ਨਗਰ ਕੌਂਸਲ ਨਵਾਂ ਗਾਉਂ ਵੱਲੋਂ ਵਿਕਾਸੀ ਕੰਮਾਂ ਸਬੰਧੀ 11 ਮਤੇ ਪਾਸ
ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 12 ਜੁਲਾਈ
ਨਗਰ ਕੌਂਸਲ ਨਵਾਂ ਗਾਉਂ ਦੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਨੇ ਕੌਂਸਲਰਾਂ ਨਾਲ ਇਲਾਕੇ ਦੇ ਵਿਕਾਸੀ ਕੰਮਾਂ ਨੂੰ ਨੇਪਰੇ ਚਾੜ੍ਹਨ ਸਬੰਧੀ ਮੀਟਿੰਗ ਕੀਤੀ। ਇਸ ਸਬੰਧੀ ਕਾਰਜਸਾਧਕ ਅਫਸਰ ਰਵੀ ਕੁਮਾਰ ਜਿੰਦਲ ਨੇ ਦੱਸਿਆ ਕਿ ਮੀਟਿੰਗ ਦੌਰਾਨ 11 ਮਤੇ ਪਾਸ ਕੀਤੇ ਗਏ, ਜਿਨ੍ਹਾਂ ’ਚ ਮੌਜੂਦਾ ਚੱਲ ਰਹੀ ਦਰਜਾ ਨੰਬਰ ਦੋ ਵਾਲੀ ਕੌਂਸਲ ਨੂੰ ਨੰਬਰ ਇੱਕ ਦਰਜਾ ਦਿਵਾਉਣ, ਹਰੇਕ ਕੌਂਸਲਰ ਦੀ ਤਨਖਾਹ ਪੰਜ ਹਜ਼ਾਰ ਰੁਪਏ ਤੋਂ ਵਧਾ ਕੇ ਘੱਟੋ-ਘੱਟ ਦਸ ਹਜ਼ਾਰ ਰੁਪਏ ਅਤੇ ਪ੍ਰਧਾਨ ਨੂੰ ਦਸ ਹਜ਼ਾਰ ਰੁਪਏ ਤੋਂ ਵਧਾ ਕੇ ਘੱਟੋ-ਘੱਟ ਅਠਾਰਾਂ ਹਜ਼ਾਰ ਰੁਪਏ ਵਾਧਾ ਕਰਨ ਦੀ ਤਜਵੀਜ਼ ਰੱਖੀ ਗਈ। ਸਿੰਗਲ ਯੂਜ਼ ਪਲਾਸਟਿਕ ਨੂੰ ਖਤਮ ਕਰਨ ਲਈ ਕੱਪੜੇ ਦੇ ਬੈਗ ਦੀ ਸਪਲਾਈ ਕਰਨ ਲਈ ਮਸ਼ੀਨ ਲਗਾਉਣ, 37 ਆਊਟਸੋਰਸ ਸਫ਼ਾਈ ਕਰਮਚਾਰੀਆਂ ਨੂੰ ਕੰਟਰੈਕਟ ’ਤੇ ਕਰਨ, ਡੇਂਗੂ ਚਿਕਨਗੁਨੀਆ ਆਦਿ ਬਿਮਾਰੀਆਂ ਦੀ ਰੋਕਥਾਮ ਲਈ ਦਵਾਈਆਂ ਖਰੀਦਣ, ਆਵਾਰਾ ਕੁੱਤਿਆਂ ਦੇ ਕੱਟਣ ਦਾ ਮੁਆਵਜ਼ਾ ਲੈਣ ਸਬੰਧੀ ਪ੍ਰਾਪਤ ਕੀਤੇ ਪੱਤਰ ਸਰਕਾਰ ਦੀ ਨੀਤੀ ਦੇ ਅਨੁਸਾਰ ਮੁਆਵਜ਼ਾ ਦੇਣ ਲਈ ਪ੍ਰਵਾਨ ਕੀਤੇ ਜਾਣਗੇ। ਕੂੜੇ ਕਰਕਟ ਦੀ ਢੋਆ-ਢੁਆਈ ਦਾ ਕੰਮ ਫਰੈਂਡਸ ਐਸੋਸੀਏਸ਼ਨ ਨੂੰ ਦੇਣ, ਸਰਕਾਰ ਦੀਆਂ ਹਦਾਇਤਾਂ ਅਨੁਸਾਰ 60 ਸਾਲ ਤੋਂ ਵਧ ਉਮਰ ਦੇ ਕਰਮਚਾਰੀਆਂ ਨੂੰ ਬਦਲ ਕੇ ਨਵੇਂ ਸਫਾਈ ਸੇਵਕ ਰੱਖਣ, ਲੇਖਾ ਪੜਤਾਲ ਅਤੇ ਨਿਰੀਖਣ ਰਿਪੋਰਟ ਅਤੇ ਜੇਸੀਬੀ ਮਸ਼ੀਨ ਤੇ ਡੰਪਰ ਪਲੇਸਰ ਦੇ ਨਵੇਂ ਟਾਇਰ ਖਰੀਦਣ ਸਬੰਧੀ ਮਤੇ ਪੇਸ਼ ਹੋਏ। ਕਾਰਜਸਾਧਕ ਅਫ਼ਸਰ ਰਵੀ ਜਿੰਦਲ ਅਨੁਸਾਰ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਪਾਣੀ ਵਾਲੇ ਟਿਊਬਵੈੱਲ ਲਗਾੳਣ ਲਈ ਤਿਆਰੀਆਂ ਚੱਲ ਰਹੀਆਂ ਹਨ।