ਬਹੁ-ਕਰੋੜੀ ਡਰੱਗਜ਼ ਮਾਮਲਾ: ਸਿੱਟ ਵੱਲੋਂ ਮਜੀਠੀਆ ਤੋਂ ਪੁੱਛ-ਪੜਤਾਲ ਦੀ ਤਿਆਰੀ
ਪੱਤਰ ਪ੍ਰੇਰਕ
ਪਟਿਆਲਾ, 29 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਬਹੁ-ਕਰੋੜੀ ਡਰੱਗਜ਼ ਮਾਮਲੇ ਵਿਚ 30 ਜੁਲਾਈ ਨੂੰ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਸੱਦੇ ਹੋਏ ਹਨ। ਬਿਕਰਮ ਸਿੰਘ ਮਜੀਠੀਆ ਵੱਲੋਂ ਸਿੱਟ ਅੱਗੇ ਪੇਸ਼ ਹੋਣ ਜਾਂ ਨਾ ਹੋਣ ਬਾਰੇ ਕੋਈ ਵੀ ਦਰਖ਼ਾਸਤ ਪੇਸ਼ ਨਹੀਂ ਕੀਤੀ ਗਈ ਜਦੋਂਕਿ ਸਿੱਟ ਵੱਲੋਂ ਜਾਂਚ ਦੌਰਾਨ ਪੁੱਛ-ਪੜਤਾਲ ਕਰਨ ਲਈ ਪੂਰੀ ਤਿਆਰੀ ਕੀਤੀ ਹੋਈ ਹੈ।
ਸਿੱਟ ਦੇ ਇੰਚਾਰਜ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਜਾਂਚ ਵਿੱਚ ਪੇਸ਼ ਹੋਣ ਲਈ 30 ਜੁਲਾਈ ਲਈ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਦੀ ਟੀਮ ਜਾਂਚ ਕਰਨ ਲਈ ਪੂਰੀ ਤਿਆਰ ਹੈ, ਪਰ ਸ੍ਰੀ ਮਜੀਠੀਆ ਵੱਲੋਂ ਉਨ੍ਹਾਂ ਕੋਲ ਅਜੇ ਅਜਿਹੀ ਕੋਈ ਦਰਖ਼ਾਸਤ ਨਹੀਂ ਆਈ ਕਿ ਉਹ ਪੇਸ਼ ਹੋਣਗੇ ਜਾਂ ਨਹੀਂ। ਸੂਤਰਾਂ ਅਨੁਸਾਰ ਸਿੱਟ ਨੇ ਪੁੱਛ-ਪੜਤਾਲ ਦੌਰਾਨ ਸ੍ਰੀ ਮਜੀਠੀਆ ਨੂੰ ਪੁੱਛਣ ਲਈ ਕਈ ਸਵਾਲ ਤਿਆਰ ਕੀਤੇ ਹੋਏ ਹਨ। ਇਨ੍ਹਾਂ ਵਿਚ ਡਰੱਗਜ਼ ਮਾਮਲੇ ਸਬੰਧੀ ਕਈ ਪੱਖਾਂ ਤੋਂ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਸਿੱਟ ਨੇ 18 ਜੁਲਾਈ ਤੇ 20 ਜੁਲਾਈ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਬੁਲਾਇਆ ਸੀ ਪਰ ਉਹ ਨਹੀਂ ਆਏ। ਉਸ ਤੋਂ ਬਾਅਦ ਉਨ੍ਹਾਂ ਨੂੰ 23 ਜੁਲਾਈ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ ਪਰ ਫਿਰ ਵੀ ਸ੍ਰੀ ਮਜੀਠੀਆ ਸਿੱਟ ਅੱਗੇ ਪੇਸ਼ ਨਹੀਂ ਹੋਏ, ਹੁਣ ਸਿੱਟ ਨੇ 30 ਜੁਲਾਈ ਦੇ ਸੰਮਨ ਜਾਰੀ ਕੀਤੇ ਹਨ।