ਪਟਿਆਲਾ ’ਚ ਤਣਾਅ ਭਰੇ ਮਾਹੌਲ ’ਚ ਹੋਈ ਨਗਰ ਨਿਗਮ ਦੀ ਚੋਣ
ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਦਸੰਬਰ
ਨਗਰ ਨਿਗਮ ਪਟਿਆਲਾ ਲਈ ਅੱਜ ਪਈਆਂ ਵੋਟਾਂ ਦੌਰਾਨ ਅੱਜ ਕਈ ਵਾਰਡਾਂ ’ਚ ਇੱਥੇ ਮਾਹੌਲ ਤਣਾਅਪੂਰਨ ਰਿਹਾ। ਇਸ ਦੌਰਾਨ ਭਾਜਪਾ, ਅਕਾਲੀ ਦਲ ਤੇ ਕਾਂਗਰਸੀ ਉਮੀਦਵਾਰਾਂ ਦੇ ਉਨ੍ਹਾਂ ਦੇ ਹਮਾਇਤੀਆਂ ਨੇ ਸੱਤਾਧਾਰੀ ਧਿਰ ‘ਆਪ’ ਉੱਤੇ ਧੱਕੇਸ਼ਾਹੀ ਦੇ ਦੋਸ਼ ਲਾਏ ਹਨ। ਇੱਕ ਥਾਂ ’ਤੇ ਗੋਲੀਆਂ ਚੱਲਣ ਦੀ ਚਰਚਾ ਵੀ ਰਹੀ। ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਖ਼ੁਦ ਝਗੜਿਆਂ ਵਾਲ਼ੀਆਂ ਥਾਵਾਂ ’ਤੇ ਪੁੱਜਦੇ ਰਹੇ। ਵਿਰੋਧੀ ਧਿਰਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੀ ‘ਆਪ’ ਨਾਲ ਮਿਲਿਆ ਸੀ। ਇਸ ਦੌਰਾਨ ‘ਆਪ’ ਉੱਤੇ ਬਾਹਰੋਂ ਬੰਦੇ ਲਿਆਉਣ ਦੇ ਦੋਸ਼ ਵੀ ਲੱਗੇ ਹਨ। ਭਾਜਪਾ ਆਗੂ ਜੈਇੰਦਰ ਕੌਰ ਨੇ ਚੋਣ ਕਮਿਸ਼ਨ ਕੋਲ ਦੋ ‘ਆਪ’ ਵਿਧਾਇਕਾਂ ਖ਼ਿਲਾਫ਼ ਸ਼ਿਕਾਇਤ ਕਰਦਿਆਂ ਇੱਕ ਵਾਰਡ ’ਚ ਪੁੱਜੇ ਹੋਣ ਸਬੰਧੀ ਫੋਟੋਆਂ ਅਤੇ ਵੀਡੀਓ ਭੇਜੇ ਹਨ। ਇੱਥੇ ਵਾਰਡ ਨੰਬਰ-40 ’ਚ ਚੱਲੇ ਇੱਟਾਂ-ਰੋੜਿਆਂ ਕਾਰਨ ਇੱਕ ਸੁਰੱਖਿਆ ਕਰਮੀ ਵੀ ਜ਼ਖ਼ਮੀ ਹੋ ਗਿਆ। ਇਸੇ ਤਰ੍ਹਾਂ ਕਾਂਗਰਸੀ ਉਮੀਦਵਾਰ ਹਰਵਿੰਦਰ ਸ਼ੁਕਲਾ, ਭਾਜਪਾ ਦੇ ਅਨੁਜ ਖੋਸਲਾ ਸਣੇ ਕੁਝ ਹੋਰਨਾਂ ਦੀ ਕੁੱਟਮਾਰ ਵੀ ਹੋਈ। ਵਾਰਡ ਨੰਬਰ 15 ’ਚ ਕਾਰਾਂ ਦੀ ਭੰਨ-ਤੋੜ ਅਤੇ ਕਈ ਥਾਈਂ ਬੂਥ ਵੀ ਤੋੜੇ ਗਏ।
ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਸੁਸ਼ੀਲ ਨਈਅਰ ਨਾਮ ਦੇ ਭਾਜਪਾ ਉਮੀਦਵਾਰ ਨੇ ਖ਼ੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਤਾਂ ਪੁਲੀਸ ਨੇ ਉਸ ਹਿਰਾਸਤ ’ਚ ਲੈ ਲਿਆ। 11 ਨੰਬਰ ਵਾਰਡ ’ਚ ਮਹਿਲਾ ਅਕਾਲੀ ਉਮੀਦਵਾਰ ਦਾ ਪਤੀ ਸੁਖਵਿੰਦਰਪਾਲ ਮਿੰਟਾ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ’ਤੇ ਚੜ੍ਹ ਗਿਆ ਸੀ। ਵਿਰੋਧੀਆਂ ਵੱਲੋਂ ਜੁਝਾਰ ਨਗਰ ’ਚ ਗੋਲੀਆਂ ਚਲਾਉਣ ਦੇ ਵੀ ਦੋਸ਼ ਹਨ। ਇੱਥੇ ਪੁੱਜੇ ਅਕਾਲੀ ਆਗੂ ਐੱਨਕੇ ਸ਼ਰਮਾ, ਰਾਜੂ ਖੰਨਾ, ਅਮਰਿੰਦਰ ਬਜਾਜ, ਅਮਿਤ ਰਾਠੀ ਤੇ ਬਿੱਟੂ ਚੱਠਾ ਸਣੇ ਭਾਜਪਾ ਆਗੂ ਪ੍ਰਨੀਤ ਕੌਰ, ਜੈਇੰੰਦਰ ਕੌਰ ਤੇ ਹੋਰਨਾਂ ਨੇ ਕਿਹਾ ਕਿ ‘ਆਪ’ ਨੇ ਧੱਕੇਸ਼ਾਹੀ ਕਰ ਕੇ ਚੋਣਾਂ ਜਿੱਤੀਆਂ ਹਨ।
ਐੱਸਐੱਸਪੀ ਨਾਨਕ ਸਿੰਘ ਨੇ ਕਿਹਾ ਕਿ ਪੁਲੀਸ ਨੇ ਆਪਣੀ ਡਿਊਟੀ ਤਨਦੇਹੀ ਨਾਲ਼ ਨਿਭਾਈ ਹੈ। ਉਨ੍ਹਾਂ ਕੁਝ ਬੰਦਿਆਂ ਖਿਲਾਫ਼ ਕਾਰਵਾਈ ਬਾਰੇ ਜਾਣਕਾਰੀ ਵੀ ਦਿੱਤੀ।
ਅਬੋਹਰ ’ਚ ਪੁਲੀਸ ਵੱਲੋਂ ਲਾਠੀਚਾਰਜ
ਅਬੋਹਰ (ਪੰਕਜ ਕੁਮਾਰ): ਅਬੋਹਰ ਨਗਰ ਨਿਗਮ ਦੇ ਵਾਰਡ ਨੰਬਰ-22 ਵਿੱਚ ਅੱਜ ਜ਼ਿਮਨੀ ਚੋਣ ਮੌਕੇ ਕੁਝ ਲੋਕਾਂ ਵੱਲੋਂ ਪੋਲਿੰਗ ਸਟੇਸ਼ਨ ਦੇ ਬਾਹਰ ਹੰਗਾਮਾ ਕੀਤਾ ਗਿਆ। ਇਸ ਦੌਰਾਨ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਇੱਕ-ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ। ਇਸ ਮਗਰੋਂ ਵੋਟਾਂ ਦਾ ਅਮਲ ਸ਼ਾਮ ਚਾਰ ਵਜੇ ਤੱਕ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਡੀਐੱਸਪੀ ਸੁਖਵਿੰਦਰ ਸਿੰਘ ਬਰਾੜ ਤੇ ਥਾਣਾ ਸਿਟੀ-2 ਦੀ ਇੰਚਾਰਜ ਪ੍ਰੋਮਿਲਾ ਰਾਣੀ ਦੀ ਅਗਵਾਈ ਹੇਠ ਭਾਰੀ ਪੁਲੀਸ ਬਲ ਤਾਇਨਾਤ ਸੀ।
ਜਾਅਲੀ ਵੋਟਾਂ ਭੁਗਤਾਉਣ ’ਤੇ ਤਕਰਾਰ
ਰਈਆ (ਦਵਿੰਦਰ ਸਿੰਘ ਭੰਗੂ): ਨਗਰ ਪੰਚਾਇਤ ਰਈਆ ਦੀ ਜ਼ਿਮਨੀ ਚੋਣ ਵਿੱਚ ਮੌਜੂਦਾ ਵਿਧਾਇਕ ਵੱਲੋਂ ਕਥਿਤ ਤੌਰ ’ਤੇ ਜਾਅਲੀ ਵੋਟ ਭੁਗਤਾਉਣ ’ਤੇ ਕਾਂਗਰਸੀ ਵਰਕਰਾਂ ਅਤੇ ਸੱਤਾਧਾਰੀ ਪਾਰਟੀ ਦੇ ਵਰਕਰਾਂ ’ਚ ਮਾਮੂਲੀ ਤਕਰਾਰ ਹੋਈ। ਅੱਜ ਨਗਰ ਪੰਚਾਇਤ ਰਈਆ ਵਾਰਡ ਨੰਬਰ 13 ਦੀ ਜ਼ਿਮਨੀ ਚੋਣ ਵਿੱਚ ਸੱਤਾਧਾਰੀ ਪਾਰਟੀ ਦੇ ਵਿਧਾਇਕ ਨੇ ਵੱਡੇ ਕਾਫ਼ਲੇ ਦੇ ਰੂਪ ਵਿੱਚ ਪੋਲਿੰਗ ਸਟੇਸ਼ਨ ’ਚ ਜਾ ਕੇ ਦੋ ਤਿੰਨ ਜਾਅਲੀ ਵੋਟਾਂ ਭੁਗਤਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਸ ਕਾਰਨ ਸੱਤਾਧਾਰੀ ਪਾਰਟੀ ਦੇ ਵਰਕਰਾਂ ਤੇ ਕਾਂਗਰਸ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਸਬੰਧੀ ਕਾਂਗਰਸੀ ਕੌਂਸਲਰ ਗੁਰਹਰਵਿੰਦਰ ਸਿੰਘ ਰੌਬਿਨ ਮਾਨ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਨੇ ਜਾਅਲੀ ਵੋਟਾਂ ਭੁਗਤਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੱਲੋਂ ਇਸ ਦਾ ਵਿਰੋਧ ਕਰਨ ’ਤੇ ਪੋਲਿੰਗ ਸਟੇਸ਼ਨ ’ਤੇ ਤਾਇਨਾਤ ਅਮਲੇ ਵੱਲੋਂ ਇਕ ਵੋਟ ਪੁਆ ਦਿੱਤੀ ਗਈ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸ਼ਿਕਾਇਤ ਭੇਜ ਦਿੱਤੀ ਹੈ।