ਰਿਹਾਇਸ਼ੀ ਘਰਾਂ ਨੂੰ ਤਬਦੀਲ ਕਰਕੇ ਬਣ ਰਹੀਆਂ ਨੇ ਬਹੁ ਮੰਜ਼ਿਲੀ ਕਮਰਸ਼ੀਅਲ ਇਮਾਰਤਾਂ
ਸਰਬਜੀਤ ਸਿੰਘ ਭੱਟੀ
ਲਾਲੜੂ , 29 ਦਸੰਬਰ
ਨਗਰ ਕੌਂਸਲ ਲਾਲੜੂ ਵਿੱਚ ਬਿਨਾ ਸੀਐੱਲਯੂ ਤੇ ਕਮਰਸ਼ੀਅਲ ਨਕਸ਼ਾ ਪਾਸ ਕਰਵਾਏ ਬਗੈਰ ਅਧਿਕਾਰੀਆਂ ਤੇ ਦਲਾਲਾਂ ਦੀ ਕਥਿਤ ਮਿਲੀ ਭੁਗਤ ਨਾਲ ਨਾਜਾਇਜ਼ ਉਸਾਰੀਆਂ ਦਾ ਗੋਰਖ ਧੰਦਾ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ , ਜਿਸ ਦੇ ਚਲਦੇ ਰਿਹਾਇਸ਼ੀ ਥਾਵਾਂ ਅਤੇ ਘਰਾਂ ਨੂੰ ਬਹੁ ਮੰਜ਼ਿਲੀ ਕਮਰਸ਼ੀਅਲ ਸੋਅ ਰੂਮਾਂ ਵਿੱਚ ਤਬਦੀਲ ਕਰਕੇ ਸਰਕਾਰ ਦੇ ਕਰੋੜਾਂ ਰੁਪਏ ਦੀ ਦਿਨ ਦਿਹਾੜੇ ਚੋਰੀ ਕੀਤੀ ਜਾ ਰਹੀ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਲਾਲੜੂ ਮੰਡੀ ਦੇ ਬਾਹਵਲਪੁਰੀ ਭਵਨ ਨੇੜੇ ਇੱਕ ਵਿਅਕਤੀ ਨੇ ਆਪਣੇ ਨਿੱਜੀ ਘਰ ਨੂੰ ਕਰੋੜਾਂ ਰੁਪਏ ਵਿੱਚ ਵੇਚ ਦਿੱਤਾ ਸੀ। ਮਗਰੋਂ ਖਰੀਦਦਾਰ ਨੇ ਬਿਨਾਂ ਸੀਐੱਲਯੂ ਅਤੇ ਬਿਨਾਂ ਕਮਰਸ਼ੀਅਲ ਨਕਸ਼ਾ ਪਾਸ ਕਰਵਾਏ , ਉਸ ’ਤੇ ਬਹੁ ਮੰਜ਼ਿਲਾ ਸ਼ੋਅਰੂਮ ਬਣਾ ਦਿੱਤਾ। ਲੋਕਾਂ ਦੇ ਦੱਸਣ ਅਨੁਸਾਰ ਹੁਣ ਤੱਕ ਸ਼ਹਿਰ ਵਿੱਚ ਕਈ ਦਰਜਨਾਂ ਦੇ ਕਰੀਬ ਘਰਾਂ ਨੂੰ ਤੋੜ ਕੇ ਗੈਰਕਾਨੂੰਨੀ ਢੰਗ ਨਾਲ ਬਹੁਮੰਜ਼ਿਲੀ ਸ਼ੋਅਰੂਆਂ ਵਿੱਚ ਤਬਦੀਲ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਸਕਕਾਰ ਨੂੰ ਕਰੋੜਾਂ ਰੁਪਿਆਂ ਦਾ ਚੂਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਤੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਵਿਜੀਲੈਂਸ ਵਿੰਗ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ, ਨਗਰ ਕੌਂਸਲ ਦੇ ਜੂਨੀਅਰ ਇੰਜਨੀਅਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੀਆਂ ਥਾਵਾਂ ਦੀ ਨਿੱਜੀ ਤੌਰ ’ਤੇ ਪਛਾਣ ਤੇ ਜਾਂਚ ਕੀਤੀ ਜਾ ਰਹੀ ਹੈ। ਗ਼ੈਰਕਾਨੂੰਨੀ ਢੰਗ ਨਾਲ ਘਰਾਂ ਨੂੰ ਦੁਕਾਨਾਂ ਤੇ ਸ਼ੋਅਰੂਮਾਂ ਵਿੱਚ ਤਬਦੀਲ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਉਪਰੰਤ ਟੈਕਸਾਂ ਦੀ ਵਸੂਲੀ ਕੀਤੀ।