ਮਲਟੀ ਸਟੋਰੀ ਪਾਰਕਿੰਗ: ਸਾਬਕਾ ਕੌਂਸਲਰ ਵੱਲੋਂ ਪ੍ਰਦਰਸ਼ਨ
ਪੱਤਰ ਪ੍ਰੇਰਕ
ਬਠਿੰਡਾ, 6 ਅਗਸਤ
ਇੱਥੇ ਮਲਟੀ ਸਟੋਰੀ ਕਾਰ ਪਾਰਕਿੰਗ ਸਬੰਧੀ ਸ਼ਹਿਰ ਵਿੱਚ ਸਿਆਸਤ ਭਖੀ ਹੋਈ ਹੈ। ਅੱਜ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਪਾਰਕਿੰਗ ਠੇਕੇਦਾਰਾਂ ਖ਼ਿਲਾਫ਼ ਮੋਰਚਾ ਖੋਲ੍ਹਿਆ, ਉਨ੍ਹਾਂ ਨੇ ਕਾਂਗਰਸੀ ਕੌਂਸਲਰਾਂ ਨੂੰ ਵੀ ਨਿਸ਼ਾਨੇ ’ਤੇ ਰੱਖਿਆ।
ਵਿਜੇ ਕੁਮਾਰ ਨੇ ਪਰਸ ਰਾਮ ਨਗਰ ਚੌਕ ਅਨੋਖਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਿਰ ’ਤੇ ਖਿਡੌਣਾ ਕਾਰ ਚੁੱਕਦਿਆਂ ਗਲ ਵਿਚ ਛੋਟੀਆਂ ਕਾਰਾਂ ਦਾ ਹਾਰ ਪਾ ਕੇ ਵਿਅੰਗ ਕਰਦਿਆਂ ਕਿਹਾ ਜੇ ਇਹੋ ਹਾਲ ਰਿਹਾ ਤੇ ਕਾਰਾਂ ਨੂੰ ਸੜਕ ’ਤੇ ਚਲਾਉਣਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਜਗ੍ਹਾ ’ਤੇ ਬਣੀ ਕਾਰ ਪਾਰਕਿੰਗ ਦੇ ਉਦਘਾਟਨ ਮੌਕੇ ਸਮੇਂ ਦੇ ਸਰਕਾਰਾਂ ਨੇ ਇਸ ਪਾਰਕਿੰਗ ਨੂੰ ਲੋਕਾਂ ਲਈ 6 ਮਹੀਨੇ ਮੁਫ਼ਤ ਦੇਣ ਦਾ ਵਾਅਦਾ ਕੀਤਾ ਸੀ ਪਰ ਨਗਰ ਨਿਗਮ ਬਠਿੰਡਾ ਨੇ ਮਲਟੀ ਸਟੋਰੀ ਪਾਰਕਿੰਗ ਬਣਦੇ ਹੀ ਕਰੋੜਾਂ ਵਿਚ ਠੇਕੇ ’ਤੇ ਦੇ ਦਿੱਤੀ। ਉਨ੍ਹਾਂ ਕਾਂਗਰਸ ਦੇ ਕੌਂਸਲਰਾਂ ਖ਼ਿਲਾਫ਼ ਝੰਡਾ ਚੁੱਕਦੇ ਹੋਏ ਕਿਹਾ ਕਾਂਗਰਸ ਦੇ 40 ਕੌਂਸਲਰਾਂ ਨੇ ਇਸ ਮਲਟੀ ਸਟੋਰੀ ਪਾਰਕਿੰਗ ਨੂੰ ਠੇਕੇ ਦੇਣ ਲਈ ਹਾਊਸ ਵਿੱਚ ਮਤਾ ਲਿਆਂਦਾ ਸੀ ਪਰ ਹੁਣ ਜਦੋਂ ਲੋਕਾਂ ਦੀ ਲੁੱਟ ਸ਼ੁਰੂ ਹੋ ਗਈ ਹੈ ਤਾਂ ਉਹ ਸਾਰੇ ਚੁੱਪ ਬੈਠੇ ਹਨ। ਸਾਬਕਾ ਕੌਂਸਲਰ ਨੇ ਸ਼ਹਿਰ ਦੇ ਵਪਾਰੀ ਵਰਗ ਨੂੰ ਅਪੀਲ ਕੀਤੀ ਕਿ ਇਕੱਠੇ ਹੋ ਕਿ ਇਸ ਫ਼ੈਸਲੇ ਦਾ ਵਿਰੋਧ ਕਰਨ ਅਤੇ ਕੌਂਸਲਰਾਂ ਦੇ ਘਰਾਂ ਦਾ ਘਿਰਾਓ ਕਰਨ।
ਗੌਰਤਲਬ ਹੈ ਕਿ ਇਸ ਪਾਰਕਿੰਗ ਦੇ ਠੇਕੇਦਾਰਾਂ ਵੱਲੋਂ ਟੋਅ ਕੀਤੀਆਂ ਜਾਂਦੀਆਂ ਗੱਡੀਆਂ ਅਤੇ ਵਸੂਲੀ ਜਾਂਦੀ ਮਹਿੰਗੀ ਪਰਚੀ ਖ਼ਿਲਾਫ਼ ਸ਼ਹਿਰ ਵਿਚ ਰੋਹ ਭਖ ਗਿਆ ਹੈ। ਇਸ ਪਾਰਕਿੰਗ ਦੀ ਮਹਿੰਗੀ ਪਰਚੀ ਖ਼ਿਲਾਫ਼ ਜਿੱਥੇ ਸ਼ਹਿਰ ਦੀ ਸਮਾਜ ਸੇਵੀ ਜਥੇਬੰਦੀਆਂ ਇਕਜੁੱਟ ਹੋ ਗਈਆਂ ਹਨ। ਅਕਾਲੀ ਦਲ ਸਣੇ ਸ਼ਹਿਰ ਦੇ ਵਪਾਰੀ ਵਰਗ ਵੱਲੋਂ ਮੇਅਰ ਨੂੰ ਠੇਕਾ ਰੱਦ ਕਰਨ ਦੀ ਅਪੀਲ ਕੀਤੀ ਜਾ ਚੁੱਕੀ ਹੈ।