ਨਗਰ ਕੌਂਸਲ ਦੀ ਮੀਟਿੰਗ: ਨਾਜਾਇਜ਼ ਕਲੋਨੀਆਂ ਤੇ ਪਾਣੀ ਦੇ ਮੁੱਦੇ ਭਖ਼ੇ
ਜਗਮੋਹਨ ਸਿੰਘ
ਰੂਪਨਗਰ, 28 ਨਵੰਬਰ
ਅੱਜ ਇੱਥੇ ਨਗਰ ਕੌਂਸਲ ਦੀ ਹੋਈ ਮੀਟਿੰਗ ਦੌਰਾਨ ਨਾਜਾਇਜ਼ ਕਲੋਨੀਆਂ ਤੇ ਪੀਣ ਵਾਲੇ ਪਾਣੀ ਦੇ ਮੁੱਦੇ ਭਾਰੂ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕੌਂਸਲਰ ਮੋਹਿਤ ਨੇ ਇਤਰਾਜ਼ ਜਤਾਇਆ ਕਿ ਉਨ੍ਹਾਂ ਦੇ ਵਾਰਡ ਵਿੱਚ ਕੌਂਸਲ ਵੱਲੋਂ ਕੋਈ ਕੰਮ ਨਹੀਂ ਕਰਵਾਇਆ ਤੇ ਲੋਕ ਉਨ੍ਹਾਂ ਨੂੰ ਕੋਸ ਰਹੇ ਹਨ। ਕੌਂਸਲਰ ਅਮਰਿੰਦਰ ਸਿੰਘ ਰੀਹਲ ਨੇ ਸ਼ਹਿਰ ਵਿੱਚ ਕੱਟੀਆਂ ਜਾ ਰਹੀਆਂ ਨਾਜਾਇਜ਼ ਕਲੋਨੀਆਂ ਦਾ ਮੁੱਦਾ ਉਠਾਉਂਦਿਆ ਰੋਸ ਜਤਾਇਆ ਕਿ ਨਗਰ ਕੌਂਸਲ ਵੱਲੋਂ ਨਿਯਮਾਂ ਨੂੰ ਦਰ ਕਿਨਾਰਾ ਕਰਕੇ ਇੱਕ ਏਕੜ ਤੋਂ ਵੀ ਘੱਟ ਰਕਬੇ ਵਾਲੇ ਲੋਕਾਂ ਨੂੰ ਕਲੋਨੀਆਂ ਕੱਟਣ ਦੀ ਇਜ਼ਾਜਤ ਦਿੱਤੀ ਜਾ ਰਹੀ ਹੈ, ਜਿਸ ਨਾਲ ਜਿੱਥੇ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਹੈ, ਉੱਥੇ ਹੀ ਨਗਰ ਕੌਂਸਲ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ। ਕੌਂਸਲਰ ਮੋਹਿਤ ਨੇ ਕਿਹਾ ਕਿ ਇਨ੍ਹਾਂ ਕਲੋਨੀਆਂ ਵਿੱਚ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਵੀ ਅਣਹੋਂਦ ਹੈ। ਐੱਸਡੀਓ ਹਰਪ੍ਰੀਤ ਸਿੰਘ ਭਿਓਰਾ ਨੇ ਆਪਣੀ ਸਫ਼ਾਈ ਦਿੰਦਿਆ ਕਿਹਾ ਕਿ ਕੌਂਸਲ ਵੱਲੋਂ ਸਰਕਾਰੀ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਹੀ ਕਲੋਨੀਆਂ ਕੱਟਣ ਦੀ ਇਜ਼ਾਜਤ ਦਿੱਤੀ ਜਾ ਰਹੀ ਹੈ। ਕੌਂਸਲਰ ਅਮਰਜੀਤ ਸਿੰਘ ਜੌਲੀ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਵੰਡ ਵਿੱਚ ਨਗਰ ਕੌਂਸਲ ਵੱਲੋਂ ਪੱਖਪਾਤੀ ਵਤੀਰਾ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰਡਾਂ ਦੇ ਘਰਾਂ ਨੂੰ ਲਗਾਤਾਰ ਪਾਣੀ ਆ ਰਿਹਾ ਹੈ ਅਤੇ ਕਈ ਵਾਰਡਾਂ ਦੇ ਵਸਨੀਕਾਂ ਨੂੰ ਦੋ ਦਿਨਾਂ ਬਾਅਦ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਮੀਟਿੰਗ ਦੌਰਾਨ 50 ਆਊਟਸੋਰਸ ਕਾਮੇ ਭਰਤੀ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ।