ਨਗਰ ਨਿਗਮ ਤੇ ਕੌਂਸਲ ਚੋਣ: ‘ਆਪ’ ਦਾ ਪਟਿਆਲਾ ਨਿਗਮ ’ਤੇ ਕਬਜ਼ਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਦਸੰਬਰ
ਪੰਜਾਬ ਵਿੱਚ ਬੀਤੇ ਦਿਨ ਹੋਈਆਂ ਪੰਜ ਨਗਰ ਨਿਗਮਾਂ ਅਤੇ 42 ਨਗਰ ਕੌਂਸਲਾਂ ਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਸਿਰਫ਼ ਨਗਰ ਨਿਗਮ ਪਟਿਆਲਾ ਦੀ ਚੋਣ ਵਿੱਚ ਬਹੁਮਤ ਹਾਸਲ ਕਰ ਸਕੀ ਹੈ। ਬਾਕੀ ਚਾਰ ’ਚ ਸਾਰੀਆਂ ਪਾਰਟੀਆਂ ਬਹੁਮਤ ਤੋਂ ਪਿੱਛੇ ਹਨ। ਇਸੇ ਤਰ੍ਹਾਂ ਪੰਜਾਬ ਵਿੱਚ 42 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ’ਚੋਂ ‘ਆਪ’ ਨੇ 29 ਅਤੇ ਕਾਂਗਰਸ ਨੇ ਦੋ ’ਤੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ। ਹਾਲਾਂਕਿ 10 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਇਨ੍ਹਾਂ ਚੋਣ ਨਤੀਜਿਆਂ ਦੇ ਆਉਣ ਨਾਲ ਸੂਬੇ ਦੀਆਂ 4 ਨਗਰ ਨਿਗਮਾਂ ਵਿੱਚ ਮੇਅਰ ਅਤੇ 10 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚ ਪ੍ਰਧਾਨ ਬਣਾਉਣ ਲਈ ਜੋੜ-ਤੋੜ ਸ਼ੁਰੂ ਹੋ ਗਿਆ ਹੈ।
ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਪਟਿਆਲਾ ਦੇ 60 ’ਚੋਂ 53 ਵਾਰਡਾਂ ਦੇ ਨਤੀਜੇ ਐਲਾਨੇ ਗਏ ਹਨ, ਜਦਕਿ ਹਾਈ ਕੋਰਟ ਦੇ ਹੁਕਮਾਂ ’ਤੇ ਸੱਤ ਵਾਰਡਾਂ ’ਤੇ ਚੋਣ ਨਹੀਂ ਹੋਈ। ਇੱਥੇ ‘ਆਪ’ ਨੇ 43, ਕਾਂਗਰਸ ਤੇ ਭਾਜਪਾ ਨੇ 4-4 ਅਤੇ ਸ਼੍ਰੋਮਣੀ ਅਕਾਲੀ ਦਲ ਨੇ 2 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। ਨਗਰ ਨਿਗਮ ਜਲੰਧਰ ਵਿੱਚ 85 ਵਾਰਡਾਂ ’ਚੋਂ ‘ਆਪ’ ਨੇ 38, ਕਾਂਗਰਸ ਨੇ 25, ਭਾਜਪਾ ਨੇ 19 ਅਤੇ ਤਿੰਨ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਨਗਰ ਨਿਗਮ ਲੁਧਿਆਣਾ ਦੀ ਚੋਣ ਵਿੱਚ 95 ਵਾਰਡਾਂ ’ਚੋਂ ‘ਆਪ’ ਨੇ 41, ਕਾਂਗਰਸ ਨੇ 30, ਭਾਜਪਾ ਨੇ 19, ਸ਼੍ਰੋਮਣੀ ਅਕਾਲੀ ਦਲ ਨੇ 2 ਅਤੇ ਤਿੰਨ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਨਗਰ ਨਿਗਮ ਅੰਮ੍ਰਿਤਸਰ ਦੀ ਚੋਣ ਵਿੱਚ 85 ਵਾਰਡਾਂ ਵਿੱਚੋਂ ਕਾਂਗਰਸ ਨੇ 40, ‘ਆਪ’ ਨੇ 24, ਭਾਜਪਾ ਨੇ 9, ਸ਼੍ਰੋਮਣੀ ਅਕਾਲੀ ਦਲ ਨੇ 4 ਅਤੇ 8 ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਨਗਰ ਨਿਗਮ ਫਗਵਾੜਾ ਦੀ ਚੋਣ ਵਿੱਚ 50 ਵਾਰਡਾਂ ਵਿੱਚੋਂ ਕਾਂਗਰਸ ਨੇ 22, ‘ਆਪ’ ਨੇ 12, ਭਾਜਪਾ ਨੇ 4, ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੇ 3-3 ਅਤੇ 6 ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਚੋਣ ਜਿੱਤੀ ਹੈ।
ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਵਿੱਚ ‘ਆਪ’ ਨੇ ਰਾਜਾਸਾਂਸੀ, ਬਾਬਾ ਬਕਾਲਾ, ਹੰਡਿਆਇਆ, ਤਲਵੰਡੀ ਸਾਬੋ, ਅਮਲੋਹ, ਮੱਖੂ, ਮੱਲਾਵਾਲਾ ਖਾਸ, ਮਹਿਲਪੁਰ, ਗੁਰਾਇਆ, ਬਿਲਗਾ, ਭੁਲੱਥ, ਮਾਛੀਵਾੜਾ, ਸਾਹਨੇਵਾਲ, ਮਲੋਟ, ਸਰਦੂਲਗੜ੍ਹ, ਬਾਘਾਪੁਰਾਣਾ, ਫ਼ਤਹਿਗੜ੍ਹ ਪੰਜਤੂਰ, ਘੜੂਆਂ, ਬਾੜੀਵਾਲਾ, ਬਲਾਚੌਰ, ਸਨੌਰ, ਘੱਗਾ, ਘਨੌਰ, ਦੇਵੀਗੜ੍ਹ, ਚੀਮਾ, ਮੂਨਕ, ਦਿੜ੍ਹਬਾ ਤੇ ਖੇਮਕਰਨ ਵਿੱਚ ਬਹੁਮਤ ਹਾਸਲ ਕੀਤਾ ਹੈ। ਕਾਂਗਰਸ ਨੇ ਸ਼ਾਹਕੋਟ ਅਤੇ ਮੁੱਲਾਂਪੁਰ ਦਾਖਾ ਵਿੱਚ ਬਹੁਮਤ ਹਾਸਲ ਕੀਤੀ ਹੈ। ਇਸੇ ਦੌਰਾਨ ਨਗਰ ਕੌਂਸਲ ਤੇ ਨਗਰ ਪੰਚਾਇਤ ਰਾਮਪੁਰਾ ਫੂਲ, ਭੋਗਪੁਰ, ਬੇਗੋਵਾਲ, ਢਿੱਲਵਾਂ, ਭਿਖੀ, ਸੰਗਰੂਰ ਅਤੇ ਖਨੌਰੀ ਵਿੱਚ ਬਹੁਮਤ ਦੇ ਆਂਕੜੇ ਨਾਲੋਂ ਵੱਧ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਨਰਜੋਤ ਜੈਮਲ ਸਿੰਘ, ਭਾਦਸੋਂ ਅਤੇ ਨਡਾਲਾ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਇਨ੍ਹਾਂ 10 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚ ਪ੍ਰਧਾਨ ਦੀ ਚੋਣ ਲਈ ਸਿਆਸੀ ਪਾਰਟੀਆਂ ਨੇ ਜੋੜ-ਤੋੜ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਧਰਮਕੋਟ ਦੇ 13 ਵਾਰਡਾਂ ’ਚੋਂ 8 ਦੀ ਚੋਣ ’ਤੇ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ, ਜਦਕਿ ਬਾਕੀ ਰਹਿੰਦੇ 5 ਵਾਰਡਾਂ ਵਿੱਚ ‘ਆਪ’ ਨੇ ਜਿੱਤ ਹਾਸਲ ਕੀਤੀ ਹੈ।
961 ਵਾਰਡਾਂ ’ਚੋਂ ਕਿਸ ਨੂੰ ਕਿੰਨੇ ਵਾਰਡਾਂ ’ਚ ਮਿੱਲੀ ਜਿੱਤ
ਪੰਜਾਬ ਦੀਆਂ ਪੰਜ ਨਗਰ ਨਿਗਮਾਂ ਅਤੇ 42 ਨਗਰ ਕੌਂਸਲਾਂ ਤੇ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਕੁੱਲ 961 ਵਾਰਡਾਂ ਵਿੱਚ ਵੋਟਿੰਗ ਹੋਈ। ਇਸ ’ਚੋਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਨੇ 515, ਕਾਂਗਰਸ ਨੇ 187, ਭਾਜਪਾ ਨੇ 68, ਸ਼੍ਰੋਮਣੀ ਅਕਾਲੀ ਦਲ ਨੇ 26, ਬਹੁਜਨ ਸਮਾਜ ਪਾਰਟੀ (ਬਸਪਾ) ਨੇ ਤਿੰਨ ਅਤੇ 155 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।