ਨਗਰ ਨਿਗਮ ਚਾਰ ਨਵੇਂ ਟੈਕਸ ਲਾਉਣ ਦੀ ਤਿਆਰੀ ’ਚ
ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਗਸਤ
ਕਰੋਨਾ ਮਹਾਮਾਰੀ ਕਾਰਨ ਪਹਿਲਾਂ ਹੀ ਆਰਥਿਕ ਸੰਕਟ ਝੱਲ ਰਹੇ ਲੋਕਾਂ ’ਤੇ ਭਾਜਪਾ ਦੀ ਸੱਤਾ ਵਾਲੇ ਦਿੱਲੀ ਨਗਰ ਨਿਗਮ ਦੇ ਤਿੰਨੋਂ ਜ਼ੋਨਾਂ ਵੱਲੋਂ ਦਿੱਲੀ ਵਾਸੀਆਂ ਉਪਰ 4 ਕਿਸਮਾਂ ਦੇ ਨਵੇਂ ਕਰ ਲਾਉਣ ਦੀ ਤਿਆਰੀ ਕੀਤੀ ਗਈ ਹੈ। ਇਸ ਦੀ ਸੂਚਨਾ ਮਿਲਦੇ ਹੀ ਨਿਗਮਾਂ ਵਿੱਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਹੱਲਾ ਬੋਲਦਿਆਂ ਕਿਹਾ ਕਿ ਇਹ ਨਵੇਂ ਕਰ ਲਾ ਕੇ ਭਾਜਪਾ ਵੱਲੋਂ ਦਿੱਲੀ ਵਾਸੀਆਂ ਨਾਲ ਧੋਖਾ ਕੀਤਾ ਗਿਆ ਹੈ।ਉੱਤਰੀ ਦਿੱਲੀ ਨਗਰ ਨਿਗਮ, ਪੂਰਬੀ ਦਿੱਲੀ ਨਗਰ ਨਿਗਮ ਤੇ ਦੱਖਣੀ ਦਿੱਲੀ ਨਗਰ ਨਿਗਮ ਦੀ ਵਿੱਤੀ ਹਾਲਤ ਖਰਾਬ ਹੋਣ ਕਰ ਕੇ ਉਪਰੋਕਤ 4 ਕਿਸਮ ਦੇ ਕਰ ਲੋਕਾਂ ਉਪਰ ਲੱਦਣ ਦੀ ਭਾਜਪਾ ਦੀ ਤਿਆਰੀ ਹੈ। ਨਿਗਮਾਂ ਕੋਲ ਮੁਲਾਜ਼ਮਾਂ ਲਈ ਤਨਖ਼ਾਹਾਂ ਲਈ ਪੈਸੇ ਨਹੀਂ ਹਨ ਤੇ ਕਰੋਨਾ ਕਾਲ ਦੌਰਾਨ ਵੀ ਨਿਗਮਾਂ ਦੇ ਵਿੱਤੀ ਸੋਮੇ ਸੁੰਗੜੇ ਹਨ। ਨਵੇਂ ਕਰ ਪੇਸ਼ੇਵਰਾਨਾ ਕਰ, ਬਿਜਲੀ ਕਰ, ਹਾਊਸ ਟੈਕਸ ਤੇ ਜਾਇਦਾਦ ਤਬਦੀਲੀ ਕਰ ਹੈ।
‘ਆਪ’ ਆਗੂ ਦੁਰਗੇਸ਼ ਪਾਠਕ ਨੇ ਕਿਹਾ ਕਿ ਦਿੱਲੀ ਨਗਰ ਨਿਗਮਾਂ ਵੱਲੋਂ 4 ਨਵੇਂ ਕਰ ਲਾਏ ਜਾ ਰਹੇ ਹਨ, ਜੋ ਦਿੱਲੀ ਵਾਸੀਆਂ ਨਾਲ ਧੋਖਾ ਹੈ। ਜੇਕਰ ਬਿੱਲ ਵਾਪਸ ਨਾ ਲਿਆ ਗਿਆ ਤਾਂ ‘ਆਪ’ ਅੰਦੋਲਨ ਕਰੇਗੀ। ਉਨ੍ਹਾਂ ਕਿਹਾ ਕਿ 2017 ਦੀਆਂ ਨਿਗਮ ਚੋਣਾਂ ਦੌਰਾਨ ਭਾਜਪਾ ਦੇ ਤਤਕਾਲੀ ਪ੍ਰਧਾਨ ਤੇ ਲੋਕ ਸਭਾ ਮੈਂਬਰ ਮਨੋਜ ਤਿਵਾੜੀ ਨੇ ਦਿੱਲੀ ਦੀ ਜਨਤਾ ਨਾਲ ਦੋ ਵਾਅਦੇ ਕੀਤੇ ਸਨ ਪਹਿਲਾ ਭ੍ਰਿਸ਼ਟਾਚਾਰ ਖਤਮ ਕਰਨਾ ਤੇ ਦੂਜਾ ਭਾਜਪਾ ਵੱਲੋਂ ਦਿੱਲੀ ਦੀ ਜਨਤਾ ਉਪਰ ਕੋਈ ਵੀ ਨਵਾਂ ਕਰ ਨਾ ਲਾਉਣਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਭਾਜਪਾ ਦੋਨਾਂ ਵਾਅਦਿਆਂ ਤੋਂ ਫਿਰ ਗਈ ਹੈ।