ਵੀਹ ਹਜ਼ਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਮੁਨਸ਼ੀ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਅਗਸਤ
ਸ਼ਹਿਰ ਦੇ ਕੂੰਮਕਲਾਂ ਪੁਲੀਸ ਥਾਣੇ ਵਿੱਚ ਤਾਇਨਾਤ ਏਐਸਆਈ ਹਰਦੀਪ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਮੁਨਸ਼ੀ ਨੇ ਭੈਣੀ ਵਾਸੀ ਏਕਤਾ ਤੋਂ ਰਿਸ਼ਵਤ ਲਈ ਸੀ। ਜਿਸ ਦੀ ਸ਼ਿਕਾਇਤ ਉਸ ਨੇ ਹੈਲਪਲਾਈਨ ਨੰਬਰ ’ਤੇ ਕੀਤੀ ਸੀ। ਸ਼ਿਕਾਇਤ ਨਾਲ ਦਿੱਤੀ ਗਈ ਰਿਕਾਰਡਿੰਗ ਦੀ ਜਾਂਚ ਤੋਂ ਬਾਅਦ ਏਐੱਸਆਈ ਨੂੰ ਵਿਜੀਲੈਂਸ ਨੇ ਫੜਿਆ।
ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਸ਼ਿਕਾਇਤਕਰਤਾ ਏਕਤਾ ਨੇ 21 ਜੁਲਾਈ ਨੂੰ ਐਂਟੀ ਭ੍ਰਿਸ਼ਟਾਚਾਰ ਹੈਲਪਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਖਿਲਾਫ਼ ਐਫ਼ਆਈਆਰ ਨੰ. 38 13 ਅਪਰੈਲ ਨੂੰ ਦਰਜ ਕੀਤੀ ਗਈ ਸੀ। ਇਸ ਮਾਮਲੇ ’ਚ ਉਸ ਦਾ ਭਰਾ ਦੀਪਕ ਕੁਮਾਰ ਵੀ ਜ਼ਖਮੀ ਹੋ ਗਿਆ ਸੀ। ਇਸ ਲਈ ਉਸ ਨੇ ਵੀ ਅਵਤਾਰ ਸਿੰਘ ਤੇ ਹੋਰ ਦੇ ਖਿਲਾਫ਼ ਕਰਾਸ ਐਫ਼ਆਈਆਰ ਦਰਜ ਕਰਵਾਈ ਸੀ। ਉਸ ਨੇ ਦੋਸ਼ ਲਾਇਆ ਕਿ ਕਰਾਸ ਕੇਸ ’ਚ ਮੁਲਜ਼ਮ ਪੱਖ ਦੀ ਗ੍ਰਿਫ਼ਤਾਰੀ ਲਈ ਐੱਸਐੱਚਓ ਪਰਮਜੀਤ ਸਿੰਘ ਨੇ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਤੇ ਐੱਮਐੱਚਸੀ ਹਰਦੀਪ ਸਿੰਘ ਨੇ 50 ਹਜ਼ਾਰ ’ਚ ਸੌਦਾ ਤੈਅ ਕੀਤਾ ਸੀ। ਉਸ ਨੇ ਦੋਸ਼ ਲਾਇਆ ਕਿ ਏਐੱਸਆਈ ਰਣਧੀਰ ਸਿੰਘ ਨੇ ਉਸ ਤੋਂ 35 ਹਜ਼ਾਰ ਦੀ ਰਿਸ਼ਵਤ ਮੰਗ ਲਈ ਤੇ ਮੁਨਸ਼ੀ ਹਰਦੀਪ ਸਿੰਘ ਨੇ ਵੀ 20 ਹਜ਼ਾਰ ਰੁਪਏ ਵੱਖ ਤੋਂ ਲਏ। ਉਸ ਨੇ ਹਰਦੀਪ ਸਿੰਘ ਦੇ ਨਾਲ ਇੱਕ ਕਾਲ ਰਿਕਾਰਡਿੰਗ ਵੀ ਸਬੂਤ ਵਜੋਂ ਪੇਸ਼ ਕੀਤੀ। ਐੱਸਐੱਸਪੀ ਨੇ ਕਿਹਾ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੇ ਕਾਲ ਰਿਕਾਰਡਿੰਗ ਤੋਂ ਬਾਅਦ ਲੁਧਿਆਣਾ ਰੇਂਜ ’ਚ ਭ੍ਰਿਸਟਾਚਾਰ ਰੋਕੂ ਦੀ ਧਾਰਾ 7 ਦੇ ਤਹਿਤ ਮੁਨਸ਼ੀ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ’ਤੇ ਲੈ ਲਿਆ ਹੈ।