ਮੁੰਬਈ: ਦੋ ਮੰਜ਼ਿਲਾ ਇਮਾਰਤ ’ਚ ਅੱਗ ਲੱਗਣ ਕਾਰਨ ਸੱਤ ਮੌਤਾਂ
ਮੁੰਬਈ, 6 ਅਕਤੂਬਰ
ਮੁੰਬਈ ’ਚ ਅੱਜ ਸਵੇਰੇ ਦੋ ਮੰਜ਼ਿਲਾ ਦੁਕਾਨ ਤੇ ਰਿਹਾਇਸ਼ੀ ਇਮਾਰਤ ’ਚ ਅੱਗ ਲੱਗਣ ਕਾਰਨ ਤਿੰਨ ਨਾਬਾਲਗਾਂ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ।
ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਪੰਜ ਵਜ ਕੇ 20 ਮਿੰਟ ’ਤੇ ਚੈਂਬੂਰ ਇਲਾਕੇ ਦੀ ਸਿੱਧਾਰਥ ਕਲੋਨੀ ’ਚ ਵਾਪਰੀ। ਉਨ੍ਹਾਂ ਦੱਸਿਆ ਕਿ ਇਮਾਰਤ ਦੀ ਹੇਠਲੀ ਮੰਜ਼ਿਲ ਦੀ ਵਰਤੋਂ ਦੁਕਾਨ ਵਜੋਂ ਅਤੇ ਉੱਪਰਲੀ ਮੰਜ਼ਿਲ ਦੀ ਵਰਤੋਂ ਰਿਹਾਇਸ਼ ਵਜੋਂ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਅੱਗ ਦੁਕਾਨ ਦੀਆਂ ਤਾਰਾਂ ਤੇ ਹੋਰ ਉਪਰਕਨਾਂ ’ਚ ਲੱਗੀ ਅਤੇ ਬਾਅਦ ਵਿੱਚ ਉੱਪਰਲੀ ਮੰਜ਼ਿਲ ’ਚ ਵੀ ਫੈਲ ਗਈ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ’ਚ ਸੱਤ ਵਿਅਕਤੀ ਝੁਲਸ ਗਏ। ਉਨ੍ਹਾਂ ਨੂੰ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਪਾਣੀ ਦੇ ਟੈਂਕਰ ਆਦਿ ਮੌਕੇ ’ਤੇ ਭੇਜੇ ਗਏ ਅਤੇ ਸਵੇਰੇ 9.15 ਵਜੇ ਅੱਗ ’ਤੇ ਕਾਬੂ ਪਾ ਲਿਆ ਗਿਆ। ਮ੍ਰਿਤਕਾਂ ਦੀ ਪਛਾਣ ਪਾਰਸ ਗੁਪਤਾ (7), ਮੰਜੂ ਪ੍ਰੇਮ ਗੁਪਤਾ (30), ਅਨੀਤਾ ਗੁਪਤਾ (39), ਪ੍ਰੇਮ ਗੁਪਤਾ (30), ਨਰੇਂਦਰ ਗੁਪਤਾ (10), ਵਿਧੀ ਛੇਦੀਰਾਮ ਗੁਪਤਾ (15) ਅਤੇ ਗੀਤਾਦੇਵੀ ਧਰਮਦੇਵ ਗੁਪਤਾ (60) ਵਜੋਂ ਹੋਈ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਅਜੇ ਪਤਾ ਨਹੀਂ ਚੱਲ ਸਕਿਆ। -ਪੀਟੀਆਈ
ਮੁੱਖ ਮੰਤਰੀ ਵੱਲੋਂ ਮੁਆਵਜ਼ੇ ਦਾ ਐਲਾਨ
ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਘਟਨਾ ਦੀ ਉੱਚ ਪੱਧਰੀ ਜਾਂਚ ਦਾ ਹੁਕਮ ਦਿੱਤਾ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਦੱਸਿਆ ਤੇ ਕਿਹਾ ਕਿ ਜ਼ਖ਼ਮੀਆਂ ਦੇ ਇਲਾਜ ’ਤੇ ਹੋਣ ਵਾਲਾ ਸਾਰਾ ਖਰਚਾ ਸਰਕਾਰ ਝੱਲੇਗੀ। ਉਨ੍ਹਾਂ ਨਾਲ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਵੀ ਸਨ। -ਪੀਟੀਆਈ