ਰਿਹਾਇਸ਼ ਦਾ ਵਾਅਦਾ ਕਰ ਕੇ ਮੁੱਕਰੇ ਕਾਲਜ
ਅਵਨੀਤ ਕੌਰ
ਜਲੰਧਰ, 6 ਸਤੰਬਰ
ਕੈਨੇਡਾ ਦੇ ਕੈਨੇਡੋਰ ਕਾਲਜ ਅਤੇ ਨਿਪਿਸਿੰਗ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਵਾਲੇ ਪੰਜਾਬੀ ਤੇ ਹੋਰ ਕੌਮਾਂਤਰੀ ਵਿਦਿਆਰਥੀ ਕੈਂਪਸ ਵਿੱਚ ਰਿਹਾਇਸ਼ ਦਾ ਬੰਦੋਬਸਤ ਨਾ ਹੋਣ ਕਾਰਨ ਪ੍ਰੇਸ਼ਾਨ ਹਨ। ਹਾਲਾਂਕਿ ਦਾਖ਼ਲਾ ਪ੍ਰਕਿਰਿਆ ਦੌਰਾਨ ਇਨ੍ਹਾਂ ਸੰਸਥਾਵਾਂ ਨੇ ਵਿਦਿਆਰਥੀਆਂ ਲਈ ਰਿਹਾਇਸ਼ ਦੇ ਪ੍ਰਬੰਧ ਦਾ ਵਾਅਦਾ ਕੀਤਾ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਰਹਿਣ-ਸਹਿਣ ਲਈ ਕੋਈ ਬੰਦੋਬਸਤ ਨਹੀਂ ਕੀਤਾ ਗਿਆ। ਇਸ ਤੋਂ ਰੋਹ ਵਿੱਚ ਆਏ ਇਹ ਸੰਘਰਸ਼ ਦੁਪਹਿਰ ਮਗਰੋਂ ਸ਼ੁਰੂ ਹੋਇਆ ਤੇ ਦੇਰ ਰਾਤ ਤੱਕ ਜਾਰੀ ਰਿਹਾ। ਕੈਨੇਡੋਰ ਕਾਲਜ ਦੇ ਵਿਦਿਆਰਥੀ ਗੁਰਕੀਰਤ ਸਿੰਘ ਨੇ ਆਖਿਆ, ‘‘ਨੌਰਥ ਬੇਅ ਘੱਟ ਆਬਾਦੀ ਵਾਲਾ ਇੱਕ ਛੋਟਾ ਸ਼ਹਿਰ ਹੈ ਅਤੇ ਇੱਥੇ ਵਿਦਿਆਰਥੀਆਂ ਨੂੰ ਰਿਹਾਇਸ਼ ਦਾ ਪ੍ਰਬੰਧ ਕਰਨ ਲਈ ਖੁਆਰ ਹੋਣਾ ਪੈ ਰਿਹਾ ਹੈ। ਜੇਕਰ ਕਿਧਰੇ ਰਹਿਣ ਲਈ ਕਮਰਾ ਮਿਲਦਾ ਵੀ ਹੈ ਤਾਂ ਮਾਲਕ ਭਾਰੀ ਕਿਰਾਇਆ ਵਸੂਲ ਰਹੇ ਹਨ। ਮਿਲ-ਜੁਲ ਕੇ ਰਹਿਣ ਲਈ ਬੇਸਮੈਂਟ ਦੇ ਕਮਰੇ ਦਾ ਆਮ ਕਿਰਾਇਆ 300 ਤੋਂ 350 ਡਾਲਰ ਹੈ, ਜਦਕਿ ਹੁਣ ਇਹੀ ਕਿਰਾਇਆ ਦੁੱਗਣਾ 700-800 ਡਾਲਰ ਵਸੂਲਿਆ ਜਾ ਰਿਹਾ ਹੈ ਅਤੇ ਇਸ ਵਿੱਚ ਵਾਈ-ਫਾਈ ਅਤੇ ਲਾਂਡਰੀ ਵਰਗੀ ਬੁਨਿਆਈ ਸਹੂਲਤ ਵੀ ਮੌਜੂਦ ਨਹੀਂ ਹੈ।’’ ਲੁਧਿਆਣਾ ਦੀ ਰਹਿਣ ਵਾਲੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਆਪਣਾ ਦੁੱਖੜਾ ਸਾਂਝਾ ਕਰਦਿਆਂ ਦੱਸਿਆ, ‘‘ਮੈਂ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਸਥਾਈ ਰਿਹਾਇਸ਼ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਕਮਰਿਆਂ ਦੀ ਘਾਟ ਕਾਰਨ ਹਾਲੇ ਤੱਕ ਕਾਮਯਾਬ ਨਹੀਂ ਹੋ ਸਕੀ। ਮੈਨੂੰ ਆਪਣੇ ਇੱਕ ਦੋਸਤ ਕੋਲ ਬਰੈਂਪਟਨ ਰਹਿਣਾ ਪਿਆ, ਜਿਸ ਕਾਰਨ ਮੈਨੂੰ ਰੋਜ਼ਾਨਾ ਨਾਰਥ ਬੇਅ ਆਉਣ-ਜਾਣ ਲਈ ਕਰੀਬ 100 ਡਾਲਰ ਖ਼ਰਚਣੇ ਪੈ ਰਹੇ ਹਨ।’’ ਉਸ ਨੇ ਦੱਸਿਆ ਕਿ ਉਸ ਨੇ ਕਾਲਜ ਪ੍ਰਸ਼ਾਸਨ ਨੂੰ ਆਨਲਾਈਨ ਕਲਾਸਾਂ ਲਾਉਣ ਜਾਂ ਕਿਸੇ ਹੋਰ ਕੈਂਪਸ ਵਿੱਚ ਤਬਦੀਲ ਕਰਨ ਦੀ ਅਪੀਲ ਕੀਤੀ ਪਰ ਅਜੇ ਤੱਕ ਇਸ ’ਤੇ ਕੋਈ ਸੁਣਵਾਈ ਨਹੀਂ ਹੋਈ।
ਇਸ ਦੌਰਾਨ ਵੱਡੀ ਗਿਣਤੀ ਵਿਦਿਆਰਥੀ ਹੋਟਲਾਂ ਅਤੇ ਪਾਰਕਾਂ ਵਿੱਚ ਰਾਤਾਂ ਕੱਟਣ ਲਈ ਮਜਬੂਰ ਹਨ। ਵਿਦਿਆਰਥੀਆਂ ਨੇ ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ (ਐੱਮਵਾਈਐੱਸਓ) ਤੋਂ ਸਹਿਯੋਗ ਮੰਗਿਆ ਹੈ। ਐੱਮਵਾਈਐੱਸਓ ਦੇ ਆਗੂਆਂ ਅਤੇ ਵਿਦਿਆਰਥੀਆਂ ਵਿਚਾਲੇ ਹੋਈ ਮੀਟਿੰਗ ਮਗਰੋਂ ਸਾਂਝੇ ਤੌਰ ’ਤੇ ਮੁੜ ਭਲਕੇ ਨਾਰਥ ਬੇਅ ਕਾਲਜ ਕੈਂਪਸ ਅੱਗੇ ਧਰਨਾ ਦੇਣ ਦਾ ਫ਼ੈਸਲਾ ਕੀਤਾ ਗਿਆ। ਦੇਰ ਰਾਤ ਜਦੋਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਗਿਣਤੀ ਕੁੱਝ ਘਟ ਗਈ ਤਾਂ ਕਾਲਜ ਪ੍ਰਬੰਧਕਾਂ ਨੇ ਸੁਰੱਖਿਆ ਕਰਮੀਆਂ ਨੂੰ ਬੁਲਾ ਕੇ ਧਰਨਾਕਾਰੀਆਂ ਦੇ ਟੈਂਟ ਹਟਾਉਣ ਅਤੇ ਉਨ੍ਹਾਂ ਨੂੰ ਉੱਥੋਂ ਖਦੇੜਨ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਾ ਹੋ ਸਕੇ। ਇੱਕ ਹੋਰ ਵਿਦਿਆਰਥਣ ਜਸਵਿੰਦਰ ਕੌਰ ਨੇ ਦੱਸਿਆ, ‘‘ਜਦੋਂ ਤੱਕ ਕਾਲਜ ਪ੍ਰਸ਼ਾਸਨ ਕੀਤੇ ਵਾਅਦੇ ਅਨੁਸਾਰ ਰਿਹਾਇਸ਼ ਮੁਹੱਈਆ ਨਹੀਂ ਕਰਵਾਉਂਦਾ, ਇਹ ਧਰਨਾ ਜਾਰੀ ਰਹੇਗਾ। ਅਸੀਂ ਆਪਣੇ ਮੁੱਦੇ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਕਈ ਹੋਰ ਕਾਲਜਾਂ ਦੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੀ ਸੱਦਾ ਦਿੱਤਾ ਹੈ।’’