿਨ ਹੀ ਲੋੜੀਂਦੀ ਮਾਤਰਾ ਵਿੱਚ ਰਜਵਾਹਿਆਂ ਅੰਦਰ ਪਾਣੀ ਛੱਡ ਦਿੱਤਾ ਹੈ।
ਪਿੰਡ ਮੁਰਾਦਪੁਰ ਅਵਾਣਾ ਦੇ ਸਰਪੰਚ ਮਸਜਿੰਦਰ ਸਿੰਘ, ਸੂਬੇਦਾਰ ਦਲੇਰ ਸਿੰਘ, ਬਲਦੇਵ ਸਿੰਘ, ਕੈਪਟਨ ਮੱਖਣ ਸਿੰਘ, ਦਲਜੀਤ ਸਿੰਘ, ਪੰਚ ਅਵਤਾਰ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਸਲਾਮਤ ਮਸੀਹ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਸਿੰਜਾਈ ਨਹਿਰ ਵਿੱਚ ਪਾਣੀ ਨਾ ਆਉਣ ਕਾਰਨ ਫ਼ਸਲਾਂ ਸੁਕਦੀਆਂ ਜਾ ਰਹੀਆਂ ਸਨ। ਪਾਣੀ ਦੀ ਘਾਟ ਕਾਰਨ ਹਰਾ-ਚਾਰਾ, ਕਣਕ ਦੀ ਪਛੇਤੀ ਫ਼ਸਲ ਅਤੇ ਗੰਨੇ ਦੀ ਬਿਜਾਈ ਪ੍ਰਭਾਵਿਤ ਹੋ ਰਹੀ ਸੀ। ਉਹ ਕਈ ਵਾਰ ਨਹਿਰੀ ਅਧਿਕਾਰੀਆਂ ਕੋਲ ਮਸਲਾ ਉਠਾ ਚੁੱਕੇ ਸਨ, ਪਰ ਕੋਈ ਸੁਣਵਾਈ ਨਾ ਹੋਣ ਕਾਰਨ ਉਹ ਪ੍ਰੇਸ਼ਾਨ ਸਨ। ਉਨ੍ਹਾ ਦੱਸਿਆ ਕਿ ਮਾਮਲਾ ਅਖ਼ਬਾਰ ਵਲੋਂ ਉਠਾਏ ਜਾਣ ਸਦਕਾ ਅਗਲੇ ਦਿਨ ਸਵੇਰੇ ਹੀ ਨਹਿਰ ਵਿੱਚ ਲੋੜੀਂਦੀ ਮਾਤਰਾ ਵਿੱਚ ਪਾਣੀ ਆ ਗਿਆ ਸੀ।
ਨਹਿਰੀ ਵਿਭਾਗ ਦੇ ਐਸਡੀਓ ਸੱਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਇਹ ਮਾਮਲਾ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਉਠਾ ਕੇ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਮੁਹੱਈਆ ਕਰਾਉਣ ਦਾ ਯਤਨ ਕੀਤਾ ਸੀ ਜਿਹੜਾ ਸਫ਼ਲ ਹੋਇਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਹਿਰੀ ਪਾਣੀ ਦੀ ਸਿੰਚਾਈ ਲਈ ਸੁਯੋਗ ਵਰਤੋਂ ਕੀਤੀ ਜਾਵੇ।