For the best experience, open
https://m.punjabitribuneonline.com
on your mobile browser.
Advertisement

ਮੁਲਕ ਰਾਜ ਆਨੰਦ: ਸਾਹਿਤ ਅਤੇ ਸੱਭਿਆਚਾਰ ਦਾ ਭਰ ਵਗਦਾ ਦਰਿਆ

07:36 AM Sep 29, 2024 IST
ਮੁਲਕ ਰਾਜ ਆਨੰਦ  ਸਾਹਿਤ ਅਤੇ ਸੱਭਿਆਚਾਰ ਦਾ ਭਰ ਵਗਦਾ ਦਰਿਆ
ਫੋਟੋ: ਤੇਜ ਬੰਸ ਸਿੰਘ ਜੌਹਰ
Advertisement
ਪ੍ਰੇਮ ਸਿੰਘ

ਪੰਜਾਬ ਸਾਂਝੀਵਾਲਤਾ, ਪਿਆਰ ਅਤੇ ਭਾਈਚਾਰੇ ਕਰਕੇ ਵਿਸ਼ਵ ਵਿੱਚ ਜਾਣਿਆ ਜਾਂਦਾ ਹੈ। ਇਸ ਦਾ ਪਾਣੀ ਜਿੱਥੇ ਵੀ ਲੱਗਾ ਉਹ ਥਾਂ ਹਮੇਸ਼ਾ ਲਈ ਜ਼ਰਖ਼ੇਜ਼ ਹੋ ਗਈ। ਇਉਂ ਹੀ ਕਲਾ, ਸਾਹਿਤ, ਸੰਗੀਤ, ਨਾਟਕ ਅਤੇ ਨ੍ਰਿਤ ਦੇ ਖੇਤਰ ਵਿੱਚ ਵੀ ਕਈ ਦਰਿਆ ਭਰ ਵਗਦੇ ਰਹੇ। ਮੁਲਕ ਰਾਜ ਆਨੰਦ ਉਨ੍ਹਾਂ ਦਰਿਆਵਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣੀ ਸਾਹਿਤ ਰਚਨਾ ਅਤੇ ਕਲਾ ਰਾਹੀਂ ਪੰਜਾਬ ਦੇ ਜੀਵਨ ਅਤੇ ਸੱਭਿਆਚਾਰ ਨੂੰ ਅਮੀਰ ਅਤੇ ਸੁਹਜ ਭਰਿਆ ਬਣਾਇਆ।
1962 ਵਿੱਚ ਮੈਂ ਚੰਡੀਗੜ੍ਹ ਦੇ ਆਰਟ ਸਕੂਲ ਵਿੱਚ ਕਲਾ ਦੀ ਵਿੱਦਿਆ ਲੈਣ ਲਈ ਦਾਖ਼ਲਾ ਲਿਆ ਤਾਂ ਉਸ ਸਮੇਂ ਦੋ ਨਾਂ ਚਾਨਣ ਮੁਨਾਰੇ ਵਾਂਗ ਸਮਝੇ ਜਾਂਦੇ ਸਨ: ਮੁਲਕ ਰਾਜ ਆਨੰਦ ਅਤੇ ਮਹਿੰਦਰ ਸਿੰਘ ਰੰਧਾਵਾ। ਉਸ ਸਮੇਂ ਦੇ ਸਰਗਰਮ ਕਲਾਕਾਰ ਸੋਹਣ ਕਾਦਰੀ, ਹਰਦੇਵ ਸਿੰਘ, ਐੱਸ.ਐੱਸ ਦੱਤਾ, ਰਛਪਾਲ ਸਿੰਘ ਰਣੀਆ ਅਤੇ ਰੂਪ ਚੰਦ ਕੋਲੋਂ ਇਨ੍ਹਾਂ ਬਾਰੇ ਜ਼ਰੂਰ ਸੁਣਨ ਨੂੰ ਮਿਲਦਾ ਸੀ। ਇੱਛਾ ਹੁੰਦੀ ਕਿ ਕਦੇ ਮੌਕਾ ਮਿਲੇ ਤਾਂ ਇਨ੍ਹਾਂ ਦੀ ਸੰਗਤ ਵਿੱਚ ਬਹਿ ਕੇ ਇਨ੍ਹਾਂ ਦੇ ਅਨਮੋਲ ਬੋਲ ਸੁਣ ਸਕਾਂ। ਮੇਰੀ ਕਲਾ ਦੀ ਪ੍ਰਤਿਭਾ ਸਦਕਾ ਮੈਨੂੰ ਛੇਤੀ ਹੀ ਇਨ੍ਹਾਂ ਦੀ ਸੰਗਤ ਮਿਲ ਗਈ। ਉਸ ਸਮੇਂ ਮੁਲਕ ਰਾਜ ਆਨੰਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ’ਚ ਟੈਗੋਰ ਪ੍ਰੋਫੈਸਰਸ਼ਿਪ ਚੇਅਰ ਦੇ ਕਾਰਜ ਸੰਭਾਲ ਰਹੇ ਸਨ। ਪੰਜਾਬ ਦੀ ਉਸਰ ਰਹੀ ਰਾਜਧਾਨੀ ਚੰਡੀਗੜ੍ਹ ਪੰਜਾਬੀਆਂ ਦੇ ਸੁਪਨਿਆਂ, ਆਸਾਂ ਅਤੇ ਇੱਛਾਵਾਂ ਨਾਲ ਲਿਸ਼ਕ ਰਹੀ ਸੀ। ਪੰਜਾਬ ਦੇ ਭਵਿੱਖ ਲਈ ਇਹ ਇੱਕ ਸੁਖਾਵਾਂ ਸੰਕੇਤ ਸੀ।
ਮੁਲਕ ਰਾਜ ਆਨੰਦ ਦਾ ਜਨਮ 12 ਦਸੰਬਰ 1905 ਨੂੰ ਬਰਤਾਨਵੀ ਹਿੰਦੋਸਤਾਨ ਦੇ ਪਿਸ਼ਾਵਰ ਵਿਖੇ ਹੋਇਆ ਜੋ ਹੁਣ ਪਾਕਿਸਤਾਨ ਵਿੱਚ ਹੈ। ਉਨ੍ਹਾਂ ਦੇ ਪਿਤਾ ਲਾਲ ਚੰਦ ਬ੍ਰਿਟਿਸ਼ ਇੰਡੀਅਨ ਆਰਮੀ ’ਚ ਸਨ ਤੇ ਮਾਤਾ ਈਸ਼ਵਰ ਕੌਰ ਕਿਰਸਾਨੀ ਸਿੱਖ ਪਰਿਵਾਰ ਤੋਂ ਸਨ। ਪੰਜ ਭੈਣ-ਭਰਾਵਾਂ ਵਿੱਚ ਮੁਲਕ ਰਾਜ ਆਨੰਦ ਤੀਜੇ ਨੰਬਰ ’ਤੇ ਸਨ। ਉਹ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਤੋਂ ਪੜ੍ਹਾਈ ਕਰ ਕੇ 1924 ਵਿੱਚ ਉੱਚ ਸਿੱਖਿਆ ਲਈ ਇੰਗਲੈਂਡ ਚਲੇ ਗਏ। ਯੂਨੀਵਰਸਿਟੀ ਕਾਲਜ, ਲੰਡਨ ਤੋਂ ਪੜ੍ਹ ਕੇ ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਪੀਐੱਚ.ਡੀ. ਦੀ ਉਪਾਧੀ ਹਾਸਿਲ ਕੀਤੀ। ਉਨ੍ਹਾਂ ਦੇ 1935 ਵਿੱਚ ਰਚੇ ਨਾਵਲ ‘ਅਨਟਚੇਬਲ’ ਤੇ ‘ਕੁਲੀ’ (1936) ਨੇ ਕੌਮਾਂਤਰੀ ਪੱਧਰ ’ਤੇ ਰਚੇ ਜਾ ਰਹੇ ਸਾਹਿਤ ਵਿੱਚ ਆਪਣੀ ਜਗ੍ਹਾ ਬਣਾਈ। ਇਉਂ ਉਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਵਿੱਚ ਭਾਰਤੀ ਲੇਖਕਾਂ ਵੱਲੋਂ ਰਚੇ ਜਾ ਰਹੇ ਸਾਹਿਤ ਦੀ ਕੌਮਾਂਤਰੀ ਪੱਧਰ ’ਤੇ ਪਛਾਣ ਸਥਾਪਿਤ ਕਰਨ ਵਾਲੇ ਮੋਹਰੀ ਲੇਖਕਾਂ ਵਾਲੀ ਭੂਮਿਕਾ ਨਿਭਾਈ। ਉਨ੍ਹਾਂ ਦੇ ਸਮਕਾਲੀ ਲੇਖਕਾਂ ਵਿੱਚ ਆਰ.ਕੇ. ਨਰਾਇਣ, ਅਹਿਮਦ ਅਲੀ ਅਤੇ ਰਾਜਾ ਰਾਓ ਦੇ ਨਾਂ ਸ਼ੁਮਾਰ ਹਨ।
ਮੁਲਕ ਰਾਜ ਆਨੰਦ ਦੇ ਲਿਖੇ ਨਾਵਲ, ਕਹਾਣੀਆਂ, ਬਾਲ ਸਾਹਿਤ, ਕਲਾ ਬਾਰੇ ਲਿਖੀਆਂ ਪੁਸਤਕਾਂ, ਚਿੱਠੀਆਂ ਆਦਿ ਸਮਾਜ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀਆਂ ਹਨ। ਬਰਤਾਨਵੀ ਸ਼ਾਸਨ ਦੀ ਵਿਰਾਸਤ ਅਤੇ ਸਮਾਜਿਕ ਢਾਂਚੇ ਦੇ ਵੱਖ-ਵੱਖ ਪਹਿਲੂਆਂ ਬਾਰੇ ਕੀਤੀਆਂ ਮਹੱਤਵਪੂਰਨ ਟਿੱਪਣੀਆਂ ਅਜੋਕੇ ਸਮੇਂ ਵਿੱਚ ਵੀ ਸਾਰਥਕ ਹਨ। ਮੁਲਕ ਰਾਜ ਆਨੰਦ ਆਪਣੇ ਇਸ ਵਿਸ਼ਵਾਸ ਵਿੱਚ ਅਡੋਲ ਸੀ ਕਿ ਰਾਜਨੀਤੀ ਅਤੇ ਸਾਹਿਤ ਨੂੰ ਇੱਕ ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ। ਉਹ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਦੇ ਬਾਨੀ ਮੈਂਬਰ ਹੋਣ ਦੇ ਨਾਲ ਨਾਲ ਇਸ ਦਾ ਮੈਨੀਫੈਸਟੋ ਲਿਖਣ ਵਿੱਚ ਵੀ ਸਹਾਇਕ ਹੋਏ। ਉਨ੍ਹਾਂ ਦੇ ਰਚਿਤ ਸਾਹਿਤ ਨੇ ਹਲੂਣਿਆ ਹੀ ਨਹੀਂ ਸਗੋਂ ‘ਅਨਟਚੇਬਲ’ ਤੇ ‘ਕੁਲੀ’ ਵਰਗੇ ਨਾਵਲ ਲਿਖ ਕੇ ਸਮੇਂ ਦੀ ਹਕੂਮਤ ਤੇ ਕੁਰੀਤੀਆਂ ਨਾਲ ਸੜ ਰਹੇ ਸਮਾਜ ਸਾਹਮਣੇ ਇੱਕ ਵੱਡਾ ਪ੍ਰਸ਼ਨ ਖੜ੍ਹਾ ਕੀਤਾ।
ਦਿੱਲੀ ਜਾਣ ਤੋਂ ਪਹਿਲਾਂ ਮੈਨੂੰ ਉਨ੍ਹਾਂ ਦੀ ਸੰਗਤ ਮਾਣਨ ਦਾ ਮੌਕਾ ਮਿਲਿਆ। ਭਾਵੇਂ ਉਨ੍ਹਾਂ ਦਾ ਰਚਿਆ ਸਾਰਾ ਸਾਹਿਤ ਅੰਗਰੇਜ਼ੀ ਵਿੱਚ ਹੈ, ਪਰ ਉਨ੍ਹਾਂ ਦੀ ਸੋਚ ਵਿੱਚ ਪੰਜਾਬੀ ਹਮੇਸ਼ਾ ਜਾਗਦੀ ਜਿਊਂਦੀ ਸੀ। ਉਹ ਮੁੰਡੇ-ਕੁੜੀਆਂ ਨੂੰ ਹਮੇਸ਼ਾ ਦੇਸ਼-ਵਿਦੇਸ਼ ਸਫ਼ਰ ਕਰਨ ਲਈ ਪ੍ਰੇਰਦੇ ਸਨ। ਕਦੇ ਕੋਈ ਕਹਿ ਦਿੰਦਾ ਕਿ ਸਫ਼ਰ ਕਰਨ ਨੂੰ ਮਨ ਤਾਂ ਕਰਦਾ ਹੈ, ਪਰ ਪੈਸੇ ਨਹੀਂ ਹਨ। ਇਸ ਦੇ ਉੱਤਰ ਵਿੱਚ ਕਹਿੰਦੇ, ‘‘ਆਪਣਾ ਘਰ ਵੇਚੋ ਤੇ ਚਲੇ ਜਾਓ।” ਸਫ਼ਰ ਨੂੰ ਉਹ ਜੀਵਨ ਦੇ ਵਿਕਾਸ ਅਤੇ ਵਿਸਥਾਰ ਲਈ ਬਹੁਤ ਮਹੱਤਤਾ ਦਿੰਦੇ ਸਨ।
ਦੂਸਰਾ ਉਨ੍ਹਾਂ ਦਾ ਕਹਿਣਾ ਸੀ ਕਿ ਇੱਕ-ਦੂਸਰੇ ਨੂੰ ਚਿੱਠੀਆਂ ਜ਼ਰੂਰ ਲਿਖੋ। ਆਪੇ ਦੇ ਪ੍ਰਗਟਾਅ ਵਿੱਚ ਜੋ ਆਨੰਦ ਹੈ, ਉਹ ਕਿਤੇ ਹੋਰ ਨਹੀਂ ਮਿਲ ਸਕਦਾ। ਉਹ ਆਪ ਵੀ ਮਹਾਤਮਾ ਗਾਂਧੀ ਪੋਸਟਕਾਰਡ ਦਾ ਇਸਤੇਮਾਲ ਭਰਪੂਰ ਕਰਦੇ ਸਨ। ਜਦੋਂ ਵੀ ਮੈਂ ਉਨ੍ਹਾਂ ਨੂੰ ਚਿੱਠੀ ਲਿਖੀ, ਉਨ੍ਹਾਂ ਵੱਲੋਂ ਤੁਰੰਤ ਹੱਥਲਿਖਤ ਜਵਾਬ ਮਿਲ ਜਾਂਦਾ। ਉਹ ਇੰਨੇ ਮਸਰੂਫ਼ ਹੋਣ ਦੇ ਬਾਵਜੂਦ ਚਿੱਠੀ ਦਾ ਜਵਾਬ ਜ਼ਰੂਰ ਦਿੰਦੇ। ਮੇਰੇ ਕੋਲ ਅੱਜ ਵੀ ਉਨ੍ਹਾਂ ਦੇ ਹੱਥ-ਲਿਖਤ ਪੋਸਟਕਾਰਡ ਸਾਂਭੇ ਪਏ ਹਨ। ਇਸ ਤਰ੍ਹਾਂ ਦੀ ਦਰਿਆਦਿਲੀ ਮੈਂ ਖੁਸ਼ਵੰਤ ਸਿੰਘ ਵਿੱਚ ਵੀ ਵੇਖੀ ਹੈ।
ਉਹ ਹੋਣਹਾਰ ਅਤੇ ਹੁਨਰਮੰਦ ਨੌਜਵਾਨਾਂ ਨੂੰ ਮੌਕੇ ਮੁਹੱਈਆ ਕਰਨ ਲਈ ਤਤਪਰ ਰਹਿੰਦੇ ਸਨ। ਉਨ੍ਹਾਂ ਦਾ ਪ੍ਰਗਤੀਸ਼ੀਲ ਨਜ਼ਰੀਆ ਅਤੇ ਰਵੱਈਆ ਅੱਜ ਵੀ ਮੇਰੇ ਲਈ ਪ੍ਰੇਰਨਾਦਾਇਕ ਹੈ। 1967 ਵਿੱਚ ਮੈਂ ਚੰਡੀਗੜ੍ਹ ਆਰਟ ਸਕੂਲ ਤੋਂ ਪੰਜ ਸਾਲ ਦਾ ਡਿਪਲੋਮਾ ਹਾਸਿਲ ਕਰ ਕੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਐਡਵਰਟਾਈਜ਼ਿੰਗ ਅਤੇ ਵਿਜ਼ੂਅਲ ਪਬਲੀਸਿਟੀ ਵਿਭਾਗ ਵਿੱਚ ਨਵੀਂ ਦਿੱਲੀ ਵਿਖੇ ਨੌਕਰੀ ਕਰਦਾ ਸੀ। ਮੁਲਕ ਰਾਜ ਆਨੰਦ ਉਸ ਸਮੇਂ ਕੇਂਦਰੀ ਲਲਿਤ ਕਲਾ ਅਕਾਦਮੀ ਦੇ ਚੇਅਰਮੈਨ ਸਨ। ਉਨ੍ਹਾਂ ਨੇ ਭਾਰਤੀ ਸਮਕਾਲੀ ਕਲਾ ਬਾਰੇ ਦ੍ਰਿਸ਼ਟੀਕੋਣ ਅਤੇ ਇਸ ਦੇ ਭਵਿੱਖ ਦੇ ਮੱਦੇਨਜ਼ਰ ਅਕਾਦਮੀ ਦੇ ਇਤਿਹਾਸ ਵਿੱਚ ਪਹਿਲੀ ਵਾਰੀ 1968 ’ਚ ਦਿੱਲੀ ਵਿਖੇ ਕੌਮਾਂਤਰੀ ਪੱਧਰ ਦੀ ‘ਤ੍ਰਿਨਾਲੇ’ ਨਾਂ ਦੀ ਨੁਮਾਇਸ਼ ਦਾ ਪ੍ਰਬੰਧ ਕੀਤਾ। ਤ੍ਰਿਨਾਲੇ ਇੰਡੀਆ ਨੇ ਭਾਰਤੀ ਆਧੁਨਿਕ ਕਲਾਕਾਰਾਂ ਦੀ ਰੂਹ ਰੁਸ਼ਨਾਈ ਅਤੇ ਜਗਤ ਪ੍ਰਸਿੱਧ ਕਲਾਕਾਰਾਂ ਤੇ ਕਲਾ ਸਮੀਖਿਅਕਾਂ ਨਾਲ ਹੋਇਆ ਵਿਚਾਰ ਵਟਾਂਦਰਾ ਕਾਫ਼ੀ ਲਾਹੇਵੰਦ ਸਾਬਤ ਹੋਇਆ। ਉਨ੍ਹਾਂ ਦੇ ਯਤਨਾਂ ਸਦਕਾ ਨੌਜਵਾਨ ਪੀੜ੍ਹੀ ’ਚ ਉਪਜੇ ਚਿੰਤਨ ਅਤੇ ਚੇਤਨਾ ਨੇ ਭਾਰਤੀ ਕਲਾ ਦੀ ਨੁਹਾਰ ਬਦਲੀ। ਭਾਰਤੀ ਕਲਾਕਾਰਾਂ ਨੂੰ ਆਪਣੀ ਕਲਾ ਨੂੰ ਕੌਮਾਂਤਰੀ ਪਰਿਪੇਖ ਵਿੱਚ ਦੇਖਣ ਦਾ ਮੌਕਾ ਮਿਲਿਆ।
ਮੁਲਕ ਰਾਜ ਆਨੰਦ ਨੂੰ ਸ਼ਾਇਦ ਇੱਕ ਸੱਭਿਆਚਾਰਕ ਆਲੋਚਕ, ਲੇਖਕ, ਦਾਰਸ਼ਨਿਕ ਅਤੇ ਕਲਾ ਦੇ ਸਰਪ੍ਰਸਤ ਵਜੋਂ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ, ਪਰ ਰਸ਼ਮੀ ਵਿਸ਼ਵਨਾਥਨ ਨੇ 1968 ਵਿੱਚ ਭਾਰਤ ਦੀ ਤਤਕਾਲੀ ਵਿਸ਼ਵ ਕਲਾ ਦੀ ਪਹਿਲੇ ਤ੍ਰਿਨਾਲੇ ਦੀ ਸਥਾਪਨਾ ਲਈ ਮੁਲਕ ਰਾਜ ਆਨੰਦ ਦੀ ਘੱਟ ਜਾਣੀ ਪਹਿਲਕਦਮੀ ਵੱਲ ਧਿਆਨ ਦਿਵਾਇਆ। ਕੌਮਾਂਤਰੀ ਸੱਭਿਆਚਾਰਕ ਸਬੰਧਾਂ ਨੂੰ ਬਦਲਣ ਅਤੇ ਸੱਭਿਆਚਾਰਕ ਸਵੈ-ਨਿਰਣੇ ਦਾ ਦਾਅਵਾ ਕਰਨ ਲਈ ਉਨ੍ਹਾਂ ਦੁਆਰਾ ਤ੍ਰਿਨਾਲੇ ਦੀ ਆਸ਼ਾਵਾਦੀ ਵਰਤੋਂ ਇੱਕ ਇਤਿਹਾਸਕ ਕਦਮ ਸੀ। ਮੁਲਕ ਰਾਜ ਆਨੰਦ ਦੇ ਕਾਰਜਾਂ ਨੂੰ ਪ੍ਰਗਤੀਸ਼ੀਲ ਧਰਮ-ਨਿਰਪੱਖ ਰਾਜ ਦੀ ਕਲਪਨਾ ਦੇ ਉਸ ਦੇ ਵਿਸ਼ਾਲ ਪ੍ਰੋਜੈਕਟ ਤਹਿਤ ਸਮਝਿਆ ਜਾਣਾ ਚਾਹੀਦਾ ਹੈ ਕਿਉਂਕਿ ਭਾਰਤ ਨੇ ਆਪਣੀਆਂ ਰਾਸ਼ਟਰਵਾਦ ਅਤੇ ਆਧੁਨਿਕਤਾ ਦੀਆਂ ਸ਼ਰਤਾਂ ’ਤੇ ਸੰਵਾਦ ਰਚਾਇਆ ਸੀ। ਇਹ ਬਰਤਾਨਵੀ ਰਾਜ ਦੇ ਦਮਘੋਟੂ ਮਾਹੌਲ ਵਿੱਚ ਸੰਭਵ ਨਹੀਂ ਸੀ।
ਮੁਲਕ ਰਾਜ ਆਨੰਦ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਲਿਖੀਆਂ ਆਪਣੀਆਂ ਲਿਖਤਾਂ ਵਿੱਚ ਪੰਜਾਬੀ ਅਤੇ ਹਿੰਦੋਸਤਾਨੀ ਮੁਹਾਵਰੇ ਨੂੰ ਸ਼ਾਮਿਲ ਕਰਨ ਵਾਲੇ
ਪਹਿਲੇ ਲੇਖਕਾਂ ਵਿੱਚੋਂ ਇੱਕੋ-ਇੱਕ ਹੋਣ ਕਰਕੇ ਵੀ ਜਾਣਿਆ ਜਾਂਦਾ ਹੈ। ਆਧੁਨਿਕ ਭਾਰਤੀ ਅੰਗਰੇਜ਼ੀ ਸਾਹਿਤ ਰਾਹੀਂ ਉਹ ਦੱਬੇ-ਕੁਚਲੇ ਲੋਕਾਂ ਦੇ ਜੀਵਨ ਬਾਰੇ ਆਪਣੀ ਅਨੁਭਵੀ ਸੂਝ ਅਤੇ ਗ਼ਰੀਬੀ, ਸ਼ੋਸ਼ਣ ਅਤੇ ਬਦਕਿਸਮਤੀ ਦੇ ਕੀਤੇ ਵਿਸ਼ਲੇਸ਼ਣ ਲਈ ਜਾਣੇ ਜਾਂਦੇ ਹਨ। ਯਥਾਰਥ ਉਨ੍ਹਾਂ ਦੀ ਲੇਖਨ ਸ਼ੈਲੀ ਦੀ ਵਿਸ਼ੇਸ਼ਤਾ ਹੈ। ਉਨ੍ਹਾਂ ਨੇ ਸਰਲ, ਸਹਿਜ ਅਤੇ ਸਾਦੀ ਭਾਸ਼ਾ ਦੀ ਵਰਤੋਂ ਕਰ ਕੇ ਇਸ ਦੀ ਪਹੁੰਚ ਨੂੰ ਵਿਆਪਕ ਬਣਾਇਆ। ਧਾਰਮਿਕ ਕੱਟੜਤਾ, ਪਾਖੰਡ, ਜਾਗੀਰਦਾਰੀ, ਪੂਰਬ ਪੱਛਮ ਦਾ ਟਕਰਾਅ ਤੇ ਮੇਲ, ਸਮਾਜ ਵਿੱਚ ਔਰਤ ਦਾ ਸਥਾਨ, ਅੰਧ-ਵਿਸ਼ਵਾਸ, ਗ਼ਰੀਬੀ, ਦੁੱਖ, ਭੁੱਖਮਰੀ ਅਤੇ ਸ਼ੋਸ਼ਣ ਦੇ
ਵਿਸ਼ੇ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਗੂੰਜਦੇ ਹਨ। ਮੁਲਕ ਰਾਜ ਆਨੰਦ ਵੱਲੋਂ ਰਚੇ ਸਾਹਿਤ ਤੋਂ ਉਨ੍ਹਾਂ ਦੀ ਸੰਵੇਦਨਸ਼ੀਲ, ਮਨੁੱਖਤਾਵਾਦੀ ਅਤੇ ਦੂਰਦਰਸ਼ੀ ਸੋਚ ਦਾ ਪ੍ਰਮਾਣ ਮਿਲਦਾ ਹੈ।
‘ਮਾਰਗ’ ਨਾਂ ਦੇ ਰਸਾਲੇ ਦੀ ਸਥਾਪਨਾ ਮੁਲਕ ਰਾਜ ਆਨੰਦ ਨੇ ਕੀਤੀ ਸੀ, ਜਿਸ ਦਾ ਉਦੇਸ਼ ਕਲਾ ਦੀ ਇੱਕ ਸਮਾਜਿਕ ਤੌਰ ’ਤੇ ਸਰਗਰਮ ਅਤੇ ਸੱਭਿਆਚਾਰਕ ਲਹਿਜੇ ਵਾਲੀ ਭਾਸ਼ਾ ਨੂੰ ਵਿਕਸਿਤ ਕਰਨਾ ਸੀ। ਸ਼ੁਰੂਆਤ ਵਿੱਚ ਜੇ.ਆਰ.ਡੀ. ਟਾਟਾ ਤੇ ਮਗਰੋਂ ਟਾਟਾ ਗਰੁੱਪ ਆਫ ਕੰਪਨੀਜ਼ ਇਸ ਦੇ ਪ੍ਰਕਾਸ਼ਨ ਲਈ ਫੰਡ ਮੁਹੱਈਆ ਕਰਦੇ ਸਨ। ਇਸ ਦਾ ਪ੍ਰਕਾਸ਼ਨ 1946 ਤੋਂ ਸ਼ੁਰੂ ਹੋਇਆ। ਮੁਲਕ ਰਾਜ ਆਨੰਦ ਇਸ ਦੇ ਬਾਨੀ ਸੰਪਾਦਕ ਸਨ। ਇਰਾਦਾ ਸੀ ਕਿ ਇਹ ਭਾਰਤ ਅਤੇ ਦੱਖਣੀ ਏਸ਼ੀਆ ਦੀਆਂ ਕਲਾਵਾਂ ਅਤੇ ਸਬੰਧਿਤ ਸੱਭਿਅਤਾਵਾਂ ਦਾ ਐਨਸਾਈਕਲੋਪੀਡੀਆ ਬਣ ਕੇ ਲੋਕਾਂ ਸਾਹਮਣੇ ਆਵੇ।
ਵੇਖਿਆ ਗਿਆ ਹੈ ਕਿ ਪੰਜਾਬੀ ਕਲਾਕਾਰਾਂ, ਸਾਹਿਤਕਾਰਾਂ, ਸੰਗੀਤਕਾਰਾਂ, ਨਾਟਕਕਾਰਾਂ ਤੇ ਨ੍ਰਿਤਕਾਂ ਨੂੰ ਕੌਮੀ ਪੱਧਰ ’ਤੇ ਬਣਦਾ ਮਾਣ-ਸਨਮਾਨ ਨਹੀਂ ਮਿਲਿਆ। ਮੁਲਕ ਰਾਜ ਆਨੰਦ ਨੇ ਪੰਜਾਬੀਆਂ ਦੇ ਇਨ੍ਹਾਂ ਖੇਤਰਾਂ ਵਿੱਚ ਪਾਏ ਯੋਗਦਾਨ ਨੂੰ ਸਮੇਂ ਸਮੇਂ ‘ਮਾਰਗ’ ਵਿੱਚ ਸਥਾਨ ਦਿੱਤਾ। ਉਨ੍ਹਾਂ ਨੂੰ ਇੰਟਰਨੈਸ਼ਨਲ ਪੀਸ ਪ੍ਰਾਈਜ਼ (1953), ਪਦਮ ਭੂਸ਼ਣ (1968) ਅਤੇ ਸਾਹਿਤ ਅਕਾਦਮੀ ਪੁਰਸਕਾਰ (1971) ਨਾਲ ਸਨਮਾਨਿਆ ਗਿਆ। ਅੰਗਰੇਜ਼ ਅਦਾਕਾਰਾ
ਅਤੇ ਕਮਿਊਨਿਸਟ ਕੈਥਲੀਨ ਗੇਲਡਰ ਨਾਲ ਉਨ੍ਹਾਂ ਦਾ 1938 ’ਚ ਵਿਆਹ ਹੋਇਆ ਜਿਸ ਤੋਂ ਸੁਸ਼ੀਲਾ ਨਾਂ ਦੀ

Advertisement

ਧੀ ਨੇ ਜਨਮ ਲਿਆ। 1948 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਮੁਲਕ ਰਾਜ ਆਨੰਦ ਨੇ 1950 ਵਿੱਚ ਪਾਰਸੀ ਨ੍ਰਤਕੀ ਸ਼ਿਰੀਨ ਵਜੀਫਦਾਰ ਨਾਲ ਵਿਆਹ ਕੀਤਾ। ਮੁਲਕ ਰਾਜ ਆਨੰਦ 28 ਸਤੰਬਰ 2004 ਨੂੰ ਸਦੀਵੀ ਅਲਵਿਦਾ ਕਹਿ ਗਏ ਪਰ ਵਗਦੇ ਪਾਣੀਆਂ ਜਿਹਾ ਉਨ੍ਹਾਂ ਦਾ ਲਿਖਿਆ ਸਾਹਿਤ ਅੱਜ ਵੀ ਰੂਹ ਨੂੰ ਸਰਸ਼ਾਰ ਕਰਦਾ ਹੈ।
ਸੰਪਰਕ: 98110-52271

Advertisement

Advertisement
Author Image

sanam grng

View all posts

Advertisement