ਮੁੰਬਈ ਦਹਿਸ਼ਤੀ ਹਮਲਾ: ਰਾਜਪਾਲ ਤੇ ਮੁੱਖ ਮੰਤਰੀ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਮੁੰਬਈ, 26 ਨਵੰਬਰ
ਮਹਾਰਾਸ਼ਟਰ ਦੇ ਰਾਜਪਾਲ ਰਮੇਸ਼ ਬੈਸ ਅਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ 15 ਸਾਲ ਪਹਿਲਾਂ ਅੱਜ ਦੇ ਹੀ ਦਿਨ ਮੁੰਬਈ ਵਿੱਚ ਹੋਏ ਦਹਿਸ਼ਤੀ ਹਮਲੇ ਦੇ ਸ਼ਹੀਦਾਂ ਸ਼ਰਧਾਂਜਲੀ ਭੇਟ ਕੀਤੀ। ਬੈਸ ਅਤੇ ਸ਼ਿੰਦੇ ਨੇ ਦੱਖਣੀ ਮੁੰਬਈ ’ਚ ਪੁਲੀਸ ਕਮਿਸ਼ਨਰ ਦਫ਼ਤਰ ਕੰਪਲੈਕਸ ’ਚ ਸ਼ਹੀਦੀ ਸਮਾਰਕ ’ਤੇ ਸ਼ਰਧਾਂਜਲੀ ਭੇਟ ਕੀਤੀ ਜਿੱਥੇ ਸੂਬੇ ਦੇ ਉੱਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਮੰਤਰੀ ਮੰਗਲ ਪ੍ਰਭਾਤ ਲੋਢਾ, ਦੀਪਕ ਕੇਸਰਕਰ, ਮੁੰਬਈ ਦੇ ਪੁਲੀਸ ਮੁਖੀ ਵਿਵੇਕ ਫਨਸਾਲਕਰ ਅਤੇ ਕਈ ਸੀਨੀਅਰ ਪੁਲੀਸ ਅਧਿਕਾਰੀ ਹਾਜ਼ਰ ਸਨ। 26 ਨਵੰਬਰ 2008 ਨੂੰ ਹੋਏ ਦਹਿਸ਼ਤੀ ਹਮਲੇ ’ਚ ਸ਼ਹੀਦ ਹੋਏ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਜਪਾਲ ਨੇ ਹਮਲੇ ’ਚ ਸ਼ਹੀਦ ਹੋਏ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਵੀ ਕੀਤੀ।
ਇਸੇ ਦੌਰਾਨ ਤਾਜ ਮਹਿਲ ਪੈਲੇਸ ਹੋਟਲ ਸਾਹਮਣੇ ‘ਗੇਟਵੇਅ ਆਫ ਇੰਡੀਆ’ ਤੋਂ ਕੈਂਡਲ ਅਤੇ ਫਲੈਗ ਮਾਰਚ ਕੱਢਿਆ ਗਿਆ, ਜਿਸ ਵਿੱਚ ਕੌਮੀ ਸੁਰੱਖਿਆ ਗਾਰਡ, ਮੁੰਬਈ ਪੁਲੀਸ ਦੇ ਮੁਲਾਜ਼ਮਾਂ ਅਤੇ ਭਾਰਤ ਰੈਵੇਨਿਊ ਸੇਵਾ ਅਧਿਕਾਰੀ ਸਮੀਰ ਵਾਨਖੇੜੇ ਵੀ ਸ਼ਾਮਲ ਹੋਏ। ਦਹਿਸ਼ਤਗਰਦਾਂ ਨੇ ਜਿਨ੍ਹਾਂ ਥਾਵਾਂ ’ਤੇ ਹਮਲਾ ਕੀਤਾ ਸੀ ਉਨ੍ਹਾਂ ਵਿੱਚ ਤਾਜ ਮਹਿਲ ਪੈਲੇਸ ਹੋਟਲ ਵੀ ਸ਼ਾਮਲ ਸੀ। ਸ਼ਹੀਦਾਂ ਦੀ ਯਾਦ ’ਚ ਕੱਢੇ ਇਸ ਮਾਰਚ ਵਿੱਚ ਰੋਟਰੀ ਕਲੱਬ ਦੇ ਮੈਂਬਰ ਅਤੇ ਮੀਠੀਭਾਈ ਕਾਲਜ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਦੱਸਣਯੋਗ ਹੈ 10 ਪਾਕਿਸਤਾਨੀ ਦਹਿਸ਼ਤਗਰਦ ਸਮੁੰਦਰ ਰਸਤੇ ਮੁੰਬਈ ਵਿੱਚ ਦਾਖਲ ਹੋਏ ਸਨ ਅਤੇ ਵੱਖ-ਵੱਖ ਥਾਈਂ ਗੋਲੀਬਾਰੀ ਕੀਤੀ ਸੀ ਜਿਸ ਦੌਰਾਨ 18 ਸੁਰੱਖਿਆ ਮੁਲਾਜ਼ਮਾਂ ਸਣੇ 166 ਵਿਅਕਤੀ ਮਾਰੇ ਗਏ ਸਨ ਅਤੇ ਕਈ ਹੋਰ ਜ਼ਖ਼ਮੀ ਹੋਏ ਸਨ। ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਸੁਰੱਖਿਆ ਬਲਾਂ ਦੇ ਜਵਾਨਾਂ ’ਚ ਅਤਿਵਾਦ ਰੋਕੂ ਦਸਤੇ (ਏਟੀਐੱਸ) ਦੇ ਤਤਕਾਲੀ ਮੁਖੀ ਹੇਮੰਤ ਕਰਕਰੇ, ਮੇਜਰ ਸੰਦੀਪ ਊਨੀਕ੍ਰਿਸ਼ਨ, ਮੁੰਬਈ ਵਧੀਕ ਪੁਲੀਸ ਕਮਿਸ਼ਨਰ ਅਸ਼ੋਕ ਕਾਮਤੇ ਤੇ ਸੀਨੀਅਰ ਪੁਲੀਸ ਇੰਸਪੈਕਟਰ ਵਿਜੈ ਸਾਲਸਕਰ ਸ਼ਾਮਲ ਸਨ। ਦਹਿਸ਼ਤਗਰਦਾਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਓਬਰਾਏ ਟਰਾਈਡੈਂਟ, ਤਾਜ ਮਹਿਲ ਪੈਲੇਸ ਹੋਟਲ ਅਤੇ ਟਾਵਰ, ਲੀਓਪੋਲਡ ਕੈਫੇ ਤੇ ਨਾਰੀਮਨ ਹਾਊਸ ਯਹੂਦੀ ਕਮਿਊਨਿਟੀ ਸੈਂਟਰ ’ਤੇ ਹਮਲਾ ਕੀਤਾ ਸੀ।
ਬਾਅਦ ਵਿੱਚ ਸੁਰੱਖਿਆ ਬਲਾਂ ਨੇ 9 ਦਹਿਸ਼ਤਗਰਦਾਂ ਨੂੰ ਹਲਾਕ ਕਰ ਦਿੱਤਾ ਸੀ। ਹਮਲੇ ’ਚ ਸ਼ਾਮਲ ਦਹਿਸ਼ਤਗਰਦ ਅਜਮਲ ਕਸਾਬ ਜਿਊਂਦਾ ਫੜਿਆ ਗਿਆ ਸੀ ਜਿਸ ਨੂੰ ਚਾਰ ਸਾਲਾਂ ਮਗਰੋਂ 21 ਨਵੰਬਰ 2012 ਨੂੰ ਫਾਂਸੀ ਦੇ ਦਿੱਤੀ ਗਈ ਸੀ। -ਪੀਟੀਆਈ
ਰਾਸ਼ਟਰਪਤੀ ਵੱਲੋਂ ਅਤਿਵਾਦ ਦੇ ਟਾਕਰੇ ਲਈ ਅਹਿਦ ਦੁਹਰਾਉਣ ਦੀ ਅਪੀਲ
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੁੰਬਈ ਦਹਿਸ਼ਤੀ ਹਮਲੇ ’ਚ ਸ਼ਹੀਦ ਹੋਏ ਸੁਰੱਖਿਆ ਕਰਮੀਆਂ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ ਅਤੇ ਲੋਕਾਂ ਨੂੰ ਹਰ ਥਾਂ ਹਰ ਤਰ੍ਹਾਂ ਦੇ ਅਤਿਵਾਦ ਦੇ ਟਾਕਰੇ ਦਾ ਅਹਿਦ ਦੁਹਰਾਉਣ ਦੀ ਅਪੀਲ ਕੀਤੀ। ਮੁਰਮੂ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਦੇਸ਼ 26/11 ਦੇ ਮੁੰਬਈ ਅਤਿਵਾਦੀ ਹਮਲੇ ਦੇ ਸਾਰੇ ਪੀੜਤਾਂ ਨੂੰ ਦੁਖੀ ਮਨ ਨਾਲ ਯਾਦ ਕਰਦਾ ਹੈ। ਅਸੀਂ, ਜਾਨ ਗੁਆਉਣ ਵਾਲੇ ਬਹਾਦਰ ਲੋਕਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸਨਮਾਨ ਲਈ ਉਨ੍ਹਾਂ ਦੇ ਪਰਿਵਾਰਾਂ ਅਤੇ ਪਿਆਰਿਆਂ ਦੇ ਨਾਲ ਹਾਂ।’’ ਉਨ੍ਹਾਂ ਕਿਹਾ, ‘‘ਮੈਂ, ਉਨ੍ਹਾਂ ਦਲੇਰ ਸੁਰੱਖਿਆ ਕਰਮੀਆਂ ਨੂੰ ਸ਼ਰਧਾਂਜਲੀ ਭੇਟ ਕਰਦੀ ਹਾਂ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਨੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ। ਆਓ ਹਰ ਜਗ੍ਹਾ ਅਤਿਵਾਦ ਦੀ ਸਾਰੇ ਰੂਪਾਂ ਨਾਲ ਲੜਨ ਦਾ ਅਹਿਦ ਦੁਹਰਾਈਏ।’’ -ਪੀਟੀਆਈ