ਨਗਰ ਨਿਗਮ ਚੋਣਾਂ: ‘ਆਪ’ ਤਿੰਨ ਤੇ ਕਾਂਗਰਸ ਦੋ ’ਚ ਅੱਗੇ
ਆਤਿਸ਼ ਗੁਪਤਾ
ਚੰਡੀਗੜ੍ਹ, 21 ਦਸੰਬਰ
ਪੰਜਾਬ ਵਿੱਚ ਅੱਜ ਪੰਜ ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਹਿੰਸਕ ਘਟਨਾਵਾਂ ਦਰਮਿਆਨ ਵੋਟਿੰਗ ਹੋਈ। ਵੋਟਿੰਗ ਦੌਰਾਨ ਉਮੀਦਵਾਰਾਂ ਵੱਲੋਂ ਗੜਬੜੀਆਂ ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਗਏ ਹਨ। ਇਨ੍ਹਾਂ ਚੋਣਾਂ ਦੌਰਾਨ ਪੰਜਾਬ ਭਰ ਵਿੱਚ ਕੁੱਲ 65.85 ਫ਼ੀਸਦ ਪੋਲਿੰਗ ਹੋਈ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੀਆਂ 5 ਨਗਰ ਨਿਗਮਾਂ ’ਚੋਂ ਜਲੰਧਰ, ਲੁਧਿਆਣਾ ਤੇ ਪਟਿਆਲਾ ਵਿੱਚ ਹਾਕਮ ਧਿਰ ਆਮ ਆਦਮੀ ਪਾਰਟੀ ਭਾਰੂ ਰਹੀ, ਜਦੋਂਕਿ ਅੰਮ੍ਰਿਤਸਰ ਤੇ ਫਗਵਾੜਾ ਵਿੱਚ ਕਾਂਗਰਸ ਅੱਗੇ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਜ਼ਿਲ੍ਹੇ ਸੰਗਰੂਰ ਨਗਰ ਕੌਂਸਲ ਵਿੱਚ ‘ਆਪ’ ਬਹੁਮਤ ਹਾਸਲ ਨਹੀਂ ਕਰ ਸਕੀ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ 45 ਵਾਰਡਾਂ ’ਤੇ ਅੱਜ ਵੋਟਿੰਗ ਹੋਈ ਹੈ, ਜਿਸ ’ਚ 35 ਵਾਰਡਾਂ ’ਤੇ ‘ਆਪ’ ਨੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਭਾਜਪਾ ਤੇ ਕਾਂਗਰਸ ਨੇ 4-4 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ 2 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਂਹੈ। ਇਸ ਤੋਂ ਪਹਿਲਾਂ 8 ਵਾਰਡਾਂ ’ਤੇ ‘ਆਪ’ ਬਿਨਾਂ ਵਿਰੋਧ ਜਿੱਤ ਚੁੱਕੀ ਹੈ, ਜਦਕਿ 7 ਵਾਰਡਾਂ ’ਤੇ ਅਦਾਲਤ ਨੇ ਰੋਕ ਲਗਾਈ ਹੋਈ ਹੈ। ਦੂਜੇ ਪਾਸੇ ਨਗਰ ਨਿਗਮ ਪਟਿਆਲਾ ਵਿੱਚ ਕਈ ਥਾਵਾਂ ’ਤੇ ਝੜਪ ਦੀਆਂ ਘਟਨਾਵਾਂ ਵਾਪਰੀਆਂ ਹਨ। ਪੁਲੀਸ ਨੇ ਕਈ ਥਾਵਾਂ ’ਤੇ ਲਾਠੀਚਾਰਜ ਕੀਤਾ। ਪਟਿਆਲਾ ਦੇ ਵਾਰਡ ਨੰਬਰ 40 ਵਿੱਚ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਨੌਜਵਾਨਾਂ ਵਿੱਚ ਝੜਪ ਹੋ ਗਈ, ਜਿਸ ਨੂੰ ਪੁਲੀਸ ਨੇ ਪਹੁੰਚ ਕੇ ਸ਼ਾਂਤ ਕਰਵਾਇਆ।
ਭਾਜਪਾ ਉਮੀਦਵਾਰ ਵੱਲੋਂ ‘ਆਪ’ ਉਮੀਦਵਾਰ ’ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਗਏ ਹਨ। ਵਾਰਡ ਨੰਬਰ-15 ਵਿੱਚ ਵੀ ਝੜਪ ਹੋਈ ਹੈ। ਅੱਜ ਚੋਣਾਂ ਦੌਰਾਨ ਪਟਿਆਲਾ ਦੇ ਕਈ ਹੋਰ ਵਾਰਡਾਂ ਵਿੱਚ ਵੀ ਹਿੰਸਕ ਝੜਪ ਹੋਈਆਂ। ਚੋਣਾਂ ਦੌਰਾਨ ਮਾਨਸਾ ਦੇ ਸਰਦੂਲਗੜ੍ਹ ਦੇ ਵਾਰਡ ਨੰਬਰ-8 ਵਿੱਚ ਨੌਜਵਾਨ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ, ਬਰਨਾਲਾ, ਫਗਵਾੜਾ ਤੇ ਹੋਰਨਾਂ ਥਾਵਾਂ ’ਤੇ ਵੀ ਤਕਰਾਰ ਹੋਈ। ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਵੱਖ-ਵੱਖ ਥਾਵਾਂ ’ਤੇ ਸੱਤਾਧਾਰੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।ਨਗਰ ਨਿਗਮ ਲੁਧਿਆਣਾ ਦੇ ਕੁੱਲ 95 ਵਾਰਡਾਂ ’ਚੋਂ ‘ਆਪ’ ਨੇ 41, ਕਾਂਗਰਸ ਨੇ 30, ਭਾਜਪਾ ਨੇ 19, ਸ਼੍ਰੋਮਣੀ ਅਕਾਲੀ ਦਲ ਨੇ 2 ਸੀਟਾਂ ਜਿੱਤੀਆਂ ਹਨ ਜਦਕਿ ਤਿੰਨ ਵਾਰਡਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਇਸੇ ਤਰ੍ਹਾਂ ਫਗਵਾੜਾ ਦੀਆਂ 50 ਸੀਟਾਂ ’ਚੋਂ ਕਾਂਗਰਸ ਨੇ 22, ‘ਆਪ’ ਨੇ 12, ਭਾਜਪਾ ਨੇ 4, ਅਕਾਲੀ ਦਲ ਤੇ ਬਸਪਾ ਨੇ 3-3 ਅਤੇ ਆਜ਼ਾਦ ਉਮੀਦਵਾਰਾਂ ਨੇ ਛੇ ਸੀਟਾਂ ਹਾਸਲ ਕੀਤੀਆਂ ਹਨ। ਅੰਮ੍ਰਿਤਸਰ ਨਗਰ ਨਿਗਮ ਦੀਆਂ 85 ਸੀਟਾਂ ’ਚੋਂ ਕਾਂਗਰਸ ਨੇ 43, ਆਮ ਆਦਮੀ ਪਾਰਟੀ ਨੇ 24, ਭਾਜਪਾ ਨੇ 9 ਅਤੇ ਸ਼੍ਰੋਮਣੀ ਅਕਾਲੀ ਦਲ ਨੇ 4 ਸੀਟਾਂ ਜਿੱਤੀਆਂ ਹਨ ਜਦਕਿ 5 ਸੀਟਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਜਲੰਧਰ ਦੀਆਂ 85 ਸੀਟਾਂ ’ਚੋਂ ‘ਆਪ’ ਨੇ 38, ਕਾਂਗਰਸ ਨੇ 25, ਭਾਜਪਾ ਨੇ 19 ਸੀਟਾਂ ਹਾਸਲ ਕੀਤੀਆਂ ਜਦਕਿ 3 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ। ਚੋਣ ਕਮਿਸ਼ਨ ਵੱਲੋਂ ਨਗਰ ਕੌਸਲ ਅਤੇ ਨਗਰ ਪੰਚਾਇਤਾਂ ਦੇ ਮੁਕੰਮਲ ਨਤੀਜੇ ਦੇਰ ਰਾਤ ਤੱਕ ਐਲਾਨੇ ਜਾਣਗੇ।
ਅਕਾਲੀ ਤੇ ਭਾਜਪਾ ਉਮੀਦਵਾਰਾਂ ਵੱਲੋਂ ਖ਼ੁਦਕੁਸ਼ੀ ਦੀ ਧਮਕੀ
ਪਟਿਆਲਾ ਦੇ ਵਾਰਡ ਨੰਬਰ 34 ਦੇ ਉਮੀਦਵਾਰ ਸੁਸ਼ੀਲ ਨਈਅਰ ਨੇ ਸੱਤਾਧਾਰੀ ਧਿਰ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ। ਇਸ ਦੌਰਾਨ ਉਹ ਤੇਲ ਦੀ ਬੋਤਲ ਲੈ ਕੇ ਪੋਲਿੰਗ ਸਟੇਸ਼ਨ ਦੀ ਛੱਤ ’ਤੇ ਚੜ੍ਹ ਗਿਆ। ਉਸ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਸੇ ਤਰ੍ਹਾਂ ਵਾਰਡ ਨੰਬਰ 11 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਪਤੀ ਸੁਖਵਿੰਦਰ ਪਾਲ ਸਿੰਘ ਮਿੰਟਾ ਵੀ ਤੇਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਉਸ ਨੇ ਸੱਤਾਧਾਰੀ ਧਿਰ ’ਤੇ ਧੱਕੇਸ਼ਾਹੀ ’ਦੇ ਦੋਸ਼ ਲਾਏ।
ਸੰਗਰੂਰ ਵਿੱਚ ‘ਆਪ’ ਨੂੰ ਬਹੁਮਤ ਨਾ ਮਿਲਿਆ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਜ਼ਿਲ੍ਹੇ ਸੰਗਰੂਰ ਵਿੱਚ ਨਗਰ ਕੌਂਸਲ ਚੋਣ ਦੌਰਾਨ ‘ਆਪ’ ਬਹੁਮਤ ਹਾਸਲ ਨਹੀਂ ਕਰ ਸਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਦੇ ਕੁੱਲ 29 ਵਾਰਡਾਂ ਵਿੱਚੋਂ ‘ਆਪ’ ਨੇ ਸਿਰਫ਼ ਸੱਤ ਵਾਰਡਾਂ ’ਤੇ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਕਾਂਗਰਸ ਨੇ ਅੱਠ ਅਤੇ ਭਾਜਪਾ ਨੇ ਤਿੰਨ ਵਾਰਡਾਂ ’ਚ ਜਿੱਤ ਹਾਸਲ ਕੀਤੀ ਹੈ। ਇਸੇ ਦੌਰਾਨ 10 ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਇਕ ਵਾਰਡ ਦੇ ਨਤੀਜੇ ਦੇਰ ਰਾਤ ਤੱਕ ਐਲਾਨੇ ਨਹੀਂ ਗਏ ਸਨ।
‘ਆਪ’ ਵਿਧਾਇਕਾਂ ਤੇ ਸਾਬਕਾ ਕਾਂਗਰਸੀ ਮੰਤਰੀ ਦੀਆਂ ਪਤਨੀਆਂ ਹਾਰੀਆਂ
ਲੁਧਿਆਣਾ ਵਿੱਚ ‘ਆਪ’ ਦੇ ਦੋ ਵਿਧਾਇਕਾਂ ਅਤੇ ਇੱਕ ਸਾਬਕਾ ਕਾਂਗਰਸੀ ਮੰਤਰੀ ਦੀਆਂ ਪਤਨੀਆਂ ਹਾਰ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ‘ਆਪ’ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਪਤਨੀ ਡਾ. ਸੁਖਚੈਨ ਕੌਰ ਗੋਗੀ ਅਤੇ ਅਸ਼ੋਕ ਪਰਾਸ਼ਰ ਪੱਪੀ ਦੀ ਪਤਨੀ ਮੀਨੂੰ ਪਰਾਸ਼ਰ ਵੀ ਹਾਰ ਗਈ। ਇਸੇ ਤਰ੍ਹਾਂ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।