ਚੰਡੀਗੜ੍ਹ ’ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ
ਆਤਿਸ਼ ਗੁਪਤਾ
ਚੰਡੀਗੜ੍ਹ, 6 ਜਨਵਰੀ
ਇੱਥੇ ਸੈਕਟਰ-17 ਵਿੱਚ ਸਥਿਤ ਮਹਿਫਿਲ ਰੈਸਤਰਾਂ ਵਾਲੀ ਪੁਰਾਣੀ ਬਹੁ-ਮੰਜ਼ਿਲਾ ਇਮਾਰਤ ਅੱਜ ਸਵੇਰੇ ਡਿੱਗ ਗਈ ਹੈ। ਹਾਲਾਂਕਿ ਇਮਾਰਤ ਅੰਦਰ ਘਟਨਾ ਸਮੇਂ ਕੋਈ ਵੀ ਮੌਜੂਦ ਨਹੀਂ ਸੀ, ਜਿਸ ਕਰ ਕੇ ਕਿਸੇ ਵੀ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮੌਹਾਲ ਬਣ ਗਿਆ ਹੈ। ਉੱਧਰ ਚੰਡੀਗੜ੍ਹ ਪ੍ਰਸ਼ਾਸਨ ਤੇ ਪੁਲੀਸ ਨੇ ਵੀ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ 7 ਵਜੇ ਦੇ ਕਰੀਬ ਵਾਪਰੀ। ਉਸ ਸਮੇਂ ਇਮਾਰਤ ਦੇ ਨੇੜੇ ਕੋਈ ਵਿਅਕਤੀ ਨਾ ਹੋਣ ਕਰ ਕੇ ਕਿਸੇ ਕਿਸਮ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਇਲਾਕੇ ਦੇ ਲੋਕਾਂ ਦੇ ਕਹਿਣਾ ਹੈ ਕਿ ਜਦੋਂ ਇਹ ਇਮਾਰਤ ਡਿੱਗੀ ਤਾਂ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ ਸੀ। ਇਹ ਇਮਾਰਤ ਸੈਕਟਰ-17 ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਕੁੱਝ ਹੀ ਦੂਰੀ ’ਤੇ ਸਥਿਤ ਇਹ ਇਮਾਰਤ 50 ਤੋਂ 60 ਸਾਲ ਪੁਰਾਣੀ ਸੀ। ਇਸ ਨੂੰ ਯੂਟੀ ਪ੍ਰਸ਼ਾਸਨ ਨੇ ਪਹਿਲਾਂ ਹੀ ਅਸੁਰੱਖਿਅਤ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਕੁਝ ਦਿਨ ਪਹਿਲਾਂ ਇਮਾਰਤ ਨੂੰ ਚਾਰੋਂ ਪਾਸਿਓਂ ਘੇਰ ਕੇ ਆਵਾਜਾਈ ਵੀ ਬੰਦ ਕਰ ਦਿੱਤੀ ਸੀ।
ਘਟਨਾ ਤੋਂ ਬਾਅਦ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲੀਸ ਨਾਲ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ 10 ਦਿਨ ਪਹਿਲਾਂ ਇਮਾਰਤ ਦੇ ਤਿੰਨ ਪਿੱਲਰਾਂ ਵਿੱਚ ਤਰੇੜਾਂ ਆ ਗਈਆਂ ਸਨ, ਜਿਸ ਕਰ ਕੇ ਇਮਾਰਤ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ। ਪ੍ਰਸ਼ਾਸਨ ਵੱਲੋਂ ਇਮਾਰਤ ਡਿੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਬਾਰੇ ਸੈਕਟਰ-17 ਵਿੱਚ ਦੇ ਇਕ ਸ਼ੋਅਰੂਮ ਦੇ ਮਾਲਕ ਨੇ ਕਿਹਾ ਕਿ ਪਹਿਲਾਂ ਇਹ ਇਮਾਰਤ ਸਾਬਕਾ ਕੇਂਦਰੀ ਮੰਤਰੀ ਮਰਮੋਹਨ ਧਵਨ ਦੀ ਸੀ, ਜਿਸ ਵੱਲੋਂ ਮਹਿਫਿਲ ਰੈਸਤਰਾਂ ਚਲਾਇਆ ਜਾਂਦਾ ਸੀ। ਉਸ ਤੋਂ ਬਾਅਦ ਇਹ ਇਮਾਰਤ ਵਿਕ ਗਈ ਸੀ। ਹੁਣ ਇਸ ਇਮਾਰਤ ਦੇ ਮਾਲਕ ਵੱਲੋਂ ਇਸ ਨੂੰ ਸੋਨੇ ਦੇ ਗਹਿਣਿਆਂ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਨੂੰ ਕਿਰਾਏ ’ਤੇ ਦੇ ਦਿੱਤਾ ਗਿਆ ਸੀ। ਉਨ੍ਹਾਂ ਵੱਲੋਂ ਇਮਾਰਤ ਵਿੱਚ ਮੁਰੰਮਤ ਕਰਵਾਈ ਜਾ ਰਹੀ ਸੀ। ਇਸੇ ਦੌਰਾਨ ਕੁਝ ਦਿਨ ਪਹਿਲਾਂ ਇਸ ਦੇ ਤਿੰਨ ਪਿੱਲਰਾਂ ਵਿੱਚ ਤਰੇੜਾਂ ਪੈ ਗਈਆਂ ਅਤੇ ਸਾਰਾ ਕੰਮ ਰੋਕ ਦਿੱਤਾ ਸੀ। ਪਰ ਅੱਜ ਸਵੇਰ ਸਮੇਂ ਇਹ ਬਹੁ-ਮੰਜ਼ਿਲਾ ਇਮਾਰਤ ਡਿੱਗ ਗਈ।
ਇਮਾਰਤ ਡਿੱਗਣ ਦੀ ਜਾਂਚ ਕਰਵਾਈ ਜਾਵੇਗੀ: ਡੀਸੀ
ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਪ੍ਰਸ਼ਾਸਨ ਨੇ 10 ਦਿਨ ਪਹਿਲਾਂ ਇਮਾਰਤ ਨੂੰ ਅਸੁਰੱਖਿਅਤ ਕਰਾਰ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਮਾਰਤ ਡਿੱਗਣ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਇਮਾਰਤ ਦੇ ਡਿੱਗਣ ਦੇ ਅਸਲ ਕਾਰਨਾਂ ਦੀ ਜਾਂਚ ਮੁਕੰਮਲ ਹੋਣ ਤੱਕ ਇਸ ਵਿੱਚ ਕਿਸੇ ਦੇ ਦਾਖ਼ਲ ਹੋਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸ੍ਰੀ ਯਾਦਵ ਨੇ ਕਿਹਾ ਕਿ ਇਮਾਰਤ ਦੇ ਮਾਲਕ ਵਿਰੁੱਧ ਵੀ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਬਿਨਾਂ ਮਨਜ਼ੂਰੀ ਤੋਂ ਕੰਮ ਸ਼ੁਰੂ ਕਰਨ ਵਾਲੇ ਆਰਕੀਟੈਕਟ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਜਾਂਚ ਰਿਪੋਰਟ ਆਉਣ ’ਤੇ ਕੀਤੀ ਜਾਵੇਗੀ ਕਾਰਵਾਈ: ਐਸਐੱਚਓ
ਥਾਣਾ ਸੈਕਟਰ-17 ਦੇ ਐੱਸਐੱਚਓ ਰੋਹਿਤ ਕੁਮਾਰ ਨੇ ਕਿਹਾ ਕਿ ਸਵੇਰੇ 100 ਨੰਬਰ ’ਤੇ ਇਮਾਰਤ ਡਿੱਗਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਇਮਾਰਤ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਇਮਾਰਤ ਨੂੰ ਅਸੁਰੱਖਿਅਤ ਕਰਾਰ ਦਿੱਤਾ ਗਿਆ ਸੀ। ਐੱਸਐੱਚਓ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।