For the best experience, open
https://m.punjabitribuneonline.com
on your mobile browser.
Advertisement

Muktsar: ਮਾਘੀ ਮੇਲਾ: ਮੇਲੀਆਂ ਦੇ ਵੱਸੋਂ ਬਾਹਰ ਹੋਇਆ ਮਨੋਰੰਜਨ ਮੇਲਾ

07:38 PM Jan 12, 2025 IST
muktsar  ਮਾਘੀ ਮੇਲਾ  ਮੇਲੀਆਂ ਦੇ ਵੱਸੋਂ ਬਾਹਰ ਹੋਇਆ ਮਨੋਰੰਜਨ ਮੇਲਾ
ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੌਕੇ ਲੱਗਣ ਵਾਲੇ ਮਨੋਰੰਜਨ ਮੇਲੇ ਦੀ ਤਿਆਰੀ ’ਚ ਲੱਗੇ ਕਾਮੇ।
Advertisement
>ਗੁਰਸੇਵਕ ਸਿੰਘ ਪ੍ਰੀਤਸ੍ਰੀ ਮੁਕਤਸਰ ਸਾਹਿਬ, 12 ਜਨਵਰੀ
Advertisement

ਮੇਲਾ ਮਾਘੀ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਜਾਰੀ ਹਨ। ਧਾਰਮਿਕ ਦਰਸ਼ਨ-ਇਸ਼ਨਾਨ ਤੋਂ ਬਾਅਦ ਹਰ ਮੇਲੀ ਮਨੋਰੰਜਨ ਮੇਲੇ ਵੀ ਜਾਂਦਾ ਹੈ ਅਤੇ ਬਾਜ਼ਾਰ ’ਚੋਂ ਖਰੀਦਦਾਰ ਵੀ ਕਰਦਾ ਹੈ ਪਰ ਇਹ ਮੇਲਾ ਐਤਕੀਂ ਵੀ ਮੇਲੀਆਂ ਦੀ ਜੇਬ ’ਤੇ ਭਾਰੀ ਪਵੇਗਾ। ਮਲੋਟ ਰੋਡ ’ਤੇ ਲੱਗੇ ਇਸ ਮਨੋਰੰਜਨ ਮੇਲੇ ’ਚ ਦਾਖ਼ਲ ਹੋਣ ਦੀ ਟਿਕਟ 40 ਰੁਪਏ ਰੱਖੀ ਗਈ ਹੈ, ਜਦੋਂ ਕਿ ਪਿਛਲੇ ਵਰ੍ਹੇ ਇਹ 30 ਰੁਪਏ ਸੀ ਤੇ ਇਸ ਤੋਂ ਪਹਿਲਾ 10 ਰੁਪਏ ਵੀ ਹੁੰਦੀ ਸੀ। ਇਹ ਟਿਕਟ ਸਿਰਫ ਦਾਖ਼ਲੇ ਲਈ ਹੈ, ਅੱਗੇ ਝੂਲਿਆਂ ’ਚ ਝੂਟੇ ਲੈਣ, ਜਾਦੂ ਦਾ ਸ਼ੋਅ ਤੇ ਮੌਤ ਦਾ ਖੂਹ ਵਰਗੀਆਂ ਹੋਰ ਪੇਸ਼ਕਾਰੀਆਂ ਦੇਖਣ ਲਈ ਵੱਖਰੀ ਟਿਕਟ ਹੋਵੇਗੀ, ਜੋ 50 ਰੁਪਏ ਤੋਂ ਲੈ ਕੇ ਸੌ ਰੁਪਏ ਤੱਕ ਹੈ।

Advertisement

ਮੇਲੇ ਦੇ ਇੱਕ ਪ੍ਰਬੰਧਕ ਬਲਵੰਤ ਨੇ ਦੱਸਿਆ ਕਿ ਟਿਕਟ ਦੀ ਲਾਗਤ ਮੇਲੇ ਦੇ ਖਰਚੇ ਦੇ ਹਿਸਾਬ ਨਾਲ ਤੈਅ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਬੋਲੀ ਦੇ ਕੇ ਰੈੱਡ ਕਰਾਸ ਤੋਂ ਇਹ ਮਨੋਰੰਜਨ ਮੇਲਾ ਇੱਕ ਕਰੋੜ ਚਾਰ ਲੱਖ ਰੁਪਏ ’ਚ ਖਰੀਦਿਆ ਗਿਆ ਹੈ। ਇਸ ਤੋਂ ਬਾਅਦ ਬਿਜਲੀ, ਪਾਣੀ, ਸਫ਼ਾਈ ਤੇ ਸੁਰੱਖਿਆ ਦੇ ਖਰਚੇ ਵੱਖਰੇ ਹਨ, ਇਸ ਲਈ ਜਿੰਨਾ ਖਰਚਾ ਵਧਦਾ ਜਾਂਦਾ ਹੈ, ਟਿਕਟ ਵੀ ਉਸੇ ਹਿਸਾਬ ਨਾਲ ਮਹਿੰਗੀ ਹੁੰਦੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੀਂਹ ਕਾਰਨ ਦੋ-ਤਿੰਨ ਖਰਾਬ ਹੋ ਗਏ ਹਨ। ਹਾਲਾਂਕਿ ਪ੍ਰਸ਼ਾਸਨ ਨੇ ਮੀਂਹ ਦਾ ਪਾਣੀ ਕੱਢਣ ਅਤੇ ਸਫ਼ਾਈ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਕੀਤਾ ਕੁੱਝ ਨਹੀਂ।

ਮੇਲੇ ’ਚ ਆਏ ਝੂਲਾ ਮਾਲਕਾਂ ਨੇ ਦੱਸਿਆ ਕਿ ਉਹ ਹਿਮਾਚਲ ਅਤੇ ਯੂਪੀ ਤੋਂ ਆਏ ਹਨ। ਝੂਲੇ ਦੀ ਟਿਕਟ ਠੇਕੇਦਾਰ ਤੈਅ ਕਰਦਾ ਹੈ, ਜਿੰਨੀਆਂ ਟਿਕਟਾਂ ਵਿਕਦੀਆਂ ਹਨ ਉਸ ਦਾ ਕਮਿਸ਼ਨ ਉਨ੍ਹਾਂ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਮਹਿੰਗੇ ਵੇਚੇ ਮੇਲੇ ਕਾਰਨ ਉਨ੍ਹਾਂ ਦੀ ਕਮਾਈ ਵੀ ਘੱਟ ਗਈ ਹੈ। ਕੁੱਝ ਮੇਲੀਆਂ ਨੇ ਦੱਸਿਆ ਕਿ ਬੱਚੇ ਤਾਂ ਹਰ ਰੋਜ਼ ਮੇਲਾ ਦੇਖਣ ਨੂੰ ਕਹਿੰਦੇ ਹਨ ਪਰ ਮਹਿੰਗੀਆਂ ਟਿਕਟਾਂ ਕਾਰਨ ਉਹ ਤਾਂ ਇੱਕ ਵਾਰ ਵੀ ਮੇਲਾ ਨਹੀਂ ਦਿਖਾ ਸਕਦੇ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੇਲਾ ਟਿਕਟ ਮੁਆਫ਼ ਕਰਨ ਦੀ ਮੰਗ ਕੀਤੀ ਹੈ।

ਸੁਰੱਖਿਆ ਪ੍ਰਬੰਧ ਮੁਕੰਮਲ: ਐੱਸਐੱਸਪੀ

ਜ਼ਿਲ੍ਹਾ ਪੁਲੀਸ ਮੁਖੀ ਤੁਸ਼ਾਰ ਗੁਪਤਾ ਨੇ ਮੇਲੇ ਵਿੱਚ ਦਾਖ਼ਲ ਹੋਣ ਦਾ ਰੂਟ ਪਲਾਨ ਜਾਰੀ ਕਰਦਿਆਂ ਕਿਹਾ ਕਿ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਮੇਲੇ ਵਾਲੇ ਦਿਨ ਕੋਟਕਪੂਰਾ ਰੋਡ, ਬਠਿੰਡਾ ਰੋਡ, ਮਲੋਟ ਰੋਡ, ਅਬੋਹਰ- ਪੰਨੀਵਾਲਾ ਰੋਡ, ਜਲਾਲਾਬਾਦ ਅਤੇ ਫਿਰੋਜ਼ਪੁਰ ਰੋਡ ਤੋਂ ਆਉਣ ਵਾਹਨਾਂ ਦਾ ਸ਼ਹਿਰੋਂ ਬਾਹਰ ਖੜ੍ਹਾਉਣ ਅਤੇ ਅੱਗੇ ਜਾਣ ਵਾਸਤੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਆਵਾਜਾਈ ਵਿੱਚ ਵਿਘਨ ਨਾ ਪਵੇ। 15 ਐਮਰਜੈਂਸੀ ਪੁਲੀਸ ਸਹਾਇਤਾ ਕੇਂਦਰ ਬਣਾਏ ਗਏ ਹਨ। ਕਰੀਬ 80 ਨਾਕੇ ਲਾਏ ਗਏ ਹਨ। ਸੀਸੀਟੀਵੀ ਕੈਮਰੇ, ਡੋਗ ਸਕੁਐਡ, ਗੋਤਾਖੋਰ, ਫਸਟਏਡ ਟੀਮਾਂ, ਕਰੇਨਾਂ ਤੇ ਹੋਰ ਪ੍ਰਬੰਧ ਕੀਤੇ ਗਏ ਹਨ। ਕਿਸੇ ਮੁਸੀਬਤ ਸਮੇਂ ਲੋਕ ਪੁਲੀਸ ਸਹਾਇਤਾ ਲਈ ਫੋਨ ਨੰਬਰ 01633-263622, 80543-70100, 85560-12400, 112 ’ਤੇ ਸੰਪਰਕ ਕਰ ਸਕਦੇ ਹਨ।

ਯਾਤਰੂਆਂ ਲਈ ਪ੍ਰਬੰਧ ਮੁਕੰਮਲ: ਮੈਨੇਜਰ ਦਰਬਾਰ ਸਾਹਿਬ

13 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਲੱਖ ਤੋਂ ਵੱਧ ਗਿਣਤੀ ’ਚ ਸ਼ਰਧਾਲੂ ਚਾਲ੍ਹੀ ਮੁਕਤਿਆਂ ਨੂੰ ਨਤਮਸਤਕ ਹੋਣ ਵਾਸਤੇ ਸ੍ਰੀ ਦਰਬਾਰ ਸਾਹਿਬ ਪੁੱਜਦੇ ਹਨ। ਇਸ ਵਾਸਤੇ ਦਰਸ਼ਨ-ਇਸ਼ਨਾਨ ਕਰਨ, ਪ੍ਰਸ਼ਾਦ ਕਰਾਉਣ, ਰਾਤ ਨੂੰ ਵਿਸ਼ਰਾਮ ਕਰਨ ਅਤੇ ਲੰਗਰ-ਪਾਣੀ ਵਾਸਤੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਬਲਦੇਵ ਸਿੰਘ ਨੇ ਦੱਸਿਆ ਕਿ 12 ਜਨਵਰੀ ਤੋਂ ਅਰੰਭ ਹੋਏ ਅਖੰਡ ਪਾਠ ਦੇ ਭੋਗ 14 ਜਨਵਰੀ ਨੂੰ ਸਵੇਰੇ 7.30 ਵਜੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪਾਏ ਜਾਣਗੇ। ਭਾਈ ਮਹਾਂ ਸਿੰਘ ਹਾਲ ਵਿਖੇ ਧਾਰਮਿਕ ਦੀਵਾਨ ਸਜਣਗੇ। 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਦੀਵਾਨ ਅਤੇ ਗੁਰਦੁਆਰਾ ਤੰਬੂ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਇਸੇ ਦਿਨ ਗੇਟ ਨੰਬਰ ਚਾਰ ਤੋਂ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਜਾਵੇਗਾ, ਜਿਸ ਦੌਰਾਨ ਨਿਹੰਗ ਸਿੰਘ ਗਤਕੇ ਤੇ ਘੋੜ ਸਵਾਰੀ ਦੇ ਕਰਤੱਬ ਵਿਖਾਉਣਗੇ। ਉਨ੍ਹਾਂ ਸੰਗਤ ਨੂੰ ਨਸ਼ੇ ਦਾ ਸੇਵਨ ਨਾ ਕਰਨ ਤੇ ਕੀਮਤੀ ਗਹਿਣੇ ਪਹਿਨ ਕੇ ਨਾ ਆਉਣ ਦੀ ਅਪੀਲ ਕੀਤੀ ਹੈ।

Advertisement
Author Image

Charanjeet Channi

View all posts

Advertisement