ਨਗਰ ਨਿਗਮ ਤੇ ਕੌਂਸਲ ਚੋਣਾਂ: ਪਟਿਆਲਾ ’ਤੇ ‘ਆਪ’ ਦਾ ਕਬਜ਼ਾ
ਆਤਿਸ਼ ਗੁਪਤਾ
ਚੰਡੀਗੜ੍ਹ, 22 ਦਸੰਬਰ
ਪੰਜਾਬ ਵਿੱਚ ਸ਼ਨਿਚਰਵਾਰ ਨੂੰ ਹੋਈਆਂ ਪੰਜ ਨਗਰ ਨਿਗਮਾਂ ਅਤੇ 42 ਨਗਰ ਕੌਂਸਲਾਂ ਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਸਿਰਫ਼ ਨਗਰ ਨਿਗਮ ਪਟਿਆਲਾ ਦੀ ਚੋਣ ਵਿੱਚ ਬਹੁਮਤ ਹਾਸਲ ਕਰ ਸਕੀ ਹੈ ਜਦੋਂ ਕਿ ਬਾਕੀ ਚਾਰ ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਫਗਵਾੜਾ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ ਪਰ ਨਗਰ ਨਿਗਮ ਜਲੰਧਰ ਤੇ ਲੁਧਿਆਣਾ ਵਿੱਚ ‘ਆਪ’ ਅਤੇ ਅੰਮ੍ਰਿਤਸਰ ਤੇ ਫਗਵਾੜਾ ਵਿੱਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀਆਂ ਹਨ। ਇਸੇ ਤਰ੍ਹਾਂ ਪੰਜਾਬ ਵਿੱਚ 42 ਨਗਰ ਕੌਂਸਲਾਂ ਤੇ ਦੋ ਨਗਰ ਪੰਚਾਇਤਾਂ ਵਿੱਚੋਂ 29 ’ਤੇ ‘ਆਪ’ ਅਤੇ ਦੋ ’ਤੇ ਕਾਂਗਰਸ ਨੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ।
ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ 60 ਵਿੱਚੋਂ 53 ਵਾਰਡਾਂ ਦੇ ਨਤੀਜੇ ਐਲਾਨੇ ਗਏ ਹਨ, ਜਦੋਂ ਕਿ ਮਾਣਯੋਗ ਹਾਈ ਕੋਰਟ ਦੇ ਹੁਕਮਾਂ ’ਤੇ ਸੱਤ ਵਾਰਡਾਂ ’ਤੇ ਚੋਣ ਨਹੀਂ ਹੋਈ। ਇੱਥੇ ‘ਆਪ’ ਨੇ 43, ਕਾਂਗਰਸ ਤੇ ਭਾਜਪਾ ਨੇ 4-4 ਅਤੇ ਸ਼੍ਰੋਮਣੀ ਅਕਾਲੀ ਦਲ ਨੇ 2 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। ਨਗਰ ਨਿਗਮ ਜਲੰਧਰ ਵਿੱਚ 85 ਵਾਰਡਾਂ ਵਿੱਚੋਂ ‘ਆਪ’ ਨੇ 38, ਕਾਂਗਰਸ ਨੇ 25, ਭਾਜਪਾ ਨੇ 19 ਅਤੇ ਤਿੰਨ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਨਗਰ ਨਿਗਮ ਲੁਧਿਆਣਾ ਦੀ ਚੋਣ ਵਿੱਚ 95 ਵਾਰਡਾਂ ਵਿੱਚੋਂ ‘ਆਪ’ ਨੇ 41, ਕਾਂਗਰਸ ਨੇ 30, ਭਾਜਪਾ ਨੇ 19, ਸ਼੍ਰੋਮਣੀ ਅਕਾਲੀ ਦਲ ਨੇ 2 ਅਤੇ ਤਿੰਨ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਨਗਰ ਨਿਗਮ ਅੰਮ੍ਰਿਤਸਰ ਦੀ ਚੋਣ ਵਿੱਚ 85 ਵਾਰਡਾਂ ਵਿੱਚੋਂ ਕਾਂਗਰਸ ਨੇ 40, ‘ਆਪ’ ਨੇ 24, ਭਾਜਪਾ ਨੇ 9, ਸ਼੍ਰੋਮਣੀ ਅਕਾਲੀ ਦਲ ਨੇ 4 ਅਤੇ 8 ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਨਗਰ ਨਿਗਮ ਫਗਵਾੜਾ ਦੀ ਚੋਣ ਵਿੱਚ 50 ਵਾਰਡਾਂ ਵਿੱਚੋਂ ਕਾਂਗਰਸ ਨੇ 22, ‘ਆਪ’ ਨੇ 12, ਭਾਜਪਾ ਨੇ 4, ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੇ 3-3 ਅਤੇ 6 ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।