ਕੋਚਿੰਗ ਸੈਂਟਰਾਂ ਖ਼ਿਲਾਫ਼ ਨਗਰ ਨਿਗਮ ਸਖ਼ਤ
ਮੁਕੇਸ਼ ਕੁਮਾਰ
ਚੰਡੀਗੜ੍ਹ, 27 ਸਤੰਬਰ
ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਚੱਲ ਰਹੇ ਕੋਚਿੰਗ ਸੈਂਟਰਾਂ ’ਤੇ ਫਾਇਰ ਸੇਫਟੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਨੇ ਸ਼ਹਿਰ ਦੇ 74 ਕੋਚਿੰਗ ਸੈਂਟਰਾਂ ਨੂੰ ਫਾਇਰ ਸੇਫਟੀ ਮਾਪਦੰਡਾਂ ਦੀ ਉਲੰਘਣਾ ਕਰਨ ’ਤੇ ਸੀਲ ਕਰਨ ਦੇ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਕੇਂਦਰਾਂ ਨੇ ਆਪਣੀਆਂ ਇਮਾਰਤਾਂ ਵਿੱਚ ਲਾਜ਼ਮੀ ਅੱਗ ਸੁਰੱਖਿਆ ਉਪਕਰਨ ਨਹੀਂ ਲਗਾਏ ਹਨ, ਜੋ ਕਿ ਗੰਭੀਰ ਖ਼ਤਰੇ ਦੀ ਨਿਸ਼ਾਨੀ ਹੈ। ਨਗਰ ਨਿਗਮ ਨੇ ਇਨ੍ਹਾਂ ਕੋਚਿੰਗ ਸੈਂਟਰਾਂ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਹੈ, ਜਿਸ ਦੇ ਅੰਦਰ ਉਨ੍ਹਾਂ ਨੂੰ ਫਾਇਰ ਸੇਫਟੀ ਦੇ ਸਾਰੇ ਯੰਤਰ ਲਗਾਉਣੇ ਪੈਣਗੇ। ਅਜਿਹਾ ਨਾ ਕਰਨ ’ਤੇ ਇਮਾਰਤਾਂ ਨੂੰ ਸੀਲ ਕੀਤਾ ਜਾਵੇਗਾ। ਨਗਰ ਨਿਗਮ ਨੇ ਇਹ ਸਖ਼ਤ ਕਦਮ ਦਿੱਲੀ ਦੇ ਇੱਕ ਕੋਚਿੰਗ ਸੈਂਟਰ ਵਿੱਚ ਹਾਲ ਹੀ ਵਿੱਚ ਲੱਗੀ ਅੱਗ ਤੋਂ ਬਾਅਦ ਚੁੱਕਿਆ ਹੈ, ਜਿਸ ਵਿੱਚ ਕਈ ਵਿਦਿਆਰਥੀਆਂ ਦੀ ਜਾਨ ਚਲੀ ਗਈ ਸੀ। ਇਸ ਹਾਦਸੇ ਨੇ ਦੇਸ਼ ਭਰ ਦੇ ਕੋਚਿੰਗ ਸੈਂਟਰਾਂ ਦੇ ਫਾਇਰ ਸੇਫਟੀ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਸਨ। ਇਸ ਘਟਨਾ ਨੂੰ ਧਿਆਨ ’ਚ ਰੱਖਦਿਆਂ ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਦੇ ਸਾਰੇ ਕੋਚਿੰਗ ਸੈਂਟਰਾਂ ਦੀ ਜਾਂਚ ਕੀਤੀ, ਜਿਸ ’ਚ ਫਾਇਰ ਸੇਫਟੀ ਦੇ ਮਾਪਦੰਡਾਂ ਦੀ ਪਾਲਣਾ ਨਾ ਕਰਨ ’ਤੇ 74 ਸੈਂਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ। ਨਿਗਮ ਵੱਲੋਂ ਕੀਤੀ ਗਈ ਜਾਂਚ ਦੌਰਾਨ ਪਾਇਆ ਗਿਆ ਕਿ 74 ਕੋਚਿੰਗ ਸੈਂਟਰਾਂ ਵਿੱਚੋਂ 29 ਸੈਕਟਰ-32 ਦੇ ਫਾਇਰ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ। ਫਾਇਰ ਸਟੇਸ਼ਨ ਦੇ ਨਿਰੀਖਣ ਦੌਰਾਨ ਪਾਇਆ ਗਿਆ ਕਿ ਇਨ੍ਹਾਂ ਕੇਂਦਰਾਂ ਵਿੱਚ ਜ਼ਰੂਰੀ ਫਾਇਰ ਸੇਫਟੀ ਉਪਕਰਨਾਂ ਦੀ ਘਾਟ ਹੈ, ਜਿਸ ਕਾਰਨ ਭਵਿੱਖ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਹੋਰ ਫਾਇਰ ਸਟੇਸ਼ਨਾਂ ਦੇ ਅਧੀਨ ਕੋਚਿੰਗ ਸੈਂਟਰਾਂ ਦਾ ਵੀ ਨਿਰੀਖਣ ਕੀਤਾ ਗਿਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੂਰੇ ਸ਼ਹਿਰ ਵਿੱਚ ਅੱਗ ਸੁਰੱਖਿਆ ਦੇ ਮਾਪਦੰਡਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਨਗਰ ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਕੋਚਿੰਗ ਸੈਂਟਰਾਂ ਵਿੱਚ ਫਾਇਰ ਸੇਫਟੀ ਉਪਕਰਨਾਂ ਦੀ ਅਣਹੋਂਦ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੀ ਜ਼ਿੰਦਗੀ ਨੂੰ ਗੰਭੀਰ ਖ਼ਤਰਾ ਹੈ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਸ਼ਹਿਰ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਅੱਗ ਸੁਰੱਖਿਆ ਉਪਾਵਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੈ। ਸਾਰੇ ਕੋਚਿੰਗ ਸੈਂਟਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਜ਼ਰੂਰੀ ਸੁਰੱਖਿਆ ਉਪਕਰਨ ਸਥਾਪਤ ਕਰਨ। ਸ਼ਹਿਰ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਪਹਿਲ ਦਿੰਦਿਆਂ ਨਗਰ ਨਿਗਮ ਨੇ ਆਸ ਪ੍ਰਗਟਾਈ ਹੈ ਕਿ ਕੋਚਿੰਗ ਸੈਂਟਰ ਦੇ ਸੰਚਾਲਕ ਇਸ ਦਿਸ਼ਾ ਵਿੱਚ ਜਲਦੀ ਹੀ ਠੋਸ ਕਦਮ ਚੁੱਕਣਗੇ।