For the best experience, open
https://m.punjabitribuneonline.com
on your mobile browser.
Advertisement

ਮੁੰਬਈ ਰਿਕਾਰਡ 42ਵੀਂ ਵਾਰ ਬਣਿਆ ਰਣਜੀ ਚੈਂਪੀਅਨ

07:23 AM Mar 15, 2024 IST
ਮੁੰਬਈ ਰਿਕਾਰਡ 42ਵੀਂ ਵਾਰ ਬਣਿਆ ਰਣਜੀ ਚੈਂਪੀਅਨ
ਮੁੰਬਈ ਦੀ ਟੀਮ ਰਣਜੀ ਟਰਾਫ਼ੀ ਦਾ ਫਾਈਨਲ ਜਿੱਤਣ ਦੀ ਖੁਸ਼ੀ ਮਨਾਉਂਦੀ ਹੋਈ। -ਫੋਟੋ: ਪੀਟੀਆਈ
Advertisement

ਮੁੰਬਈ, 14 ਮਾਰਚ
ਮੁੰਬਈ ਦੀ ਟੀਮ ਨੇ ਵਿਦਰਭ ਨੂੰ ਅੱਜ ਪੰਜਵੇਂ ਤੇ ਆਖਰੀ ਦਿਨ 169 ਦੌੜਾਂ ਨਾਲ ਹਰਾ ਕੇ ਰਿਕਾਰਡ 42ਵਾਂ ਰਣਜੀ ਟਰਾਫ਼ੀ ਖਿਤਾਬ ਜਿੱਤ ਲਿਆ ਹੈ। ਟੂਰਨਾਮੈਂਟ ਦੇ 90 ਸਾਲਾਂ ਦੇ ਇਤਿਹਾਸ ਵਿਚ ਮੁੰਬਈ ਦਾ ਇਹ 48ਵਾਂ ਖਿਤਾਬੀ ਮੁਕਾਬਲਾ ਸੀ। ਮੁੰਬਈ ਨੇ ਅੱਠ ਸਾਲਾਂ ਮਗਰੋਂ ਇਹ ਖਿਤਾਬ ਜਿੱਤਿਆ ਹੈ। ਵਾਨਖੇੜੇ ਸਟੇਡੀਅਮ ਵਿਚ ਖੇਡੇ ਫਾਈਨਲ ਵਿਚ ਮੇਜ਼ਬਾਨ ਟੀਮ ਨੇ ਵਿਦਰਭ ਨੂੰ ਜਿੱਤ ਲਈ 538 ਦੌੜਾਂ ਦਾ ਟੀਚਾ ਦਿੱਤਾ ਸੀ। ਵਿਦਰਭ ਦੇ ਕਪਤਾਨ ਅਕਸ਼ੈ ਵਾਡਕਰ(102) ਤੇ ਹਰਸ਼ ਦੂਬੇ (65) ਨੇ ਮੈਚ ਦੇ ਆਖਰੀ ਦਿਨ ਦੇ ਪਹਿਲੇ ਸੈਸ਼ਨ ਵਿਚ 248/5 ਦੇ ਸਕੋਰ ਤੋਂ ਅੱਗੇ ਖੇਡਦਿਆਂ ਮੁੰਬਈ ਦੇ ਗੇਂਦਬਾਜ਼ਾਂ ਨੂੰ ਵਿਕਟ ਲੈਣ ਤੋਂ ਡੱਕੀ ਰੱਖਿਆ। ਵਿਦਰਭ ਦੀ ਟੀਮ ਨੂੰ ਆਖਰੀ ਦਿਨ 290 ਦੌੜਾਂ ਦੀ ਲੋੜ ਸੀ, ਪਰ ਟੀਮ 368 ਦੌੜਾਂ ਦੇ ਸਕੋਰ ’ਤੇ ਆਊਟ ਹੋ ਗਈ।
ਆਖਰੀ ਦਿਨ ਵਿਦਰਭ ਦੇ ਕਪਤਾਨ ਵਾਡਕਰ ਨੇ ਮੂਹਰੇ ਹੋ ਕੇ ਟੀਮ ਦੀ ਅਗਵਾਈ ਕੀਤੀ ਤੇ ਇਸ ਸਾਲ ਵਿਚ ਆਪਣਾ ਪਹਿਲਾ ਸੈਂਕੜਾ ਜੜਦਿਆਂ ਇਸ ਸੀਜ਼ਨ ਵਿਚ 600 ਤੋਂ ਵੱਧ ਦੌੜਾਂ ਦੇ ਟੀਚੇ ਨੂੰ ਪਾਰ ਕੀਤਾ। ਦੂਬੇ ਨੇ ਆਪਣੇ ਪਹਿਲਾ ਦਰਜਾ ਕਰੀਅਰ ਦਾ ਦੂਜਾ ਨੀਮ ਸੈਂਕੜਾ ਜੜਿਆ। ਦੋਵੇਂ 194 ਮਿੰਟਾਂ ਤੱਕ ਕਰੀਜ਼ ’ਤੇ ਟਿਕੇ ਰਹੇ ਤੇ ਇਸ ਦੌਰਾਨ ਉਨ੍ਹਾਂ 255 ਗੇਂਦਾਂ ਦਾ ਸਾਹਮਣਾ ਕੀਤਾ। ਮੁੰਬਈ ਦੇ ਗੇਂਦਬਾਜ਼ ਤਨੁਸ਼ ਕੋਟੀਆਂ (4/95) ਨੇ ਵਾਡਕਰ ਨੂੰ ਲੱਤ-ਅੜਿੱਕਾ ਆਊਟ ਕਰਕੇ ਇਸ ਭਾਈਵਾਲੀ ਨੂੰ ਤੋੜਿਆ। ਤੁਸ਼ਾਰ ਦੇਸ਼ਪਾਂਡ ਤੇ ਮੁਸ਼ੀਰ ਖ਼ਾਨ ਨੇ ਦੋ-ਦੋ ਵਿਕਟਾਂ ਲਈਆਂ। ਵਿਦਰਭ ਦੀ ਟੀਮ ਹੁਣ ਤੱਕ ਦੋ ਵਾਰ ਖਿਤਾਬ ਜਿੱਤ ਚੁੱਕੀ ਹੈ ਤੇ ਟੀਮ ਨੂੰ ਤੀਜੀ ਵਾਰ ਫਾਈਨਲ ਵਿਚ ਹਾਰ ਨਸੀਬ ਹੋਈ ਹੈ। ਮੁੰਬਈ ਦੀ ਟੀਮ ਨੇ ਆਪਣੀਆਂ ਦੋ ਪਾਰੀਆਂ ਵਿਚ ਕ੍ਰਮਵਾਰ 224 ਤੇ 418 ਦਾ ਸਕੋਰ ਬਣਾਇਆ ਸੀ। ਵਿਦਰਭ ਦੀ ਟੀਮ ਪਹਿਲੀ ਪਾਰੀ ਵਿਚ 105 ਦੌੜਾਂ ’ਤੇ ਆਊਟ ਹੋ ਗਈ ਸੀ ਜਦੋਂਕਿ ਟੀਮ ਦੂਜੀ ਪਾਰੀ ਵਿਚ 134.4 ਓਵਰਾਂ ਵਿਚ 368 ਦੌੜਾਂ ਹੀ ਬਣਾ ਸਕੀ। -ਪੀਟੀਆਈ

Advertisement

ਮੁੰਬਈ ਕ੍ਰਿਕਟ ਐਸੋਸੀਏਸ਼ਨ ਨੇ ਇਨਾਮੀ ਰਾਸ਼ੀ ਦੁੱਗਣੀ ਕੀਤੀ

ਮੁੰਬਈ: 42ਵਾਂ ਰਣਜੀ ਟਰਾਫ਼ੀ ਖਿਤਾਬ ਜਿੱਤਣ ਲਈ ਮੁੰਬਈ ਦੀ ਟੀਮ ਨੂੰ 5 ਕਰੋੜ ਰੁਪਏ ਦੀ ਵਾਧੂ ਰਾਸ਼ੀ ਮਿਲੇਗੀ। ਸੂਬਾਈ ਕ੍ਰਿਕਟ ਐਸੋਸੀਏਸ਼ਨ ਨੇ ਇਨਾਮੀ ਰਾਸ਼ੀ ਦੁੱਗਣੀ ਕਰ ਦਿੱਤੀ ਹੈ। ਐੱਮਸੀਏ ਦੇ ਸਕੱਤਰ ਅਜਿੰਕਿਆ ਨਾਇਕ ਨੇ ਇਕ ਬਿਆਨ ਵਿਚ ਕਿਹਾ, ‘‘ਐੱਮਸੀਏ ਪ੍ਰਧਾਨ ਅਮੋਲ ਕਾਲੇ ਤੇ ਸਿਖਰਲੀ ਕੌਂਸਲ ਨੇ ਰਣਜੀ ਟਰਾਫ਼ੀ ਇਨਾਮੀ ਰਾਸ਼ੀ ਦੁੱਗਣੀ ਕਰਨ ਦਾ ਫੈਸਲਾ ਕੀਤਾ ਹੈ। ਐੱਮਸੀਏ ਵੱਲੋਂ ਰਣਜੀ ਟਰਾਫ਼ੀ ਜਿੱਤਣ ਵਾਲੀ ਮੁੰਬਈ ਦੀ ਟੀਮ ਨੂੰ 5 ਕਰੋੜ ਰੁਪਏ ਦੀ ਵਾਧੂ ਰਾਸ਼ੀ ਦਿੱਤੀ ਜਾਵੇਗੀ। ਐੱਮਸੀਏ ਲਈ ਇਹ ਸਾਲ ਬਹੁਤ ਵਧੀਆ ਰਿਹਾ ਹੈ ਕਿਉਂਕਿ ਐਸੋਸੀਏਸ਼ਨ ਨੇ ਸੱਤ ਖਿਤਾਬ ਜਿੱਤੇ ਹਨ ਤੇੇ ਅਸੀਂ ਬੀਸੀਸੀਆਈ ਟੂਰਨਾਮੈਂਟਾਂ ਵਿਚ ਸਾਰੇ ਉਮਰ ਵਰਗਾਂ ਵਿਚ ਨਾਕਆਊਟ ਗੇੜ ਤੱਕ ਥਾਂ ਬਣਾਈ ਹੈ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×