ਹਰਿਆਣਾ ’ਚ ਨਗਰ ਨਿਗਮ ਅਤੇ ਕੌਂਸਲ ਚੋਣਾਂ ਦਾ ਐਲਾਨ
ਪੀਪੀ ਵਰਮਾ
ਪੰਚਕੂਲਾ, 4 ਫਰਵਰੀ
ਹਰਿਆਣਾ ਰਾਜ ਚੋਣ ਕਮਿਸ਼ਨ ਦੇ ਕਮਿਸ਼ਨਰ ਧਨਪਤ ਸਿੰਘ ਨੇ ਦੱਸਿਆ ਕਿ ਸੂਬੇ ਦੀਆਂ 7 ਨਗਰ ਨਿਗਮਾਂ, 4 ਨਗਰ ਕੌਂਸਲਾਂ ਅਤੇ 21 ਨਗਰ ਪਾਲਿਕਾਵਾਂ ਦੀਆਂ ਚੋਣਾਂ ਲਈ ਵੋਟਾਂ 2 ਮਾਰਚ ਨੂੰ ਪੈਣਗੀਆਂ। ਇਸ ਤੋਂ ਇਲਾਵਾ ਨਗਰ ਨਿਗਮ ਪਾਣੀਪਤ ’ਚ 9 ਮਾਰਚ ਨੂੰ ਵੋਟਾਂ ਪੈਣਗੀਆਂ। ਦੋ ਨਗਰ ਨਿਗਮਾਂ ਵਿੱਚ ਮੇਅਰ, ਇੱਕ ਨਗਰ ਕੌਂਸਲ ਵਿੱਚ ਚੇਅਰਮੈਨ, ਦੋ ਨਗਰ ਪਾਲਿਕਾਵਾਂ ਵਿੱਚ ਚੇਅਰਮੈਨ ਅਤੇ ਤਿੰਨ ਨਗਰ ਪਾਲਿਕਾਵਾਂ ਦੇ ਵਾਰਡਾਂ ਵਿੱਚ ਕੌਂਸਲਰ ਦੇ ਅਹੁਦੇ ਲਈ ਹੋਣ ਵਾਲੀਆਂ ਉਪ ਚੋਣਾਂ ਲਈ ਵੀ ਦੋ ਮਾਰਚ ਨੂੰ ਵੋਟਾਂ ਪੈਣਗੀਆਂ। ਧਨਪਤ ਸਿੰਘ ਨੇ ਅੱਜ ਪੰਚਕੂਲਾ ਦੇ ਸੈਕਟਰ-17 ਸਥਿਤ ਰਾਜ ਚੋਣ ਕਮਿਸ਼ਨ ਦੇ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਨਗਰ ਨਿਗਮ ਚੋਣਾਂ ਦੇ ਐਲਾਨ ਨਾਲ ਹੀ ਸਬੰਧਤ ਨਗਰ ਨਿਗਮ ਖੇਤਰਾਂ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਆਰਓ ਵੱਲੋਂ 5 ਫਰਵਰੀ ਨੂੰ ਨਗਰ ਨਿਗਮ ਚੋਣਾਂ ਲਈ ਨੋਟਿਸ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ 18 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। ਚੋਣਾਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ 19 ਫਰਵਰੀ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਆਪਣੇ ਨਾਮ ਵਾਪਸ ਲੈ ਸਕਦੇ ਹਨ। ਉਸੇ ਦਿਨ ਬਾਅਦ 3 ਵਜੇ ਤੋਂ ਬਾਅਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਵੋਟਿੰਗ 2 ਮਾਰਚ ਨੂੰ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਹੋਵੇਗੀ।