ਨਗਰ ਕੌਂਸਲ ਮੁਕਤਸਰ: ਕੋਰਮ ਪੂਰਾ ਨਾ ਹੋਣ ਕਾਰਨ ਬਜਟ ਬੈਠਕ ਸਿਰੇ ਨਾ ਚੜ੍ਹੀ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 5 ਜੂਨ
ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਸ਼ਮੀ ਤ੍ਰੇਹਰੀਆ ਨੂੰ ਕਾਂਗਰਸੀ ਕੌਂਸਲਰਾਂ ਵੱਲੋਂ ਹੀ ਡੇਗਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਹਾਲ ਦੀ ਘੜੀ ਉਹ ਅਕਾਲੀ ਤੇ ‘ਆਪ’ ਦੇ ਕੌਂਸਲਰਾਂ ਦੀ ‘ਦਿਆ’ ਨਾਲ ਟਿਕੇ ਹੋਏ ਹਨ। ਸੂਤਰਾਂ ਅਨੁਸਾਰ ਕਾਂਗਰਸ ਦੇ 9 ਕੌਂਸਲਰਾਂ ਨੇ ਤਾਂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਦਾ ਹੀ ਐਲਾਨ ਕਰ ਦਿੱਤਾ ਹੈ। ਇਸੇ ਵਿਰੋਧ ਦੇ ਚੱਲਦਿਆਂ ਨਗਰ ਕੌਂਸਲ 31 ਮਾਰਚ ਤੋਂ ਪਹਿਲਾਂ ਪਾਸ ਹੋਣ ਵਾਲਾ ਬਜਟ ਤਿੰਨ ਮਹੀਨੇ ਬਾਅਦ ਵੀ ਪਾਸ ਨਹੀਂ ਕਰ ਸਕੀ। ਅੱਜ ਤਿੰਨ ਬੈਠਕਾਂ ਰੱਖੀਆਂ ਗਈਆਂ ਸਨ ਜਿਨ੍ਹਾਂ ‘ਚੋਂ ਜਨਰਲ ਬੈਠਕ ‘ਚ ਮਤੇ ਪਾਸ ਹੋ ਗਏ ਪਰ ਬਜਟ ਬੈਠਕ ਕੌਂਸਲਰਾਂ ਦੀ ਗੈਰ-ਹਾਜ਼ਰੀ ਕਾਰਨ ਸਿਰੇ ਨਹੀਂ ਚੜ੍ਹ ਸਕੀ।
ਕਾਂਗਰਸੀ ਪ੍ਰਧਾਨ ਸ਼ਮ੍ਹੀ ਤ੍ਰੇਹਰੀਆਂ ਖਿਲਾਫ 3-4 ਮਹੀਨੇ ਤੋਂ ਬਗਾਵਤ ਚੱਲ ਰਹੀ ਹੈ। ਪਹਿਲਾਂ 22 ਮਾਰਚ ਨੂੰ ਪ੍ਰਧਾਨ ਦੇ ਖਿਲਾਫ ਬੇਭਰੋਸੇ ਦਾ ਮਤਾ ਲਿਆਂਦਾ ਗਿਆ ਪਰ ਵਿਰੋਧੀਆਂ ਦੇ ਪਾਟਣ ਕਾਰਨ ਉਹ ਸਫਲ ਨਹੀਂ ਹੋਇਆ। ਹੁਣ ਕਾਂਗਰਸੀ, ਅਕਾਲੀ ਤੇ ‘ਆਪ’ ਦੇ ਕੌਂਸਲਰ ਪਾਟੇ ਹੋਏ ਹਨ। ਇਨ੍ਹਾਂ ਵਿੱਚੋਂ ਕੁਝ ਪ੍ਰਧਾਨ ਦੇ ਨਾਲ ਤੇ ਕੁੱਝ ਵਿਰੋਧ ‘ਚ ਹਨ।
ਇਸ ਦੌਰਾਨ ਕੌਂਸਲ ਦੇ ਕਾਰਜਸਾਧਕ ਅਫਸਰ ਰਜਨੀਸ਼ ਕੁਮਾਰ ਨੇ ਕਿਹਾ ਕਿ ਅੱਜ ਕੌਂਸਲ ਦੀਆਂ ਤਿੰਨ ਬੈਠਕਾਂ ਰੱਖੀਆਂ ਗਈਆਂ ਸਨ ਜਿਸ ਵਿੱਚ ਸਧਾਰਨ ਬੈਠਕ ਦੇ ਮਤੇ ਪਾਸ ਹੋ ਗਏ ਜਦੋਂ ਕਿ ਦੋ ਸਪੈਸ਼ਲ ਬੈਠਕਾਂ ਕੋਰਮ ਪੂਰਾ ਨਾ ਹੋਣ ਕਰਕੇ ਰੱਦ ਹੋ ਗਈਆਂ।
ਬਜਟ ਬੈਠਕ ਸਿਰੇ ਨਾ ਚੜ੍ਹਨ ਕਾਰਨ ਵਿਕਾਸ ਕਾਰਜ ਰੁਕੇ
ਮੁਕਤਸਰ ਨਗਰ ਕੌਂਸਲ ਦੀ ਬਜਟ ਬੈਠਕ ਸਿਰੇ ਨਾਲ ਚੜ੍ਹਨ ਕਰਕੇ ਵਿਕਾਸ ਕਾਰਜ ਰੁਕੇ ਹੋਏ ਹਨ। ਸ਼ਹਿਰ ਦੀਆਂ ਬਹੁਤੀਆਂ ਗਲੀਆਂ ਗੈਸ ਏਜੰਸੀ ਅਤੇ ਜਲ ਸਪਲਾਈ ਵਿਭਾਗ ਨੇ ਪੁੱਟੀਆਂ ਹੋਈਆਂ ਹਨ। ਪਰ ਕੌਂਸਲ ਵੱਲੋਂ ਬਜਟ ਪਾਸ ਨਾ ਹੋਣ ਕਰਕੇ ਕੰਮ ਹੋ ਨਹੀਂ ਹੋ ਰਹੇ।