ਮੁਕਤਸਰ: ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਐੱਸਐੱਸਪੀ ਵੱਲੋਂ ਸ਼ਹਿਰ ਦਾ ਦੌਰਾ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 29 ਨਵੰਬਰ
ਮੁਕਤਸਰ ਸ਼ਹਿਰ ਦੀ ਵਿਗੜੀ ਆਵਾਜਾਈ ਸਮੱਸਿਆ ਦੇ ਹੱਲ ਲਈ ਜ਼ਿਲ੍ਹਾ ਪੁਲੀਸ ਮੁਖੀ ਤੁਸ਼ਾਰ ਗੁਪਤਾ ਵੱਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਅਤੇ ਇਸ ਦੌਰਾਨ ਆਮ ਲੋਕਾਂ ਨਾਲ ਮਸ਼ਵਰਾ ਵੀ ਕੀਤਾ ਗਿਆ। ਇਸ ਮੌਕੇ ਮਨਮੀਤ ਸਿੰਘ ਢਿੱਲੋਂ ਐੱਸਪੀ (ਡੀ), ਸਤਨਾਮ ਸਿੰਘ ਡੀਐੱਸਪੀ, ਐੱਸਆਈ ਸੁਖਦੇਵ ਸਿੰਘ ਜ਼ਿਲ੍ਹਾ ਟਰੈਫਿਕ ਇੰਚਾਰਜ, ਜਸਪ੍ਰੀਤ ਸਿੰਘ ਛਾਬੜਾ ਮੈਂਬਰ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਹਾਜ਼ਰ ਸਨ। ਟੀਮ ਵੱਲੋਂ ਬੱਸ ਅੱਡਾ, ਮੰਗੇ ਦਾ ਪੰਪ, ਮਸੀਤ ਵਾਲਾ ਚੌਕ, ਕੋਟਕਪੂਰਾ ਚੌਕ ਅਤੇ ਕੇਅਰ ਸਿੰਘ ਚੌਕ ਵਿਚ ਸ਼ਾਮ ਵੇਲੇ ਪਹੁੰਚ ਕੇ ਟਰੈਫਿਕ ਵਿਵਸਥਾ ਦਾ ਜਾਇਜ਼ਾ ਲਿਆ ਗਿਆ। ਐੱਸਐੱਸਪੀ ਨੇ ਦੱਸਿਆ ਕਿ ਟਰੈਫਿਕ ਸਮੱਸਿਆ ਨੂੰ ਵੇਖਦੇ ਹੋਏ 10 ਹੋਰ ਟਰੈਫਿਕ ਪੁਲੀਸ ਮੁਲਾਜ਼ਮਾਂ ਵਿੱਚ ਵਾਧਾ ਕੀਤਾ ਗਿਆ ਹੈ। ਸ਼ਹਿਰ ’ਚ ਮੰਗੇ ਦਾ ਪੰਪ, ਬੱਸ ਸਟੈਂਡ ਅਤੇ ਭਾਈ ਕੇਹਰ ਸਿੰਘ ਚੌਕ ’ਚ ਟਰੈਫਿਕ ਲਾਈਟਾਂ ਲਾਉਣ ਦੀ ਤਜਵੀਜ਼ ਛੇਤੀ ਤਿਆਰ ਕਰਕੇ ਸਰਕਾਰ ਨੂੰ ਭੇਜੀ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਜ਼ਾਰਾਂ ’ਚ ਖਰੀਦਦਾਰੀ ਕਰਦੇ ਸਮੇਂ ਆਪਣੇ ਵਹੀਕਲਾਂ ਨੂੰ ਸੜਕ ਤੋਂ ਦੂਰ ਪਾਰਕਿੰਗ ਵਾਲੀਆਂ ਥਾਵਾਂ ’ਤੇ ਹੀ ਪਾਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਉਹ ਕੋਈ ਵੀ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਹੈਲਪਲਾਈਨ ਨੰਬਰ 80549-42100 ਦੇ ਸਕਦੇ ਹੋ ਜਾਣਕਾਰੀ ਦੇਣ ਵਾਲਾ ਦਾ ਨਾਮ ਗੁਪਤ ਰੱਖਿਆ ਜਾਵੇਗਾ।