ਮੁੰਬਈ ਬੀਐੱਮਡਬਲਿਊ ਹਾਦਸਾ: ਫ਼ਰਾਰ ਕਾਰ ਚਾਲਕ ਖ਼ਿਲਾਫ਼ ਐੱਲਓਸੀ ਜਾਰੀ
ਮੁੰਬਈ, 8 ਜੁਲਾਈ
ਮੁੰਬਈ ਪੁਲੀਸ ਨੇ 24 ਸਾਲਾ ਉਸ ਵਿਅਕਤੀ ਖ਼ਿਲਾਫ਼ ਲੁੱਕ ਆਊਟ ਸਰਕੁਲਰ (ਐੱਲਓਸੀ) ਜਾਰੀ ਕੀਤਾ ਹੈ ਜਿਸ ਨੇ ਵਰਲੀ ਇਲਾਕੇ ਵਿੱਚ ਇਕ ਮਹਿਲਾ ਨੂੰ ਬੀਐੱਮਡਬਲਿਊ ਕਾਰ ਨਾਲ ਕਥਿਤ ਤੌਰ ’ਤੇ ਟੱਕਰ ਮਾਰ ਦਿੱਤੀ ਸੀ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਘਟਨਾ ਵਿੱਚ ਮਹਿਲਾ ਦੀ ਮੌਤ ਹੋ ਗਈ ਸੀ। ਮੁਲਜ਼ਮ ਗੁਆਂਢੀ ਪਾਲਘਰ ਜ਼ਿਲ੍ਹੇ ਦੇ ਸ਼ਿਵ ਸੈਨਾ ਆਗੂ ਰਾਜੇਸ਼ ਸ਼ਾਹ ਦਾ ਪੁੱਤਰ ਹੈ। ਪੁਲੀਸ ਮੁਤਾਬਕ, ਵਰਲੀ ਕੋਲੀਵਾੜਾ ਦੀ ਵਸਨੀਕ ਕਾਵੇਰੀ ਨਖਵਾ ਐਤਵਾਰ ਨੂੰ ਕਰੀਬ ਸਵੇਰੇ 5.30 ਵਜੇ ਆਪਣੇ ਪਤੀ ਪ੍ਰਦੀਪ ਨਾਲ ਡਾ. ਐਨੀ ਬੇਸੈਂਟ ਮਾਰਗ ਤੋਂ ਲੰਘ ਰਹੀ ਸੀ ਤਾਂ ਬੀਐੱਮਡਬਲਿਊ ਕਾਰ ਸਵਾਰ ਮਿਹਿਰ ਸ਼ਾਹ ਨੇ ਜੋੜੇ ਦੇ ਦੋ-ਪਹੀਆ ਵਾਹਨ ਨੂੰ ਕਥਿਤ ਤੌਰ ’ਤੇ ਟੱਕਰ ਮਾਰ ਦਿੱਤੀ ਸੀ। ਹਾਦਸੇ ’ਚ ਜ਼ਖ਼ਮੀ ਹੋਈ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਅਧਿਕਾਰੀ ਮੁਤਾਕਬ ਹਾਦਸੇ ਤੋਂ ਬਾਅਦ ਮੁਲਜ਼ਮ ਬਾਂਦਰਾ-ਵਰਲੀ ਸੀ ਲਿੰਕ ਵੱਲ ਭੱਜ ਗਿਆ। ਮੁਲਜ਼ਮ ਆਪਣੀ ਕਾਰ ਅਤੇ ਨਾਲ ਵਾਲੀ ਸੀਟ ’ਤੇ ਬੈਠੇ ਡਰਾਈਵਰ ਰਾਜਰਿਸ਼ੀ ਬਿਦਾਵਤ ਨੂੰ ਬਾਂਦਰਾ ਇਲਾਕੇ ਵਿੱਚ ਕਲਾ ਨਗਰ ਕੋਲ ਛੱਡ ਕੇ ਫ਼ਰਾਰ ਹੋ ਗਿਆ। ਅਧਿਕਾਰੀ ਮੁਤਾਬਕ, ਵਰਲੀ ਪੁਲੀਸ ਨੇ ਮਿਹਿਰ ਦੇ ਪਿਤਾ ਰਾਜੇਸ਼ ਸ਼ਾਹ ਤੇ ਡਰਾਈਵਰ ਬਿਦਾਵਤ ਨੂੰ ਹਾਦਸੇ ਤੋਂ ਬਾਅਦ ਭੱਜਣ ਵਿੱਚ ਮਿਹਿਰ ਦੀ ਮਦਦ ਕਰਨ ਦੇ ਦੋਸ਼ ਹੇਠ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਕਾਰ ਦਾ ਮਾਲਕ ਰਾਜੇਸ਼ ਸ਼ਾਹ ਹੈ। ਅਧਿਕਾਰੀ ਨੇ ਕਿਹਾ, ‘‘ਕਿਉਂਕਿ ਮਿਹਿਰ ਸ਼ਾਹ ਦੇ ਦੇਸ਼ ਛੱਡ ਕੇ ਭੱਜਣ ਦੀ ਸੰਭਾਵਨਾ ਹੈ ਇਸ ਵਾਸਤੇ ਮੁੰਬਈ ਪੁਲੀਸ ਨੇ ਐਤਵਾਰ ਸ਼ਾਮ ਨੂੰ ਉਸ ਖ਼ਿਲਾਫ਼ ਐੱਲਓਸੀ ਜਾਰੀ ਕਰ ਦਿੱਤਾ।’’ ਪੁਲੀਸ ਨੇ ਮੁਲਜ਼ਮ ਦੀ ਭਾਲ ਤੇਜ਼ ਕਰ ਦਿੱਤੀ ਹੈ ਅਤੇ ਉਸ ਦਾ ਪਤਾ ਲਾਉਣ ਲਈ ਛੇ ਟੀਮਾਂ ਗਠਿਤ ਕੀਤੀਆਂ ਹਨ। ਅਧਿਕਾਰੀ ਮੁਤਾਬਕ ਪੁਲੀਸ ਨੂੰ ਸ਼ੱਕ ਹੈ ਕਿ ਹਾਦਸੇ ਦੇ ਸਮੇਂ ਮਿਹਿਰ ਸ਼ਰਾਬ ਦੇ ਨਸ਼ੇ ਵਿੱਚ ਸੀ ਕਿਉਂਕਿ ਹਾਦਸੇ ਤੋਂ ਕੁਝ ਘੰਟੇ ਪਹਿਲਾਂ ਉਸ ਨੂੰ ਜੁਹੂ ਇਲਾਕੇ ਵਿੱਚ ਇਕ ਬਾਰ ਵਿੱਚ ਦੇਖਿਆ ਗਿਆ ਸੀ। ਪੁਲੀਸ ਨੂੰ ਬਾਰ ਦਾ 18,000 ਰੁਪਏ ਦਾ ਬਿੱਲ ਵੀ ਮਿਲਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ