ਮਲਚਿੰਗ: ਖੇਤੀ ਸਥਿਰਤਾ ਲਈ ਲਾਹੇਵੰਦ ਵਿਕਲਪ
ਅਮਿਤ ਸਲਾਰੀਆ/ਇੰਦਰਪ੍ਰੀਤ ਕੌਰ ਬੋਪਾਰਾਏ*
ਵਧੇਰੇ ਝਾੜ ਵਾਲੀਆਂ ਕਿਸਮਾਂ, ਰਸਾਇਣਕ ਖਾਦਾਂ ਅਤੇ ਪੌਦ ਸੁਰੱਖਿਆ ਤਕਨੀਕਾਂ ’ਤੇ ਨਿਰਭਰ ਆਧੁਨਿਕ ਖੇਤੀ ਨੇ ਦੇਸ਼ ਦੀ ਅਨਾਜ ਉੱਤਪਾਦਕਤਾ ਵਿੱਚ ਚੋਖਾ ਵਾਧਾ ਕੀਤਾ ਹੈ। ਜਿੱਥੇ ਆਧੁਨਿਕ ਖੇਤੀ ਨੇ ਅਨਾਜ ਉਤਪਾਦਨ ਵਿੱਚ ਦੇਸ਼ ਨੂੰ ਆਤਮ-ਨਿਰਭਰ ਬਣਾਇਆ ਹੈ, ਉੱਥੇ ਨਾਲ ਹੀ ਸਾਡੇ ਬਹੁਮੁੱਲੇ ਕੁਦਰਤੀ ਸੋਮਿਆਂ ਨੂੰ ਵੀ ਢਾਹ ਲਾਈ ਹੈ। ਇਸ ਤੋਂ ਇਲਾਵਾ ਤੇਜ਼ੀ ਨਾਲ ਵਧ ਰਹੇ ਉਦਯੋਗੀਕਰਨ ਅਤੇ ਸ਼ਹਿਰੀਕਰਨ ਨੇ ਵੀ ਖੇਤੀ ਅਤੇ ਵਾਤਾਵਰਨ ਦੇ ਸੰਤੁਲਨ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਕਾਰਨਾਂ ਕਰ ਕੇ ਵਧਦੀ ਜਨਸੰਖਿਆ ਲਈ ਲੋੜੀਂਦੇ ਅਨਾਜ ਉੱਤਪਾਦਨ ਦੇ ਟੀਚੇ ਨੂੰ ਪੂਰਾ ਕਰਨਾ ਬਹੁਤ ਚੁਣੌਤੀਪੂਰਨ ਹੋ ਗਿਆ ਹੈ। ਕੁਦਰਤੀ ਸੋਮਿਆਂ ਦੀ ਸੰਭਾਲ, ਜਲਵਾਯੂ ਪਰਿਵਰਤਨ ਅਤੇ ਉਦਯੋਗੀਕਰਨ ਦੇ ਇਸ ਵਧ ਰਹੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਵਾਤਾਵਰਨ ਅਨੁਕੂਲ ਖੇਤੀ ਤਕਨੀਕਾਂ ਅਪਣਾਉਣ ਦੀ ਲੋੜ ਹੈ। ਮਲਚਿੰਗ ਵਿਧੀ ਇਸ ਸਬੰਧ ਵਿੱਚ ਇੱਕ ਢੁੱਕਵਾਂ ਵਿਕਲਪ ਹੈ ਜੋ ਕਿ ਬਹੁਤ ਸਾਰੇ ਖੇਤੀ ਅਤੇ ਵਾਤਾਵਰਨ ਲਾਭ ਪ੍ਰਦਾਨ ਕਰਦੀ ਹੈ। ਮਲਚ ਇੱਕ ਅਜਿਹੀ ਸਮੱਗਰੀ/ਪਦਾਰਥ ਹੈ ਜਿਸ ਨੂੰ ਆਸਾਨੀ ਨਾਲ ਜ਼ਮੀਨ ’ਤੇ ਵਿਛਾਇਆ ਜਾ ਸਕਦਾ ਹੈ ਅਤੇ ਇਸ ਨੂੰ ਵਿਛਾਉਣ ਦੀ ਪ੍ਰਕਿਰਿਆ ਨੂੰ ਮਲਚਿੰਗ ਕਿਹਾ ਜਾਂਦਾ ਹੈ। ਮਲਚਿੰਗ ਤੋਂ ਭਾਵ ਹੈ ਕਿ ਖੇਤਾਂ ਜਾਂ ਬਾਗ਼ਾਂ ਦੀ ਜ਼ਮੀਨ ਨੂੰ ਪਰਾਲੀ ਜਾਂ ਪਲਾਸਟਿਕ ਸ਼ੀਟ ਨਾਲ ਢਕਣਾ।
ਮਲਚ ਦੀਆਂ ਕਿਸਮਾਂ: ਆਮ ਤੌਰ ’ਤੇ ਮਲਚ ਸਮੱਗਰੀ ਦੋ ਤਰ੍ਹਾਂ ਦੀ ਹੁੰਦੀ ਹੈ।
ਜੈਵਿਕ ਮਲਚ: ਇਹ ਮਲਚ ਪਦਾਰਥ ਪੌਦਿਆਂ ਅਤੇ ਜਾਨਵਰਾਂ ਦੇ ਮੂਲ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਵਿੱਚ ਤੂੜੀ/ਪਰਾਲੀ ਦੀ ਮਲਚ, ਫ਼ਸਲਾਂ ਦੀ ਰਹਿੰਦ-ਖੂੰਹਦ, ਕੂੜਾ, ਨਦੀਨਾਂ ਅਤੇ ਪੱਤਿਆਂ ਦੀ ਮਲਚ ਆਦਿ ਸ਼ਾਮਲ ਹਨ। ਕਵਰ ਫ਼ਸਲਾਂ ਅਤੇ ਅੰਤਰ-ਫ਼ਸਲਾਂ ਵੀ ਜੈਵਿਕ ਮਲਚ ਦੇ ਤੌਰ ’ਤੇ ਵਰਤੀਆਂ ਜਾ ਸਕਦੀਆਂ ਹਨ।
ਅਜੈਵਿਕ ਮਲਚ: ਇਸ ਵਿੱਚ ਆਮ ਤੌਰ ’ਤੇ ਪਲਾਸਟਿਕ ਦੀਆਂ ਸ਼ੀਟਾਂ/ਫਿਲਮਾਂ ਆਦਿ ਨੂੰ ਖੇਤੀ ਅਤੇ ਸਬਜ਼ੀ ਦੀਆਂ ਫ਼ਸਲਾਂ ਵਿੱਚ ਵਰਤਿਆ ਜਾ ਸਕਦਾ ਹੈ। ਇਨ੍ਹਾਂ ਪਲਾਸਟਿਕ ਫਿਲਮਾਂ ਦੇ ਰੰਗ (ਕਾਲਾ, ਚਿੱਟਾ), ਡੀਗ੍ਰੇਡੇਬਿਲੀਟੀ (ਫੋਟੋ-ਡੀਗ੍ਰੇਡੇਬਲ, ਬਾਇਓ-ਡੀਗ੍ਰੇਡੇਬਲ ਪਲਾਸਟਿਕ ਸ਼ੀਟ), ਐੱਲਡੀਪੀਈ, ਐਚਡੀਪੀਈ ਅਤੇ ਤਰੰਗ ਲੰਬਾਈ ਦੇੇ ਆਧਾਰ ’ਤੇ ਸ਼੍ਰੇਣੀਬੱਧ ਕੀਤਾ ਗਿਆ ਹੈ।
ਖੇਤੀ ਵਿੱਚ ਮਲਚਿੰਗ ਦੇ ਲਾਭ-
ਨਮੀ ਦੀ ਸੰਭਾਲ: ਤੇਜ਼ ਹਵਾਵਾਂ, ਵਧਦਾ ਤਾਪਮਾਨ ਅਤੇ ਨਦੀਨਾਂ ਕਾਰਨ ਮਿੱਟੀ ਵਿੱਚ ਨਮੀ ਦੀ ਮਾਤਰਾ ਘਟ ਜਾਂਦੀ ਹੈ। ਮਲਚ ਮਿੱਟੀ ਉੱਪਰਤੀ ਪਰਤ ਤੋਂ ਵਾਸ਼ਪੀਕਰਨ ਨੂੰ ਰੋਕਦੀ ਹੈ, ਨਦੀਨਾਂ ’ਤੇ ਕਾਬੂ ਪਾਉਂਦੀ ਹੈ ਅਤੇ ਮਿੱਟੀ ਦੀ ਨਮੀ ਬਰਕਰਾਰ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ।
ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ: ਮਲਚਿੰਗ ਵਿਧੀ ਸਦਕਾ ਪਰਾਲੀ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਦੀ ਰੀਸਾਈਕਲਿੰਗ ਹੁੰਦੀ ਹੈ ਅਤੇ ਇਹ ਵਿਧੀ ਭੌਂ ਖੁਰ ਨੂੰ ਵੀ ਰੋਕਦੀ ਹੈ ਜਿਸ ਸਦਕਾ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ। ਇੱਕ ਟਨ ਪਰਾਲੀ ਵਿੱਚ 6.2 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ੀਅਮ ਅਤੇ 1.2 ਕਿਲੋ ਸਲਫਰ ਤੱਤ ਮੌਜੂਦ ਹੁੰਦੇ ਹਨ। ਪਰਾਲੀ ਗਲਣ ਤੋਂ ਬਾਅਦ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਕਰਦੇ ਹਨ। ਜਦੋਂਕਿ ਪਰਾਲੀ ਨੂੰ ਸਾੜਨ ਦੌਰਾਨ 90 ਫ਼ੀਸਦੀ ਨਾਈਟ੍ਰੋਜਨ, 20-25 ਫ਼ੀਸਦੀ ਫਾਸਫੋਰਸ ਅਤੇ ਪੋਟਾਸ਼ੀਅਮ ਤੱਤ ਅਤੇ 60 ਫ਼ੀਸਦੀ ਸਲਫਰ ਤੱਤ ਨਸ਼ਟ ਹੋ ਜਾਂਦੇ ਹਨ।
ਮਿੱਟੀ ਦਾ ਤਾਪਮਾਨ ਕੰਟਰੋਲ: ਮਲਚਿੰਗ ਮਿੱਟੀ ਦੀ ਪਰਤ ਨੂੰ ਢਕਦੀ ਹੈ ਜਿਸ ਸਦਕਾ ਇਹ ਮਿੱਟੀ ਦੇ ਤਾਪਮਾਨ ਨੂੰ ਨਿਯਮਤ ਕਰਦੀ ਹੈ ਤੇ ਨਮੀ ਬਰਕਰਾਰ ਰੱਖਦੀ ਹੈ। ਮਲਚਿੰਗ ਸੂਰਜ ਦੀ ਰੋਸ਼ਨੀ ਨੂੰ ਮਿੱਟੀ ਦੀ ਸਤਹਿ ਤੱਕ ਪਹੁੰਚਣ ਤੋਂ ਰੋਕਦੀ ਹੈ ਜਿਸ ਕਰ ਕੇ ਵਾਸ਼ਪੀਕਰਨ ਵਿੱਚ ਕਟੌਤੀ ਲਈ ਸਹਾਇਕ ਹੁੰਦੀ ਹੈ। ਇਹ ਵਿਧੀ ਕਣਕ ਦੀ ਫ਼ਸਲ ਨੂੰ ਦਾਣੇ ਭਰਨ ਸਮੇਂ ਵਧਦੇ ਤਾਪਮਾਨ ਤੋਂ ਬਚਾਉਣ ਅਤੇ ਝਾੜ ਵਧਾਉਣ ਵਿੱਚ ਵਡਮੁੱਲਾ ਯੋਗਦਾਨ ਦਿੰਦੀ ਹੈ।
ਨਦੀਨਾਂ ਦੀ ਰੋਕਥਾਮ: ਪਨੀਰੀ ਵਾਲੀਆਂ ਜਗ੍ਹਾਵਾਂ ਅਤੇ ਖੇਤਾਂ ਵਿੱਚ ਵੀ ਨਦੀਨਾਂ ਨੂੰ ਰੋਕਣ ਲਈ ਮਲਚਿੰਗ ਇੱਕ ਅਨੁਕੂਲ ਸਾਧਨ ਹੈ। ਜਦੋਂ ਮਿੱਟੀ ਦੀ ਸਤਹਿ ’ਤੇ ਮਲਚ ਵਿੱਛਾ ਦਿੱਤੀ ਜਾਂਦੀ ਹੈ ਤਾਂ ਇਹ ਰੋਸ਼ਨੀ ਨੂੰ ਮਿੱਟੀ ਦੀ ਤੱਕ ਪਹੁੰਚਣ ਵਿੱਚ ਰੁਕਾਵਟ ਦਾ ਕੰਮ ਕਰਦੀ ਹੈ ਜਿਸ ਦੇ ਨਤੀਜੇ ਵਜੋਂ ਛੋਟੇ ਬੀਜ ਵਾਲੇ ਨਦੀਨਾਂ ਦਾ ਉੱਗਣਾ ਘਟ ਜਾਂਦਾ ਹੈ।
ਲੂਣੀਆਂ ਜ਼ਮੀਨਾਂ ਦਾ ਸੁਧਾਰ: ਵਾਸ਼ਪੀਕਰਨ ਨੂੰ ਰੋਕਣ ਅਤੇ ਮਿੱਟੀ ਵਿੱਚ ਨਮੀ ਦੀ ਮਾਤਰਾ ਬਰਕਰਾਰ ਰੱਖਣ ਕਾਰਨ ਮਲਚਿੰਗ ਜ਼ਮੀਨ ਵਿੱਚ ਕੱਲਰ ਦੀ ਸਮੱਸਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਦੀ ਹੈ।
ਪੌਦਿਆਂ ਦਾ ਵਾਧਾ, ਵਿਕਾਸ ਅਤੇ ਉਪਜ: ਖੋਜ ਤਜਰਬਿਆਂ ਵਿੱਚ ਇਹ ਪ੍ਰਮਾਣਿਤ ਹੋਇਆ ਕਿ ਫ਼ਸਲਾਂ ਦਾ ਜੰਮ, ਵਾਧਾ ਅਤੇ ਵਿਕਾਸ, ਜ਼ਮੀਨ ਦੀ ਸਿਹਤ ਅਤੇ ਨਦੀਨਾਂ ਦੀ ਰੋਕਥਾਮ ਲਈ ਇੱਕ ਮਲਚ ਢੁੱਕਵਾਂ ਵਿਕਲਪ ਹੈ।
ਮਲਚਿੰਗ ਦੇ ਵਾਤਾਵਰਨ ਨੂੰ ਲਾਭ
ਵਾਤਾਵਰਨ ਪ੍ਰਦੂਸ਼ਣ ਦੀ ਰੋਕਥਾਮ: ਪਰਾਲੀ ਨੂੰ ਮਲਚ ਵਜੋਂ ਵਰਤਣ ਨਾਲ ਪਰਾਲੀ ਸਾੜਨ ਦੀ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ। ਨਹੀਂ ਤਾਂ ਇੱਕ ਟਨ ਪਰਾਲੀ ਨੂੰ ਸਾੜਨ ਦੇ ਨਤੀਜੇ ਵਜੋਂ 3 ਕਿਲੋ ਕਣ ਪਦਾਰਥ, 60 ਕਿਲੋ ਕਾਰਬਨ ਮੋਨੋਆਕਸਾਈਡ ਅਤੇ 1460 ਕਿਲੋ ਕਾਰਬਨ ਡਾਇਆਕਸਾਈਡ, 199 ਕਿਲੋ ਸੁਆਹ ਅਤੇ 2 ਕਿਲੋ ਸਲਫ਼ਰ ਡਾਇਆਕਸਾਈਡ ਨਿਕਲਦੇ ਹਨ ਜੋ ਕਿ ਸਿਹਤ ਅਤੇ ਵਾਤਾਵਰਨ ਲਈ ਹਾਨੀਕਾਰਕ ਹਨ।
ਮਿੱਟੀ ਵਿੱਚ ਮੌਜੂਦ ਭਾਰੀ ਧਾਤਾਂ ਨੂੰ ਕੱਢਣਾ: ਮਿੱਟੀ ਵਿੱਚੋਂ ਇਨ੍ਹਾਂ ਭਾਰੀ ਧਾਤਾਂ ਨੂੰ ਕੱਢਣ ਲਈ ਜੈਵਿਕ ਮਲਚ ਇੱਕ ਵਧੀਆ ਸਰੋਤ ਹੈ।
ਮਲਚਿੰਗ ਵਿਧੀ ਦੀਆਂ ਸਿਫ਼ਾਰਸ਼ਾਂ: ਉੱਤਰੀ ਭਾਰਤ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਬਹੁਤਾਤ ਮਾਤਰਾ ਵਿੱਚ ਉਪਲੱਬਧ ਹੁੰਦੀ ਹੈ ਜਿਸ ਦੀ ਸੁਚਾਰੂ ਢੰਗ ਨਾਲ ਵਰਤੋਂ ਕਰੋ।
ਇਸ ਤਰ੍ਹਾਂ ਮਲਚ ਮਿੱਟੀ ਦੀ ਸਿਹਤ ਅਤੇ ਉੱਪਰਲੀ ਸਤਹਿ ਦਾ ਤਾਪਮਾਨ ਕੰਟਰੋਲ ਕਰਨ ਵਿੱਚ ਸਹਾਇਕ ਹਨ ਹੈ ਅਤੇ ਨਦੀਨ ਰੋਕਥਾਮ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਤੋਂ ਇਲਾਵਾ ਇਹ ਜ਼ਮੀਨ ਦੀ ਨਮੀ ਬਰਕਰਾਰ ਰੱਖਦੀ ਹੈ ਅਤੇ ਫ਼ਸਲਾਂ ਵਿੱਚ ਪਾਣੀ ਦੀ ਲੋੜ ਨੂੰ ਘਟਾਉਂਦੀ ਹੈ।
*ਡਾਇਰੈਕਟੋਰੇਟ ਪਸਾਰ ਸਿੱਖਿਆ, ਪੀਏਯੂ।