For the best experience, open
https://m.punjabitribuneonline.com
on your mobile browser.
Advertisement

ਨਗਰ ਨਿਗਮ ਵੱਲੋਂ ਪਹਿਲੇ ਦਿਨ 57 ਡਿਫਾਲਟਰਾਂ ਨੂੰ ਨੋਟਿਸ

07:58 AM Apr 16, 2024 IST
ਨਗਰ ਨਿਗਮ ਵੱਲੋਂ ਪਹਿਲੇ ਦਿਨ 57 ਡਿਫਾਲਟਰਾਂ ਨੂੰ ਨੋਟਿਸ
ਸੈਕਟਰ 18 ’ਚ ਘਰ ਦੇ ਬਾਹਰ ਪਾਰਕ ’ਚ ਪਾਣੀ ਦਿੰਦਾ ਹੋਇਆ ਵਿਅਕਤੀ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 15 ਅਪਰੈਲ
ਚੰਡੀਗੜ੍ਹ ਨਗਰ ਨਿਗਮ ਨੇ ਗਰਮੀਆਂ ’ਚ ਪਾਣੀ ਦੀ ਖਪਤ ਵਧਣ ਕਾਰਨ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਮੁੱਖ ਰੱਖਦੇ ਹੋਏ ਪਾਣੀ ਦੀ ਫਜ਼ੂਲ ਖਰਚੀ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਅੱਜ ਪਹਿਲੇ ਹੀ ਦਿਨ ਚੰਡੀਗੜ੍ਹ ਨਗਰ ਨਿਗਮ ਦੀਆਂ ਵੱਖ-ਵੱਖ ਟੀਮਾਂ ਨੇ ਨਿਗਮ ਵੱਲੋਂ ਲਾਗੂ ਕੀਤੇ ਹੁਕਮਾਂ ਤਹਿਤ ਪਾਣੀ ਦੀ ਦੁਰਵਰਤੋਂ ਕਰਦੇ ਫੜੇ ਗਏ 57 ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ 12 ਵਿਅਕਤੀਆਂ ਨੂੰ ਜੁਰਮਾਨੇ ਕੀਤੇ ਹਨ। ਟੀਮਾਂ ਵੱਲੋਂ ਮਾਰੇ ਗਏ ਛਾਪਿਆਂ ਦੌਰਾਨ ਕੁਝ ਲੋਕ ਆਪਣੇ ਪਾਰਕਾਂ ਨੂੰ ਪਾਣੀ ਦੇ ਰਹੇ ਸਨ ਜਦੋਂ ਕਿ ਕੁਝ ਲੋਕ ਦੇ ਘਰਾਂ ਤੋਂ ਬਾਹਰ ਪਾਣੀ ਵਹਿ ਰਿਹਾ ਸੀ। ਨਿਗਮ ਕਮਿਸ਼ਨਰ ਆਨੰਦਿਤਾ ਮਿੱਤਰਾ ਅਨੁਸਾਰ ਅੱਜ ਤੋਂ ਸ਼ੁਰੂ ਹੋਈ ਨਗਰ ਨਿਗਮ ਦੀ ਇਹ ਕਾਰਵਾਈ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਕਿਸੀ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਚੰਡੀਗੜ੍ਹ ਨਗਰ ਨਿਗਮ ਵੱਲੋਂ ਗਰਮੀਆਂ ਦੌਰਾਨ ਪਾਣੀ ਦੀ ਕਿੱਲਤ ਤੋਂ ਬਚਣ ਲਈ ਇਹ ਮੁਹਿੰਮ ਚਲਾਈ ਗਈ ਹੈ ਜੋ 30 ਜੂਨ ਤੱਕ ਜਾਰੀ ਰਹੇਗੀ।
ਇਸ ਦੌਰਾਨ ਨਿਗਮ ਦੀਆਂ ਟੀਮਾਂ ਵੱਲੋਂ ਕੀਤੀ ਜਾਣ ਵਾਲੀ ਅਚਨਚੇਤ ਚੈਕਿੰਗ ਦੌਰਾਨ ਫੜੇ ਜਾਣ ਵਾਲੇ ਡਿਫਾਲਟਰਾਂ ’ਤੇ ਨਿਗਮ ਵੱਲੋਂ ਲਗਾਇਆ ਗਿਆ ਜੁਰਮਾਨਾ ਖਪਤਕਾਰਾਂ ਦੇ ਬਿੱਲ ਵਿੱਚ ਜੋੜਿਆ ਜਾਵੇਗਾ। ਜੇਕਰ ਕਿਸੇ ਵਿਅਕਤੀ ਨੂੰ ਦੋ ਵਾਰ ਜੁਰਮਾਨਾ ਕੀਤਾ ਜਾਂਦਾ ਹੈ ਤਾਂ ਤੀਜੀ ਵਾਰ ਉਸ ਦੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਚੰਡੀਗੜ੍ਹ ਨਗਰ ਨਿਗਮ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਸ਼ਹਿਰ ਨੂੰ 18 ਜ਼ੋਨਾਂ ਵਿੱਚ ਵੰਡ ਕੇ ਬਣਾਈਆਂ ਗਈਆਂ 18 ਟੀਮਾਂ ਸਵੇਰੇ 5: 30 ਵਜੇ ਤੋਂ 8: 30 ਵਜੇ ਤੱਕ ਆਪੋ-ਆਪਣੇ ਖੇਤਰਾਂ ਵਿੱਚ ਲਗਾਤਾਰ ਚੈਕਿੰਗ ਕਰਨਗੀਆਂ। ਇਸ ਦੇ ਲਈ ਟੀਮਾਂ ਨੂੰ ਬਕਾਇਦਾ ਤੌਰ ’ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਆਪਣੇ ਉੱਚ ਅਧਿਕਾਰੀ ਨੂੰ ਦੇਣੀ ਪਵੇਗੀ। ਇਸ ਦੇ ਨਾਲ ਹੀ ਟੀਮਾਂ ’ਤੇ ਨਜ਼ਰ ਰੱਖਣ ਲਈ ਅਧਿਕਾਰੀ ਵੀ ਨਿਯੁਕਤ ਕੀਤੇ ਗਏ ਹਨ, ਉਹ ਖੁਦ ਵੀ ਫੀਲਡ ’ਚ ਅਚਨਚੇਤ ਚੈਕਿੰਗ ਵੀ ਕਰਨਗੇ। ਜੇਕਰ ਕਿਸੇ ਟੀਮ ਦੇ ਇਲਾਕੇ ਵਿੱਚ ਅਣਗਹਿਲੀ ਪਾਈ ਗਈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਗਰ ਨਿਗਮ ਵਲੋਂ ਹਰ ਸਾਲ ਗਰਮੀ ਦੀ ਰੁੱਤ ਦੌਰਾਨ ਪੀਣ ਵਾਲੇ ਪਾਣੀ ਦੀ ਖਪਤ ਵਧਣਾ ਨਾਲ ਪੈਦਾ ਹੋਣ ਵਾਲੀ ਪਾਣੀ ਦੀ ਕਿੱਲਤ ਨੂੰ ਲੈ ਕੇ ਸਵੇਰ ਵੇਲੇ ਪਾਰਕਾਂ ਨੂੰ ਪਾਣੀ ਦੇਣ, ਫਰਸ਼ ਧੋਣ ਅਤੇ ਵਾਹਨ ਆਦਿ ਧੋਣ ਨੂੰ ਲੈ ਕੇ ਪਾਬੰਦੀ ਲਗਾਈ ਜਾਂਦੀ ਹੈ। ਇਸ ਪਾਬੰਦੀ ਦੌਰਾਨ ਨਿਗਮ ਦੇ ਹੁਕਮਾਂ ਦੀ ਅਣਦੇਖੀ ਕਰਨ ਵਾਲਿਆਂ ਦੇ ਨਕੇਲ ਕਸਣ ਲਈ ਨਿਗਮ ਵੱਲੋਂ ਬਣਾਈਆਂ ਗਈਆਂ ਟੀਮਾਂ ਸਵੇਰ ਵੇਲੇ ਆਪਣੇ ਆਪਣੇ ਇਲਾਕੇ ਵਿੱਚ ਅਚਨਚੇਤ ਚੈਕਿੰਗ ਕਰਦੀਆਂ ਹਨ। ਚੈਕਿੰਗ ਦੌਰਾਨ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ ਅਤੇ ਜੁਰਮਾਨਾ ਵੀ ਵਸੂਲਿਆ ਜਾਂਦਾ ਹੈ। ਸਾਲ 2021 ਵਿੱਚ ਨਿਗਮ ਨੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ’ਤੇ ਸਭ ਤੋਂ ਵੱਧ ਜੁਰਮਾਨਾ ਲਗਾਇਆ ਸੀ। ਇਸ ਦੌਰਾਨ 266 ਚਲਾਨ ਕੱਟੇ ਗਏ ਸਨ ਅਤੇ 13 ਲੱਖ 30 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ ਸੀ ਜਦੋਂ ਕਿ 2022 ਵਿੱਚ 125 ਚਲਾਨ ਅਤੇ 6 ਲੱਖ 20 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ। ਨਿਗਮ ਦੀ ਸਖਤ ਤੋਂ ਬਾਅਦ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਵਿੱਚ ਕੁੱਝ ਸੁਧਾਰ ਆਇਆ ਸੀ, ਜਿਸ ਕਾਰਨ ਸਾਲ 2023 ਵਿੱਚ ਸਿਰਫ 29 ਚਲਾਨ ਕੀਤੇ ਗਏ ਅਤੇ 1 ਲੱਖ 40 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਸ਼ਹਿਰ ਵਾਸੀਆਂ ਨੂੰ ਗਰਮੀਆਂ ਵਿੱਚ ਪਾਣੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਣੀ ਦੀ ਦੁਰਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ।

Advertisement

Advertisement
Author Image

Advertisement
Advertisement
×