ਨਗਰ ਨਿਗਮ ਦਾ ‘ਜ਼ੀਰੋ ਵੇਸਟ’ ਤੀਜ ਦਾ ਮੇਲਾ ਸ਼ੁਰੂ
ਮੁਕੇਸ਼ ਕੁਮਾਰ
ਚੰਡੀਗੜ੍ਹ, 10 ਅਗਸਤ
ਚੰਡੀਗੜ੍ਹ ਨਗਰ ਨਿਗਮ ਦਾ ਦੋ ਰੋਜ਼ਾ ‘ਜ਼ੀਰੋ ਵੇਸਟ’ ਤੀਜ ਮੇਲਾ ਅੱਜ ਇੱਥੇ ਸੈਕਟਰ-46 ਸੀ ਸਥਿਤ ਗਾਰਡਨ ਆਫ ਸ਼੍ਰੱਬਜ਼ ਵਿੱਚ ਸ਼ੁਰੂ ਹੋ ਗਿਆ। ਇਸ ਮੇਲੇ ਦਾ ਉਦਘਾਟਨ ਮੇਅਰ ਕੁਲਦੀਪ ਕੁਮਾਰ ਨੇ ਕੀਤਾ। ‘ਹਰ ਘਰ ਤਿਰੰਗਾ: ਮੇਰਾ ਦੇਸ਼, ਮੇਰਾ ਮਾਣ’ ਥੀਮ ਨੂੰ ਸਮਰਪਿਤ ਦੋ-ਰੋਜ਼ਾ ਮੇਲੇ ਵਿੱਚ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਵੱਲੋਂ ਪੰਜਾਬੀ, ਹਰਿਆਣਵੀ, ਰਾਜਸਥਾਨੀ ਲੋਕ ਨਾਚ, ਗੀਤ, ਗਿੱਧੇ ਅਤੇ ਭੰਗੜੇ ਅਤੇ ਤੀਆਂ ਦੇ ਗੀਤ ਪੇਸ਼ ਕੀਤੇ ਗਏ। ਮੇਲੇ ਵਿੱਚ ਮੌਜੂਦ ਦਰਸ਼ਕ ਢੋਲ ਦੀ ਥਾਪ ਅਤੇ ਪੰਜਾਬੀ ਗੀਤਾਂ ’ਤੇ ਨੱਚਦੇ ਦੇਖੇ ਗਏ।
ਮੇਅਰ ਕੁਲਦੀਪ ਕੁਮਾਰ ਨੇ ਲੋਕਾਂ, ਖ਼ਾਸ ਕਰ ਕੇ ਨੌਜਵਾਨ ਪੀੜ੍ਹੀ ਵਿੱਚ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਤੀਜ ਦੀ ਸਮਾਜਿਕ, ਧਾਰਮਿਕ ਅਤੇ ਇਤਿਹਾਸਕ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਦੋ-ਰੋਜ਼ਾ ਮੇਲੇ ਨੂੰ ਜ਼ੀਰੋ-ਵੇਸਟ ਈਵੈਂਟ ਬਣਾਉਣ ਲਈ ਨਗਰ ਨਿਗਮ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਸਫ਼ਾਈ ਅਤੇ ਸਵੱਛਤਾ ਨੂੰ ਬਰਕਰਾਰ ਰੱਖਦੇ ਹੋਏ ਇਸ ਸਾਲ ਦੇ ਜਸ਼ਨ ਨੂੰ ਯਾਦਗਾਰੀ ਬਣਾਉਣ ਲਈ ਸਮੁੱਚੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਨਗਰ ਨਿਗਮ ਦੀਆਂ ਵੱਖ-ਵੱਖ ਸੇਵਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਫਾਇਰ ਅਤੇ ਐਮਰਜੈਂਸੀ ਸੇਵਾਵਾਂ, ਸਫ਼ਾਈ ਮਿੱਤਰ, ਸਵੱਛ ਭਾਰਤ ਮਿਸ਼ਨ, ਸੀਐਂਡਡੀ ਵੇਸਟ, ਰੀਸਾਈਕਲ ਉਤਪਾਦ, ਬਾਗ਼ਬਾਨੀ ਵੇਸਟ ਉਤਪਾਦ, ਹੋਮ ਕੰਪੋਸਟਿੰਗ, ਫਲੋਰਲ ਵੇਸਟ, ਸਫ਼ਾਈ ਮਿੱਤਰਾ, ਸੇਂਟ ਉਪਕਰਨ ਅਤੇ ਅੱਗ ਬੁਝਾਊ ਸੇਵਾਵਾਂ ਸ਼ਾਮਲ ਹਨ। ਇੱਥੇ ਵਾਜ਼ਬ ਕੀਮਤ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਦੀ ਪੇਸ਼ਕਸ਼ ਕਰਦੇ ਹੋਏ ਵਾਤਾਵਰਨ-ਅਨੁਕੂਲ ‘ਜ਼ੀਰੋ ਵੇਸਟ ਰਸੋਈ’ ਫੂਡ ਕੋਰਟ ਦਾ ਵੀ ਪ੍ਰਬੰਧ ਕੀਤਾ ਗਿਆ। ਮੇਲੇ ਵਿੱਚ ਪਲਾਸਟਿਕ ਵਸਤੂਆਂ ਦੀ ਵਰਤੋਂ ’ਤੇ ਸਖ਼ਤੀ ਨਾਲ ਪਾਬੰਦੀ ਲਗਾਈ ਗਈ ਸੀ ਅਤੇ ਬਾਇਓਡੀਗ੍ਰੇਡੇਬਲ ਅਤੇ ਰੀਸਾਈਕਲ ਕੀਤੇ ਜਾਣ ਵਾਲੇ ਉਤਪਾਦਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ।
ਮੇਲੇ ਵਿੱਚ ਊਠ ਦੀ ਸਵਾਰੀ, ਗੱਡੇ ਦੀ ਸਵਾਰੀ, ਢੋਲੀ, ਮਦਾਰੀ, ਬਹਿਰੂਪੀਆ, ਬੀਨ ਜੋਗੀ, ਨਚਾਰ, ਨਗਾਰਾ, ਚਰਖੇ, ਮੰਜੀਰੇ, ਤੂੰਬੇ, ਜਮੂਰਾ ਸ਼ੋਅ, ਕਠਪੁਤਲੀ ਸ਼ੋਅ, ਫੈਸ਼ਨਸ਼ੋਅ, ਮਠਿਆਈਆਂ ਅਤੇ ਲੱਸੀ ਦੇ ਵੱਖ-ਵੱਖ ਸਟਾਲ ਖਿੱਚ ਦਾ ਕੇਂਦਰ ਬਣੇ ਹੋਏ ਸਨ। ਸੱਭਿਆਚਾਰਕ ਸ਼ਾਮ ਵਿੱਚ ਗਾਇਕ ਮਾਸਟਰ ਸਲੀਮ ਨੇ ਵੱਖ-ਵੱਖ ਪੰਜਾਬੀ ਗੀਤਾਂ ਨਾਲ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਭਲਕੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੱਲੋਂ ਸੱਭਿਆਚਾਰਕ ਸ਼ਾਮ ਕਰਵਾਈ ਜਾਵੇਗੀ।
ਅੱਜ ਇਸ ਮੇਲੇ ਦੇ ਉਦਘਾਟਨ ਦੇ ਮੌਕੇ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ, ਹਰਦੀਪ ਸਿੰਘ ਬੁਟੇਰਲਾ, ਦਮਨਪ੍ਰੀਤ ਸਿੰਘ ਬਾਦਲ, ਪ੍ਰੇਮ ਲਤਾ, ਅੰਜੂ ਕਤਿਆਲ ਸਣੇ ਨਗਰ ਨਿਗਮ ਅਧਿਕਾਰੀ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।