ਨਗਰ ਕੌਂਸਲ: ਮੁਲਾਜ਼ਮਾਂ ਨੂੰ ਨੌਕਰੀਓਂ ਕੱਢਣ ਦੇ ਰੋਸ ਵਜੋਂ ਝੰਡਾ ਮਾਰਚ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 28 ਜੂਨ
ਨਗਰ ਕੌਂਸਲ ਰਾਮਪੁਰਾ ਫੂਲ ਦੇ 13 ਮੁਲਾਜ਼ਮਾਂ ਨੂੰ ਬਿਨਾ ਕਿਸੇ ਅਗਾਊਂ ਸੂਚਨਾ ਦਿੱਤਿਆਂ ਕਥਿਤ ਜ਼ੁਬਾਨੀ ਹੁਕਮਾਂ ਨਾਲ ਨੌਕਰੀ ਤੋਂ ਕੱਢਣ ਦਾ ਮਾਮਲਾ ਭਖ ਗਿਆ ਹੈ। ਅੱਜ ਮਿਉਂਸਿਪਲ ਵਰਕਰਾਂ ਵੱਲੋਂ ਹਲਕਾ ਰਾਮਪੁਰਾ ਫੂਲ ਤੋਂ ‘ਆਪ’ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਖਿਲਾਫ ਹਲਕੇ ਦੇ ਭਗਤਾ ਭਾਈ, ਕੋਠਾ ਗੁਰੂ, ਭਾਈ ਰੂਪਾ, ਜਲਾਲ, ਗੁਰੂਸਰ, ਹਮੀਰਗੜ੍ਹ, ਦਿਆਲਪੁਰਾ ਮਿਰਜ਼ਾ, ਹਰਨਾਮ ਸਿੰਘ ਵਾਲਾ, ਬੁਰਜ ਗਿੱਲ, ਸੇਲਬਰਾਹ, ਸਿਧਾਣਾ, ਕਾਲੋਕੇ ਆਦਿ ਪਿੰਡਾਂ ‘ਚ ਝੰਡਾ ਮਾਰਚ ਕੀਤਾ ਗਿਆ। ਝੰਡਾ ਮਾਰਚ ਦੌਰਾਨ ਮਿਉਂਸਿਪਲ ਵਰਕਰਾਂ ਨੇ ਸਰਕਾਰ ਅਤੇ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕੱਢੇ ਗਏ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ‘ਤੇ ਬਹਾਲ ਕਰਨ ਦੀ ਮੰਗ ਕੀਤੀ। ਝੰਡਾ ਮਾਰਚ ਦੌਰਾਨ ਬੀਕੇਯੂ (ਉਗਰਾਹਾਂ), ਬੀਕੇਯੂ (ਕ੍ਰਾਂਤੀਕਾਰੀ), ਬੀਕੇਯੂ ਏਕਤਾ (ਸਿੱਧੂਪੁਰ), ਮਜ਼ਦੂਰ ਮੁਕਤੀ ਮੋਰਚਾ, ਜਮੂਹਰੀ ਕਿਸਾਨ ਸਭਾ ਆਦਿ ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਭਾਗ ਲੈਂਦਿਆਂ ਮਿਉਂਸਿਪਲ ਵਰਕਰਾਂ ਦੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ। ਪੰਜਾਬ ਰਿਟਾਇਰਡ ਮਿਉਂਸਿਪਲ ਵਰਕਰਜ਼ ਯੂਨੀਅਨ ਦੇ ਚੇਅਰਮੈਨ ਜਨਕ ਰਾਜ ਮਾਨਸਾ, ਜਗਦੇਵ ਸਿੰਘ ਸੱਪਲ, ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ, ਸੁਖਦੇਵ ਸਿੰਘ ਜਵੰਦਾ, ਗੁਲਜ਼ਾਰ ਸਿੰਘ ਬਦਿਆਲਾ ਆਦਿ ਨੇ ਦੋਸ਼ ਲਗਾਇਆ ਕਿ ਪੂਰਾ ਇੱਕ ਮਹੀਨਾ ਦਫਤਰ ਨਗਰ ਕੌਂਸਲ ਰਾਮਪੁਰਾ ਫੂਲ ਅੱਗੇ ਧਰਨਾ ਦੇਣ ‘ਤੇ ਵੀ ਪ੍ਰਸ਼ਾਸਨ ਕੋਈ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੀੜਤ ਵਰਕਰਾਂ ਨੂੰ ਇਨਸਾਫ ਦਿਵਾਉਣ ਲਈ 5 ਜੁਲਾਈ ਨੂੰ ਦਫਤਰ ਨਗਰ ਕੌਂਸਲ ਰਾਮਪੁਰਾ ਫੂਲ ਤੋਂ ਇੱਕਠੇ ਹੋ ਕੇ ਐੱਸਡੀਐੱਮ ਦਫ਼ਤਰ ਫੂਲ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।