ਮੁੰਬਈ: ਮਸ਼ਹੂਰ ਫਿਲਮ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਦੀ ਭੇਤਭਰੀ ਹਾਲਤ ’ਚ ਮੌਤ, ਸਟੂਡੀਓ ’ਚ ਲਟਕਦੀ ਮਿਲੀ ਲਾਸ਼
ਮੁੰਬਈ, 2 ਅਗਸਤ
ਮਸ਼ਹੂਰ ਫਿਲਮ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਅੱਜ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਆਪਣੇ ਸਟੂਡੀਓ ਵਿੱਚ ਮ੍ਰਿਤ ਮਿਲੇ। ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਪੁਲੀਸ ਨੇ ਦੱਸਿਆ ਕਿ ਦੇਸਾਈ ਦੀ ਲਾਸ਼ ਮੁੰਬਈ ਤੋਂ 50 ਕਿਲੋਮੀਟਰ ਦੂਰ ਰਾਏਗੜ੍ਹ ਦੇ ਕਰਜਤ ਖੇਤਰ ਵਿੱਚ ਉਨ੍ਹਾਂ ਦੇ ਐੱਨਡੀ ਸਟੂਡੀਓ ਵਿੱਚ ਲਟਕਦੀ ਮਿਲੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲੀਸ ਦੇਸਾਈ ਦੇ ਸਟੂਡੀਓ 'ਚ ਪਹੁੰਚ ਗਈ। ਦੇਸਾਈ ਦੀ ਮੌਤ ਦੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਦੇਸਾਈ ਨੇ ਕਈ ਬਾਲੀਵੁੱਡ ਅਤੇ ਮਰਾਠੀ ਫਿਲਮਾਂ ਲਈ ਕਲਾ ਨਿਰਦੇਸ਼ਕ ਅਤੇ ਪ੍ਰੋਡਕਸ਼ਨ ਡਿਜ਼ਾਈਨਰ ਵਜੋਂ ਕੰਮ ਕੀਤਾ ਸੀ। ਉਹ 'ਹਮ ਦਿਲ ਦੇ ਚੁਕੇ ਸਨਮ', 'ਜੋਧਾ ਅਕਬਰ' ਅਤੇ 'ਪ੍ਰੇਮ ਰਤਨ ਧਨ ਪਾਓ' ਵਰਗੀਆਂ ਫਿਲਮਾਂ ਵਿੱਚ ਕਲਾ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਨਿਤਿਨ ਦੇਸਾਈ ਨੇ ਆਪਣੇ ਵਿੱਤੀ ਰਿਣਦਾਤਾ ਨੂੰ 252 ਕਰੋੜ ਰੁਪਏ ਦੇ ਕਰਜ਼ੇ ਦੀ ਅਦਾਇਗੀ ਨਹੀਂ ਕੀਤੀ ਸੀ ਤੇ ਪਿਛਲੇ ਹਫ਼ਤੇ ਹੀ ਅਦਾਲਤ ਨੇ ਉਸ ਖਿਲਾਫ ਦੀਵਾਲਾ ਕਾਰਵਾਈ ਸ਼ੁਰੂ ਕਰਨ ਦੀ ਉਸ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਸੀ। ਦੇਸਾਈ ਦੀ ਕੰਪਨੀ ਐੱਨਡੀ ਆਰਟ ਵਰਲਡ ਪ੍ਰਾਈਵੇਟ ਨੇ 2016 ਅਤੇ 2018 ਵਿੱਚ ਦੋ ਵਾਰ ਈਸੀਐੱਲ ਫਾਈਨਾਂਸ ਤੋਂ 185 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ।