ਬਹੁਪੱਖੀ ਵਿਕਾਸ ਅਤੇ ਸਿੱਖਿਆ ਢਾਂਚਾ
ਕਿਸੇ ਵੀ ਸਮਾਜ ਦੇ ਲਗਾਤਾਰ ਤੇ ਬਹੁਪੱਖੀ ਵਿਕਾਸ ਲਈ ਸਿੱਖਿਆ ਢਾਂਚਾ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਿੱਖਿਆ, ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਲੋਕਤੰਤਰੀ ਵਿਵਸਥਾ ਮਜ਼ਬੂਤ ਕਰਨ ਲਈ ਲੋਕਾਂ ਦੀ ਸਮਾਜਿਕ ਆਰਥਿਕ ਹਾਲਤ ਨੂੰ ਨਵੀਂ ਦਿਸ਼ਾ ਦੇਣ ਅਤੇ ਕਿਸੇ ਰਾਜ ਨੂੰ ਤਰੱਕੀ ਦੀਆਂ ਮੰਜ਼ਿਲਾਂ ’ਤੇ ਪਹੁੰਚਾਉਣ ਲਈ ਸਕੂਲੀ ਸਿੱਖਿਆ ਦਾ ਮਜ਼ਬੂਤ ਆਧਾਰ ਚਾਹੀਦਾ ਹੈ। ਆਜ਼ਾਦੀ ਤੋਂ ਬਾਅਦ ਸਿੱਖਿਆ ਦੇ ਖੇਤਰ ਵਿਚ ਬਹੁਤ ਤਬਦੀਲੀਆਂ ਆਈਆਂ ਹਨ। ਸਿੱਖਿਆ ਸੰਸਥਾਵਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਪਰ ਲਗਾਤਾਰ ਵਧ ਰਹੀ ਆਬਾਦੀ ਅਤੇ ਸਰਕਾਰਾਂ ਦੇ ਸਿੱਖਿਆ ਦੇ ਖੇਤਰ ਵੱਲ ਅਣਗਹਿਲੀ ਭਰੇ ਵਤੀਰੇ ਕਾਰਨ ਸਕੂਲੀ ਸਿੱਖਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਆਰਥਿਕ ਪੱਖੋਂ ਪਛੜੇ ਲੋਕ ਆਪਣੇ ਬੱਚਿਆਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣ ਤੋਂ ਅਸਮਰਥ ਹਨ। ਇਸ ਲਈ ਜ਼ਰੂਰੀ ਹੈ ਕਿ ਸਮਾਜ ਦੀ ਸਾਂਝ ਸਦਕਾ ਚੰਗੇਰੀ ਸਿੱਖਿਆ ਦਾ ਸੁਫ਼ਨਾ ਸਾਕਾਰ ਕੀਤਾ ਜਾਵੇ।
ਜੇ ਕੋਈ ਅਧਿਆਪਕ ਆਪਣੇ ਕਾਰਜ ਪ੍ਰਤੀ ਸੇਵਾ ਭਾਵਨਾ ਜਿਹੀ ਦ੍ਰਿਸ਼ਟੀ ਰੱਖਦਾ ਹੈ ਤਾਂ ਇਹ ਕਿਸੇ ਦੇਸ਼ ਭਗਤੀ ਤੋਂ ਘੱਟ ਨਹੀਂ। ਸਮਾਂ ਬਦਲਣ ਨਾਲ ਅਜਿਹੀ ਭਾਵਨਾ ਭਾਵੇਂ ਲੋਪ ਹੋ ਰਹੀ ਹੈ ਪਰ ਜਾਗਦੀ ਜ਼ਮੀਰ ਵਾਲੇ ਬਹੁਤ ਸਾਰੇ ਚਾਨਣ-ਮੁਨਾਰੇ ਪ੍ਰਤੀਬੱਧਤਾ ਨਾਲ ਸਮਾਜ ਨੂੰ ਚਾਨਣ ਵੰਡ ਰਹੇ ਹਨ। ਉਂਝ ਵੀ ਚੰਗੇ ਮਾੜੇ ਬੰਦੇ ਹਰ ਖੇਤਰ ਵਿਚ ਹੁੰਦੇ ਹਨ। ਅਸਲ ਵਿਚ ਦੋਸ਼ੀ ਤਾਂ ਉਹ ਪ੍ਰਬੰਧ ਹੈ ਜਿਸ ਵਿਚ ਪਦਾਰਥਵਾਦ ਨੇ ਇਸ ਕਦਰ ਪ੍ਰਭਾਵ ਪਾਇਆ ਹੈ ਕਿ ਮਨੁੱਖ ਦੀ ਪਛਾਣ ਹੁਣ ਧਨ ਅਤੇ ਕੀਮਤੀ ਵਸਤਾਂ ਹੀ ਹੋ ਗਈਆਂ ਹਨ।
ਸਮਾਜ ਨੇ ਅਧਿਆਪਕ ਦੇ ਮੋਢਿਆਂ ’ਤੇ ਜਿਹੜੀ ਜ਼ਿੰਮੇਵਾਰੀ ਪਾਈ ਹੈ, ਉਹ ਇੰਨੀ ਵੱਡੀ ਹੈ ਕਿ ਉਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਮਿਹਨਤ ਤੇ ਸਾਰਥਿਕ ਯਤਨਾਂ ਦੀ ਬਦੌਲਤ ਹੀ ਚੰਗੇ ਸਿੱਟਿਆਂ ਦੀ ਆਸ ਕੀਤੀ ਜਾ ਸਕਦੀ ਹੈ। ਸਰਕਾਰੀ ਸਕੂਲ ਬਣਾ ਤਾਂ ਦਿੱਤੇ ਜਾਂਦੇ ਹਨ ਪਰ ਬਹੁਤ ਸਾਰੀਆਂ ਘਾਟਾਂ ਕਾਰਨ ਚੰਗੀ ਸਿੱਖਿਆ ਦਾ ਸੁਫ਼ਨਾ ਅਧਵਾਟੇ ਹੀ ਦਮ ਤੋੜ ਜਾਂਦਾ ਹੈ। ਜੇ ਸਮਾਜ ਦੇ ਜਾਗਰੂਕ ਲੋਕਾਂ ਦਾ ਯੋਗਦਾਨ ਨਾ ਹੋਵੇ ਤਾਂ ਹੁਣ ਤੱਕ ਬਹੁਤੇ ਸਕੂਲ ਬੰਦ ਹੋ ਚੁੱਕੇ ਹੁੰਦੇ। ਬਹੁਤ ਸਾਰੇ ਪਰਵਾਸੀ ਪੰਜਾਬੀਆਂ ਨੇ ਖੁੱਲ੍ਹੇ ਦਿਲ ਨਾਲ ਮਦਦ ਕਰ ਕੇ ਆਪੋ-ਆਪਣੇ ਪਿੰਡਾਂ ਦੇ ਸਕੂਲਾਂ ਦੀ ਕਾਇਆ-ਕਲਪ ਕਰ ਕੇ ਭਰਵਾਂ ਯੋਗਦਾਨ ਦਿੱਤਾ ਹੈ। ਅਸਲ ਵਿਚ ਸਰਕਾਰਾਂ ਦੇ ਨਾਂਹ ਮੁਖੀ ਰਵੱਈਏ ਕਾਰਨ ਪੰਜਾਬ ਸਿੱਖਿਆ ਦੇ ਖੇਤਰ ਵਿਚ ਪਛੜ ਰਿਹਾ ਹੈ। ਇਸ ਦਾ ਸਭ ਤੋਂ ਵੱਧ ਨੁਕਸਾਨ ਆਰਥਿਕ ਤੌਰ ’ਤੇ ਪਛੜੇ ਪਰਿਵਾਰਾਂ ਨੂੰ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਬੱਚੇ ਹੀ ਇਨ੍ਹਾਂ ਸਕੂਲਾਂ ਵਿਚ ਪੜ੍ਹ ਰਹੇ ਹਨ।
ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਵਿਚ ਸ਼ਾਨਦਾਰ ਧਾਰਮਿਕ ਸਥਾਨ ਬਣ ਚੁੱਕੇ ਹੈ ਅਤੇ ਹੋਰ ਵੀ ਬਣ ਰਹੇ ਹਨ। ਕਈ ਪਿੰਡਾਂ ਵਿਚ ਤਾਂ ਚੰਗੀ ਭਲੀ ਇਮਾਰਤ ਨੂੰ ਢਾਅ ਕੇ ਕਰੋੜਾਂ ਰੁਪਏ ਦੇ ਬਜਟ ਨਾਲ ਨਵੀਆਂ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ। ਧਾਰਮਿਕ ਸਥਾਨਾਂ ਦੀ ਸਥਾਪਨਾ ਕਰਨ ਵਿਚ ਕੋਈ ਬੁਰਾਈ ਨਹੀਂ ਪਰ ਲੋੜ ਇਹ ਸੋਚਣ ਦੀ ਹੈ ਕਿ ਜੇ ਪਿੰਡਾਂ ਦੇ ਬੱਚੇ ਸੁਚੱਜੀ ਸਿੱਖਿਆ ਦੀ ਅਣਹੋਂਦ ਕਾਰਨ ਸਿੱਖਿਆ ਤੋਂ ਵਾਂਝੇ ਰਹਿ ਗਏ ਤਾਂ ਪਹਿਲਾਂ ਹੀ ਨਿੱਘਰ ਰਿਹਾ ਪੰਜਾਬ ਹੋਰ ਪਛੜ ਜਾਵੇਗਾ। ਪੰਜਾਬ ਪਹਿਲਾਂ ਹੀ ਨਸ਼ਿਆਂ ਵਿਚ ਰੁੜ੍ਹ ਰਿਹਾ ਹੈ। ਇਸ ਲਈ ਸਿੱਖਿਆ ਵਰਗੇ ਅਤਿ ਮਹੱਤਵਪੂਰਨ ਕਾਰਜ ਨੂੰ ਪਿੱਛੇ ਸੁੱਟਣਾ ਪੰਜਾਬ ਦੇ ਭਵਿੱਖ ਲਈ ਬਹੁਤ ਘਾਤਕ ਸਾਬਿਤ ਹੋ ਸਕਦਾ ਹੈ।
ਸਰਕਾਰਾਂ ਦਾਅਵੇ ਬਹੁਤ ਵੱਡੇ ਕਰਦੀਆਂ ਹਨ ਪਰ ਅਮਲੀ ਰੂਪ ਵਿਚ ਬਹੁਤਾ ਕੁਝ ਨਜ਼ਰ ਨਹੀਂ ਆਉਂਦਾ। ਇਹ ਠੀਕ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਹੋਇਆ ਹੈ। ਸਕੂਲਾਂ ਨੂੰ ਲਿਸ਼ਕਾ-ਪੁਸ਼ਕਾ ਕੇ ਕਈ ਤਰ੍ਹਾਂ ਦੇ ਲੁਭਾਉਣੇ ਨਾਂ ਦਿੱਤੇ ਗਏ ਹਨ। ਕਿਤੇ ਮੈਰੀਟੋਰੀਅਸ ਸਕੂਲ ਹਨ, ਕਿਤੇ ਕੋਈ ਸਮਾਰਟ ਸਕੂਲ ਹੈ, ਕਿਤੇ ਸਕੂਲ ਆਫ ਐਂਮੀਨੈਂਸ ਹੈ। ਸਿੱਖਿਆ ਦੀ ਬਿਹਤਰੀ ਲਈ ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਵਿਦੇਸ਼ੀ ਟੂਰ ਕਰਵਾਏ ਜਾ ਰਹੇ ਹਨ। ਹਰ ਸਰਕਾਰ ਸਿੱਖਿਆ ਨੂੰ ਮਿਆਰੀ ਬਣਾਉਣ ਦੇ ਬਿਆਨ ਦਾਗਦੀ ਹੈ। ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਲਈ ਕੋਈ ਯਤਨ ਕੀਤਾ ਹੀ ਨਹੀਂ। ਉਂਝ, ਇਮਾਰਤੀ ਢਾਂਚਾ ਬਣਾਉਣ ਨਾਲ ਹੀ ਕੋਈ ਸਕੂਲ ‘ਸਮਾਰਟ’ ਨਹੀਂ ਬਣ ਜਾਂਦਾ। ਸਕੂਲਾਂ ਵਿਚ ਵੱਡੀ ਪੱਧਰ ’ਤੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਬਹੁਤ ਸਕੂਲ, ਮੁਖੀਆਂ ਤੋਂ ਸੱਖਣੇ ਹਨ। ਸਿੱਖਿਆ ਦਾ ਬਹੁਤਾ ਦਾਰੋਮਦਾਰ ਅਧਿਆਪਕ ਉੱਤੇ ਨਿਰਭਰ ਕਰਦਾ ਹੈ ਪਰ ਦੁਖਦਾਈ ਸਥਿਤੀ ਇਹ ਹੈ ਕਿ ਸਕੂਲਾਂ ਵਿਚ ਅਨੇਕਾਂ ਵੰਨਗੀਆਂ ਦੇ ਅਧਿਆਪਕ ਹਨ। ਇਕੋ ਜਿਹਾ ਕੰਮ ਕਰ ਰਹੇ ਅਧਿਆਪਕਾਂ ਨੂੰ ਵੀ ਕਈ ਤਰ੍ਹਾਂ ਦੇ ਵਿਤਕਰੇ ਸਹਿਣੇ ਪੈ ਰਹੇ ਹਨ। ਤਨਖਾਹਾਂ ਵਿਚ ਵੱਡਾ ਵਿਤਕਰਾ ਹੈ।
ਪੰਜਾਬ ਦੇ ਬਹੁਤੇ ਪਿੰਡਾਂ ਵਿਚ ਮੁੱਖ ਸੜਕਾਂ ਉੱਤੇ ਵੱਡੇ-ਵੱਡੇ ਦਿਉ ਕੱਦ ਗੇਟਾਂ ਦੀ ਉਸਾਰੀ ਕੀਤੀ ਗਈ ਹੈ। ਲੱਖਾਂ ਰੁਪਏ ਇਨ੍ਹਾਂ ’ਤੇ ਖਰਚੇ ਗਏ ਹਨ। ਕੀ ਕਿਸੇ ਪਿੰਡ ਵਿਚ ਗੇਟ ਬਣਾਉਣ ਨਾਲ ਪਿੰਡ ਦੀ ਸ਼ਾਨ ਵਿਚ ਕੋਈ ਵਾਧਾ ਹੋ ਸਕਦਾ ਹੈ? ਜੇ ਪਿੰਡਾਂ ਦੇ ਬੱਚੇ ਸਿੱਖਿਆ ਵਰਗੀ ਨਹਾਇਤ ਜ਼ਰੂਰੀ ਲੋੜ ਤੋਂ ਵਿਰਵੇ ਰਹਿ ਗਏ ਤਾਂ ਉੱਚੇ ਉੱਚੇ ਗੇਟਾਂ ਦੀ ਸ਼ਾਨੋ-ਸ਼ੌਕਤ ਦਾ ਕੋਈ ਅਰਥ ਨਹੀਂ ਹੈ। ਪਿੰਡਾਂ ਵਿਚ ਬਹੁਤ ਕੁਝ ਕਰਨ ਗੋਚਰਾ ਹੈ। ਸਫਾਈ ਵਿਵਸਥਾ ਸੁਧਾਰ ਦੀ ਮੰਗ ਕਰਦੀ ਹੈ, ਚੰਗੇ ਖੇਡ ਮੈਦਾਨਾਂ ਦੀ ਲੋੜ ਹੈ, ਨੌਜਵਾਨਾਂ ਦੀ ਸੋਚ ਨੂੰ ਵਿਕਸਤ ਕਰਨ ਲਈ ਲਾਇਬ੍ਰੇਰੀਆਂ ਦੀ ਸਥਾਪਨਾ ਸਮੇਂ ਦੀ ਲੋੜ ਹੈ। ਜਾਗਰੂਕ ਲੋਕ ਅਜਿਹੇ ਉੱਦਮ ਕਰ ਵੀ ਰਹੇ ਹਨ।
ਪੰਜਾਬ ਵਿਚ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ’ਤੇ ਅਥਾਹ ਧਨ ਵਹਾਇਆ ਜਾਂਦਾ ਹੈ। ਡੀਜੇ ’ਤੇ ਅਸ਼ਲੀਲ ਗੀਤਾਂ ਉੱਤੇ ਨੱਚਦੇ ਪੰਜਾਬੀ ਹਜ਼ਾਰਾਂ ਰੁਪਏ ਵਾਰ ਦਿੰਦੇ ਹਨ। ਜੇ ਇਹ ਸਭ ਕੁਝ ਸਾਦਗੀ ਨਾਲ ਹੋ ਜਾਵੇ ਤਾਂ ਬਚਾਇਆ ਪੈਸਾ ਪਿੰਡਾਂ ਦੀ ਬਿਹਤਰੀ ਲਈ ਖਰਚਿਆ ਜਾ ਸਕਦਾ ਹੈ। ਇਹ ਗੱਲਾਂ ਸਾਡੇ ਰਾਜ ਦੇ ਭਵਿੱਖ ਨਾਲ ਜੁੜੀਆਂ ਹੋਈਆਂ ਹਨ ਅਤੇ ਇਸ ਦੇ ਨਾਲ ਹੀ ਜੁੜਿਆ ਹੋਇਆ ਹੈ ਲੋਕਾਂ ਦਾ ਭਵਿਖ।
ਇਸ ਲਈ ਸਰਕਾਰ ਨੂੰ ਦੀਰਘ-ਕਾਲੀ ਸਿੱਖਿਆ ਨੀਤੀ ਬਣਾਉਣ ਦੀ ਲੋੜ ਹੈ। ਇਹ ਪੰਜਾਬ ਦੇ ਲੱਖਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਭਵਿਖ ਦਾ ਸਵਾਲ ਹੈ। ਸਰਕਾਰ ਤੇ ਸਮਾਜ ਦੇ ਸਾਂਝੇ ਯਤਨਾਂ ਸਦਕਾ ਸਿੱਖਿਆ ਦੇ ਵੱਡਮੁੱਲੇ ਕਾਰਜ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ। ਅਧਿਆਪਕ ਨੂੰ ਵੀ ਆਪਣੀ ਜ਼ਿੰਮੇਵਾਰੀ ਸੁਹਿਰਦਤਾ ਨਾਲ ਨਿਭਾਉਣ ਦੀ ਲੋੜ ਹੈ। ਬੱਚੇ ਸਾਡਾ ਭਵਿੱਖ ਹਨ, ਉਨ੍ਹਾਂ ਦੇ ਬਿਹਤਰ ਭਵਿੱਖ ਦੀ ਸਿਰਜਣਾ ਲਈ ਚੰਗੀ ਸਿੱਖਿਆ ਮੁਹੱਈਆ ਕਰਾਉਣੀ ਸਮਾਜ ਦਾ ਫਰਜ਼ ਹੈ। ਜੇ ਸਿੱਖਿਆ ਦਾ ਢਾਂਚਾ ਹੀ ਖੇਰੂੰ-ਖੇਰੂੰ ਹੋਣ ਦੇ ਰਾਹ ਤੁਰਿਆ ਰਿਹਾ ਤਾਂ ਕਿਸੇ ਵੀ ਤਰ੍ਹਾਂ ਦੇ ਵਿਕਾਸ ਦੇ ਦਾਅਵੇ ਖੋਖਲੇ ਸਾਬਤ ਹੋਣਗੇ।
ਸੰਪਰਕ: 98153-56086