Municipal Elections: ਨਗਰ ਨਿਗਮ ਅਤੇ ਕੌਂਸਲ ਚੋਣਾਂ ਲਈ ਵੋਟਾਂ ਅੱਜ
* ਅੱਜ ਹੀ ਐਲਾਨੇ ਜਾਣਗੇ ਨਤੀਜੇ
* ਸੁਰੱਖਿਆ ਲਈ ਪੰਜਾਬ ਪੁਲੀਸ ਦੇ 21,500 ਜਵਾਨ ਤਾਇਨਾਤ
ਚਰਨਜੀਤ ਭੁੱਲਰ
ਚੰਡੀਗੜ੍ਹ, 20 ਦਸੰਬਰ
ਪੰਜਾਬ ਵਿੱਚ ਨਗਰ ਨਿਗਮਾਂ ਅਤੇ ਕੌਂਸਲਾਂ/ਪੰਚਾਇਤਾਂ ਦੀਆਂ ਵੋਟਾਂ ਭਲਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੈਣਗੀਆਂ। ਇਨ੍ਹਾਂ ’ਚ 37.32 ਲੱਖ ਵੋਟਰ ਆਪਣੇ ਸਿਆਸੀ ਹੱਕ ਦੀ ਵਰਤੋਂ ਕਰ ਸਕਣਗੇ। ਵੋਟਾਂ ਦਾ ਅਮਲ ਸਵੇਰ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਚਾਰ ਵਜੇ ਤੱਕ ਚੱਲੇਗਾ ਅਤੇ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਵੋਟਾਂ ਈਵੀਐਮ ਜ਼ਰੀਏ ਪੈਣ ਕਰਕੇ ਚੋਣ ਨਤੀਜੇ ਵੀ ਜਲਦ ਆਉਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਪੰਜ ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ/ਨਗਰ ਪੰਚਾਇਤਾਂ ਤੋਂ ਇਲਾਵਾ ਕਰੀਬ ਚਾਰ ਦਰਜਨ ਵਾਰਡਾਂ ਵਿੱਚ ਉਪ ਚੋਣਾਂ ’ਚ ਉੱਤਰੇ 3,336 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੀ ਹੋ ਜਾਵੇਗਾ।
ਨਿਗਮ ਤੇ ਕੌਂਸਲ ਚੋਣਾਂ ਲਈ 23 ਹਜ਼ਾਰ ਅਧਿਕਾਰੀ ਤੇ ਮੁਲਾਜ਼ਮ ਚੋਣ ਅਮਲੇ ਵਜੋਂ ਤਾਇਨਾਤ ਕੀਤੇ ਗਏ ਹਨ। ਚੋਣ ਅਮਲਾ ਅੱਜ ਪੰਜਾਬ ’ਚ ਬਣਾਏ ਕੁੱਲ 1,609 ਪੋਲਿੰਗ ਸਟੇਸ਼ਨਾਂ ’ਤੇ ਸ਼ਾਮ ਹੋਣ ਤੋਂ ਪਹਿਲਾਂ ਪੁੱਜ ਗਿਆ ਹੈ। ਅੱਜ ਰਿਟਰਨਿੰਗ ਅਫ਼ਸਰਾਂ ਤੋਂ ਚੋਣ ਸਮਗਰੀ ਲੈਣ ਮਗਰੋਂ ਚੋਣ ਅਮਲਾ ਪੁਲੀਸ ਪਹਿਰੇ ਹੇਠ ਰਵਾਨਾ ਹੋਇਆ। ਵੋਟਾਂ ਲਈ ਕੁੱਲ 3,809 ਪੋਲਿੰਗ ਬੂਥ ਬਣਾਏ ਗਏ ਹਨ। ਪੰਜਾਬ ਪੁਲੀਸ ਨੇ ਅੱਜ ਪੂਰਾ ਦਿਨ ਇਨ੍ਹਾਂ ਚੋਣਾਂ ਲਈ ਸੁਰੱਖਿਆ ਪ੍ਰਬੰਧਾਂ ਦੀ ਤਾਇਨਾਤੀ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ। ਪੰਜਾਬ ਪੁਲੀਸ ਵੱਲੋਂ ਇਨ੍ਹਾਂ ਵੋਟਾਂ ਲਈ 21,500 ਜਵਾਨ ਅਤੇ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਸਿੰਗਲ ਪੋਲਿੰਗ ਸਟੇਸ਼ਨ ਲਈ 3 ਮੁਲਾਜ਼ਮ ਅਤੇ ਡਬਲ ਪੋਲਿੰਗ ਸਟੇਸ਼ਨ ਲਈ 4 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਤੀਹਰੇ ਪੋਲਿੰਗ ਸਟੇਸ਼ਨ ਲਈ 5 ਮੁਲਾਜ਼ਮ ਅਤੇ ਕੁਆਡ ਪੋਲਿੰਗ ਸਟੇਸ਼ਨ ਲਈ 6 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਰਾਜ ਚੋਣ ਕਮਿਸ਼ਨ ਵੱਲੋਂ 344 ਪੋਲਿੰਗ ਸਥਾਨਾਂ ਦੀ ਪਛਾਣ ਅਤਿ ਸੰਵੇਦਨਸ਼ੀਲ ਅਤੇ 665 ਪੋਲਿੰਗ ਸਥਾਨਾਂ ਦੀ ਪਛਾਣ ਸੰਵੇਦਨਸ਼ੀਲ ਵਜੋਂ ਕੀਤੀ ਗਈ ਹੈ, ਜਿੱਥੇ ਜ਼ਿਆਦਾ ਨਫ਼ਰੀ ਦੀ ਤਾਇਨਾਤੀ ਕੀਤੀ ਗਈ ਹੈ। ਇਨ੍ਹਾਂ ਚੋਣਾਂ ਵਿਚ ਕੁੱਲ 37,32,636 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ, ਜਿਨ੍ਹਾਂ ’ਚ 19,55,888 ਪੁਰਸ਼, 17,76,544 ਮਹਿਲਾਵਾਂ ਅਤੇ 204 ਹੋਰ ਸ਼ਾਮਲ ਹਨ। ਵੱਖ ਵੱਖ ਨਿਗਮਾਂ ਤੇ ਕੌਂਸਲਾਂ ਦੇ ਕਰੀਬ 49 ਵਾਰਡਾਂ ’ਤੇ ਉਪ ਚੋਣ ਹੋ ਰਹੀ ਹੈ। ਨਗਰ ਨਿਗਮ ਅੰਮ੍ਰਿਤਸਰ, ਜਲੰਧਰ ਨਿਗਮ, ਲੁਧਿਆਣਾ ਨਿਗਮ, ਫਗਵਾੜਾ ਅਤੇ ਪਟਿਆਲਾ ਨਿਗਮ ਦੀ ਚੋਣ ਨੂੰ ਸਿਆਸੀ ਧਿਰਾਂ ਨੇ ਪ੍ਰਮੁੱਖਤਾ ਨਾਲ ਲਿਆ ਹੈ। ਲੁਧਿਆਣਾ ਪੁਲੀਸ ਵੱਲੋਂ ਲੰਘੀ ਰਾਤ ਇੱਕ ਸਾਬਕਾ ਭਾਜਪਾ ਕੌਂਸਲਰ ਗੁਰਦੀਪ ਨੀਟੂ ’ਤੇ ਸ਼ਰਾਬ ਵੰਡਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਅੱਜ ਇਸ ਦੇ ਰੋਸ ਵਜੋਂ ਪੁਲੀਸ ਕਮਿਸ਼ਨਰ ਦੇ ਦਫ਼ਤਰ ਬਾਹਰ ਸੰਕੇਤਕ ਤੌਰ ’ਤੇ ਧਰਨਾ ਵੀ ਦਿੱਤਾ।
ਸਰਕਾਰੀ ਦਫ਼ਤਰਾਂ ’ਚ ਛੁੱਟੀ
ਪੰਜਾਬ ਸਰਕਾਰ ਨੇ 21 ਦਸੰਬਰ ਨੂੰ ਚੋਣਾਂ ਵਾਲੇ ਨਗਰ ਨਿਗਮਾਂ ਤੇ ਕੌਂਸਲਾਂ ਦੇ ਅਧਿਕਾਰ ਖੇਤਰਾਂ ਵਿੱਚ ਪੈਂਦੇ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਜਨਤਕ ਛੁੱਟੀ ਐਲਾਨ ਦਿੱਤੀ ਹੈ। ਇਨ੍ਹਾਂ ਨਗਰ ਨਿਗਮਾਂ ਦੇ ਕਿਸੇ ਹੋਰ ਥਾਂ ’ਤੇ ਨੌਕਰੀ ਕਰਨ ਵਾਲੇ ਵੋਟਰਾਂ ਨੂੰ ਨਿਯਮਾਂ ਅਨੁਸਾਰ ਵਿਸ਼ੇਸ਼ ਛੁੱਟੀ ਦਿੱਤੀ ਜਾਵੇਗੀ। ਉਨ੍ਹਾਂ ਸਕੂਲਾਂ ’ਚ ਵੀ ਛੁੱਟੀ ਰਹੇਗੀ ਜਿੱਥੇ ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਬਹੁਤੇ ਥਾਈਂ ਤਿਕੋਣੇ ਮੁਕਾਬਲੇ
ਨਗਰ ਨਿਗਮਾਂ ਵਿਚ ਬਹੁਤੇ ਮੁਕਾਬਲੇ ਤਿਕੋਣੇ ਹਨ, ਜਿਨ੍ਹਾਂ ’ਚ ਪ੍ਰਮੁੱਖ ਟੱਕਰ ‘ਆਪ’, ਭਾਜਪਾ ਅਤੇ ਕਾਂਗਰਸ ਵਿਚਾਲੇ ਹੈ। ਕਈ ਥਾਵਾਂ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਜ਼ਿਕਰ ਹੈ। ਪਟਿਆਲਾ ਵਿਚ ਤਾਂ ਕਰੀਬ 15 ਵਾਰਡਾਂ ਵਿਚ ‘ਆਪ’ ਨਾਲ ਕੋਈ ਮੁਕਾਬਲੇ ’ਚ ਹੀ ਨਹੀਂ ਹੈ। ਵਿਰੋਧੀ ਧਿਰਾਂ ਪੂਰੇ ਵਾਰਡਾਂ ’ਚ ਚੋਣ ਲੜ ਹੀ ਨਹੀਂ ਰਹੀਆਂ।
ਪਟਿਆਲਾ ਅਤੇ ਧਰਮਕੋਟ ਦੇ 15 ਵਾਰਡਾਂ ਦੀ ਚੋਣ ਮੁਲਤਵੀ
ਚੰਡੀਗੜ੍ਹ (ਟਨਸ):
ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਪਟਿਆਲਾ ਅਤੇ ਨਗਰ ਕੌਂਸਲ ਧਰਮਕੋਟ ਦੇ 15 ਵਾਰਡਾਂ ’ਚ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤਹਿਤ ਪਟਿਆਲਾ ਨਿਗਮ ਦੇ ਵਾਰਡ ਨੰਬਰ 1, 32, 33, 36, 41, 48 ਅਤੇ ਵਾਰਡ ਨੰਬਰ 50 ਤੋਂ ਇਲਾਵਾ ਧਰਮਕੋਟ ਨਗਰ ਕੌਂਸਲ ਦੇ ਵਾਰਡ ਨੰਬਰ 1, 2, 3, 4, 9, 10, 11 ਅਤੇ ਵਾਰਡ ਨੰਬਰ 13 ਦੀ ਚੋਣ ਮੁਲਤਵੀ ਕੀਤੀ ਗਈ ਹੈ। ਇਨ੍ਹਾਂ ਵਾਰਡਾਂ ਦੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਨਵੇਂ ਸਿਰਿਓਂ ਜਾਰੀ ਕੀਤਾ ਜਾਵੇਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਅੱਜ ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਤੋਂ ਜਾਣੂ ਕਰਵਾਇਆ। ਭਲਕੇ ਨਿਗਮ ਅਤੇ ਕੌਂਸਲ ਚੋਣਾਂ ਲਈ ਵੋਟਾਂ ਪੈਣੀਆਂ ਹਨ ਪਰ ਹੁਣ ਪਟਿਆਲਾ ਤੇ ਧਰਮਕੋਟ ਦੇ ਇਨ੍ਹਾਂ 15 ਵਾਰਡਾਂ ’ਚ ਚੋਣ ਨਹੀਂ ਹੋਵੇਗੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਹਰਕੇਸ਼ ਮਨੂਜਾ ਨੇ ਚੋਣ ਪ੍ਰਕਿਰਿਆ ਦੌਰਾਨ ਗ਼ਲਤੀ ਕਰਨ ਵਾਲੇ ਪੁਲੀਸ ਅਧਿਕਾਰੀ ਅਤੇ ਮੁਲਾਜ਼ਮਾਂ ਦੀ ਭੂਮਿਕਾ ਦਾ ਵੀ ਸਖ਼ਤ ਨੋਟਿਸ ਲਿਆ। ਐਡਵੋਕੇਟ ਜਨਰਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਗ਼ਲਤੀ ਕਰਨ ਵਾਲੇ ਅਧਿਕਾਰੀਆਂ ਤੋਂ ਇਲਾਵਾ ਹੋਰਾਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਪਟਿਆਲਾ ਨਿਗਮ ਚੋਣ: ਪੰਜਾਬ ਚੋਣ ਕਮਿਸ਼ਨ ਨੂੰ ਨੋਟਿਸ
ਨਵੀਂ ਦਿੱਲੀ:
ਸੁਪਰੀਮ ਕੋਰਟ ਨੇ ‘ਆਪ’ ਵੱਲੋਂ ਪਟਿਆਲਾ ਨਗਰ ਨਿਗਮ ਚੋਣਾਂ ’ਚ ਭਾਜਪਾ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਦਾਖ਼ਲ ਕਰਨ ਤੋਂ ਰੋਕੇ ਜਾਣ ਸਬੰਧੀ ਪਟੀਸ਼ਨਾਂ ’ਤੇ ਅੱਜ ਪੰਜਾਬ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਪੀ ਬੀ ਵਰਾਲੇ ਦੇ ਬੈਂਚ ਨੇ ਆਗਾਮੀ ਚੋਣਾਂ ’ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਹੀ ਦਖਲ ਦੇਣਗੇ। -ਪੀਟੀਆਈ