ਸੀਵਰੇਜ ਸਮੱਸਿਆ ਤੋਂ ਮੁਕਤ ਨਾ ਹੋਇਆ ਮੁਕਤਸਰ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 21 ਜਨਵਰੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਵੱਲੋਂ ਸ਼ਹਿਰ ਵਿੱਚ ਕਰੋੜਾਂ ਰੁਪਏ ਖਰਚ ਕਰ ਕੇ ਪਾਏ ਨਵੇਂ ਸੀਵਰੇਜ ਸਿਸਟਮ ਤੋਂ ਬਾਅਦ ਵੀ ਇਸ ਪ੍ਰਬੰਧ ਉਪਰ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ, ਪਰ ਗੰਦਾ ਪਾਣੀ ਅਜੇ ਵੀ ਗਲੀਆਂ-ਬਜ਼ਾਰਾਂ ’ਚ ਫਿਰਦਾ ਹੈ ਤੇ ਫਿਰ ਇਹੀ ਘਰਾਂ ਦੇ ਪੀਣ ਵਾਲੇ ਪਾਣੀ ’ਚ ਮਿਲ ਜਾਂਦਾ ਹੈ| ਰੇਲਵੇ ਲਾਈਨ ਤੋਂ ਸਿਟੀ ਸਾਈਡ ਦਾ ਸੀਵਰੇਜ ਦਾ ਡਿਸਪੋਜ਼ਲ ਬਲਮਗੜ੍ਹ ਰੋਡ ’ਤੇ ਹੈ ਜਦੋਂਕਿ ਫਾਟਕ ਤੋਂ ਪਾਰ ਦਾ ਡਿਸਪੋਜਲ ਜਲਾਲਾਬਾਦ ਰੋਡ ’ਤੇ ਹੈ| ਸਾਲ 2008 ਵਿੱਚ ਫਾਟਕ ਤੋਂ ਪਾਰ ਡਾਟ ਵਾਲੇ ਸੀਵਰੇਜ ਦੀ ਬਜਾਇ ਪਾਈਪ ਵਾਲਾ ਸੀਵਰੇਜ ਪਾਇਆ ਗਿਆ ਜੋ ਸ਼ੁਰੂ ਤੋਂ ਹੀ ਨਹੀਂ ਚੱਲ ਸਕਿਆ। ਬੂੜਾ ਗੁੱਜਰ ਰੋਡ ’ਤੇ ਫਾਟਕ ਦੇ ਨੇੜੇ ਆਰਜ਼ੀ ਸੀਵਰੇਜ ਲਿਫ਼ਟ ਪੰਪ ਲਗਾ ਕੇ ਪਾਣੀ ਸਿਟੀ ਸਾਈਡ ਮਸੀਤ ਚੌਕ ਦੇ ਮੇਨ ਹੋਲ ਵਿੱਚ ਉਲਟ ਦਿਸ਼ਾ ਵੱਲ ਸੁੱਟਿਆ ਜਾ ਰਿਹਾ ਹੈ| ਇਸ ਖਰਾਬੀ ਨੂੰ ਦੂਰ ਕਰਨ ਵਾਸਤੇ ਕਦੇ ਕਿਸੇ ਨੇ ਯਤਨ ਨਹੀਂ ਕੀਤਾ|
ਜਾਣਕਾਰੀ ਅਨੁਸਾਰ ਬਿਜਲੀ ਨਿਗਮ ਵੱਲੋਂ ਮੌੜ ਰੋਡ ’ਤੇ ਬਿਜਲੀ ਦਾ ਕੁਨੈਕਸ਼ਨ ਕੱਟਣ ਕਾਰਨ ਆਰਜ਼ੀ ਪੰਪ ਬੰਦ ਹੈ ਅਤੇ ਸੜਕ ’ਤੇ ਪਾਣੀ ਜਮ੍ਹਾਂ ਹੈ| ਇਸੇ ਤਰ੍ਹਾਂ ਬਾਈਪਾਸ ਅਤੇ ਭਾਗਸਰ ਰੋਡ ’ਤੇ ਸੀਵਰੇਜ ਬੰਦ ਹੈ ਜਿਸ ਕਾਰਨ ਆਵਾਜਾਈ ਲਈ ਸੜਕ ਬੰਦ ਹੈ| ਸ਼ਹਿਰ ਵਿੱਚ ਕਿਸੇ ਸਮੇਂ ਵੀ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਪੰਜਾਬ ਨੇ ਸ਼ਹਿਰ ਦਾ ਸੀਵਰੇਜ ਸਿਸਟਮ ਤੇ ਤਿੰਨ ਐੱਸਟੀਪੀ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਨੂੰ ਟਰਾਂਸਫਰ ਕਰਨ ਦੇ ਹੁਕਮ ਜਾਰੀ ਕੀਤੇ ਸਨ, ਐੱਸਟੀਪੀ ਦਾ ਚਾਰਜ ਤਾਂ ਸਬੰਧਤ ਬੋਰਡ ਨੇ ਲੈ ਲਿਆ ਹੈ, ਪਰ ਸੀਵਰੇਜ ਸਿਸਟਮ ਦਾ ਚਾਰਜ ਨਹੀਂ ਲਿਆ| ਪੰਜਾਬ ਸਰਕਾਰ ਤੋਂ ਫੰਡ ਨਾ ਜਾਰੀ ਹੋਣ ਕਰਕੇ ਐੱਸਟੀਪੀ ਵੀ ਬੰਦ ਹਨ ਅਤੇ ਬਿਨਾਂ ਸੋਧਿਆ ਪਾਣੀ ਸਿੱਧਾ ਸੇਮ ਨਾਲਿਆਂ ਵਿੱਚ ਸੁੱਟਿਆ ਜਾ ਰਿਹਾ ਹੈ। ਨੈਸ਼ਨਲ ਕੰਜਿਊਮਰ ਅਵੇਅਰਨੈੱਸ ਗਰੁੱਪ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ, ਜਨਰਲ ਸਕੱਤਰ ਗੋਬਿੰਦ ਸਿੰਘ ਦਾਬੜਾ ਅਤੇ ਹੋਰ ਅਹੁਦੇੇਦਾਰਾਂ ਨੇ ਮੰਗ ਕੀਤੀ ਕਿ ਸਥਿਤੀ ਸੁਧਾਰਨ ਲਈ ਤੁਰੰਤ ਉਪਰਾਲੇ ਕੀਤੇ ਜਾਣ ਤੇ ਰੁਕੇ ਹੋਏ ਫੰਡ ਜਾਰੀ ਕੀਤੇ ਜਾਣ| ਵਾਟਰ ਸਪਲਾਈ ਤੇ ਸੈਨੀਟੇਸ਼ਨ ਕੋਲ ਮੌਜੂਦਾ ਸਮੇਂ ਵਿੱਚ ਟੈਕਨੀਕਲ ਸਟਾਫ਼ ਨਹੀਂ ਹੈ| ਅਜਿਹਾ ਕਾਰਜਸ਼ੀਲ ਨਿੰਪੁਨ ਸਟਾਫ਼ ਸੀਵਰੇਜ ਬੋਰਡ ਕੋਲ ਹੀ ਹੈ, ਜਿਸ ਕਾਰਨ ਇਹ ਕੰਮ ਬੋਰਡ ਹੀ ਕਰ ਸਕੇਗਾ, ਇਸ ਲਈ ਇਹ ਪ੍ਰਾਜੈਕਟ ਸੀਵਰੇਜ ਬੋਰਡ ਨੂੰ ਸ਼ਿਫ਼ਟ ਕੀਤਾ ਜਾਵੇ|
ਇਸ ਦੌਰਾਨ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸੰਪਰਕ ਕਰਨ ’ਤੇ ਕਿਹਾ ਕਿ ਕੁੱਝ ਥਾਵਾਂ ’ਤੇ ਸੀਵਰੇਜ ਬਲਾਕ ਹੋਣ ਕਰਕੇ ਪਾਣੀ ਓਵਰਫਲੋਅ ਹੋ ਜਾਂਦਾ ਹੈ| ਇਸ ਵਾਸਤੇ ਲੋੜੀਂਦੇ ਫੰਡਾਂ ਲਈ ਸਰਕਾਰ ਨੂੰ ਲਿਖ ਦਿੱਤਾ ਗਿਆ ਹੈ|