ਵਿਜੀਲੈਂਸ ਵੱਲੋਂ ਨਗਰ ਨਿਗਮ ਦਾ ਮੁਲਾਜ਼ਮ ਗ੍ਰਿਫ਼ਤਾਰ
08:00 AM Nov 02, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ 31 ਅਕਤੂਬਰ
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਨਗਰ ਨਿਗਮ ਲੁਧਿਆਣਾ ਦੇ ਡਾਟਾ ਐਂਟਰੀ ਆਪਰੇਟਰ ਗੁਰਦੀਪ ਸਿੰਘ ਉਰਫ਼ ਸੰਨੀ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਅਨੁਸਾਰ ਇਹ ਗ੍ਰਿਫ਼ਤਾਰੀ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਪਿੰਡ ਸ਼ਾਂਤੀ ਵਿਹਾਰ, ਭਾਮੀਆਂ ਕਲਾਂ ਤੋਂ ਸਰਪੰਚ ਦੇ ਅਹੁਦੇ ਲਈ ਖੜ੍ਹੇ ਉਮੀਦਵਾਰ ਤੇ ਜੀਟੀਬੀ ਨਗਰ, ਲੁਧਿਆਣਾ ਵਾਸੀ ਅਮਨਦੀਪ ਸਿੰਘ ਚੰਡੋਕ ਵੱਲੋਂ ਦਰਜ ਕਰਵਾਈ ਗਈ ਇੱਕ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਇੱਕ ਜਾਇਦਾਦ ਸਲਾਹਕਾਰ ਤੇ ਬਿਲਡਰ ਚੰਡੋਕ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਗੁਰਦੀਪ ਸਿੰਘ ਨੇ ਇਸ ਚੋਣ ਦੇ ਨਾਮਜ਼ਦ ਅਧਿਕਾਰੀ ਵਜੋਂ ਰਿਸ਼ਵਤ ਦੀ ਮੰਗ ਕੀਤੀ ਸੀ। ਗੁਰਦੀਪ ਸਿੰਘ ਨੇ ਕਿਹਾ ਸੀ ਕਿ ਸ਼ਿਕਾਇਤਕਰਤਾ ਦੇ ਨਾਮਜ਼ਦਗੀ ਪੱਤਰਾਂ ਵਿੱਚ ਕੁਝ ਕਮੀਆਂ ਸਨ, ਜਿਨ੍ਹਾਂ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਦੇਣ ’ਤੇ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਪਰ ਜ਼ੋਰ ਪਾਉਣ ਮਗਰੋਂ ਗੁਰਦੀਪ ਸਿੰਘ 5 ਹਜ਼ਾਰ ਰੁਪਏ ਲੈਣ ਲਈ ਰਾਜ਼ੀ ਹੋ ਗਿਆ। ਉਸ ਮਗਰੋਂ ਪੰਚਾਇਤ ਮੈਂਬਰਾਂ ਵਜੋਂ ਚੋਣ ਲੜ ਰਹੀ ਉਸ ਦੀ ਟੀਮ ਦੀਆਂ ਨਾਮਜ਼ਦਗੀ ਫਾਈਲਾਂ ਜਮ੍ਹਾਂ ਕਰਾਉਣ ਬਦਲੇ 10 ਹਜ਼ਾਰ ਰੁਪਏ ਹੋਰ ਦੇਣ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਕਿਹਾ ਕਿ ਗੁਰਦੀਪ ਸਿੰਘ ਨੇ ਉਸ ਦੀ ਜਿੱਤ ਯਕੀਨੀ ਬਣਾਉਣ ਲਈ 50 ਹਜ਼ਾਰ ਰੁਪਏ ਹੋਰ ਮੰਗੇ ਸਨ ਤੇ ਹੁਣ ਚੋਣਾਂ ਤੋਂ ਬਾਅਦ ਵੀ ਮੁਲਜ਼ਮ ਆਪਣੇ ਮੋਬਾਈਲ ਫੋਨ ਤੋਂ ਕਾਲ ਕਰਕੇ ਉਸ ਤੋਂ ਰਿਸ਼ਵਤ ਮੰਗ ਰਿਹਾ ਸੀ ਪਰ ਸ਼ਿਕਾਇਤਕਰਤਾ ਨੇ ਕਾਲ ਰਿਕਾਰਡਿੰਗ ਕਰਕੇ ਸਬੂਤ ਵਿਜੀਲੈਂਸ ਬਿਊਰੋ ਨੂੰ ਮੁਹੱਈਆ ਕਰਵਾ ਦਿੱਤੇ। ਇਸ ਸ਼ਿਕਾਇਤ ਦੀ ਜਾਂਚ ਕਰਕੇ ਇੱਕ ਟੀਮ ਬਣਾਈ ਗਈ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਦੀ ਇੱਕ ਟੀਮ ਨੇ ਗੁਰਦੀਪ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।
Advertisement
Advertisement