For the best experience, open
https://m.punjabitribuneonline.com
on your mobile browser.
Advertisement

ਮੁਖ਼ਤਾਰ ਅੰਸਾਰੀ ਗਾਜ਼ੀਪੁਰ ’ਚ ਸਪੁਰਦ-ਏ-ਖ਼ਾਕ

08:25 AM Mar 31, 2024 IST
ਮੁਖ਼ਤਾਰ ਅੰਸਾਰੀ ਗਾਜ਼ੀਪੁਰ ’ਚ ਸਪੁਰਦ ਏ ਖ਼ਾਕ
ਗਾਜ਼ੀਪੁਰ ’ਚ ਮੁਖਤਾਰ ਅੰਸਾਰੀ ਦੇ ਜਨਾਜ਼ੇ ’ਚ ਸ਼ਾਮਲ ਵੱਡੀ ਗਿਣਤੀ ਲੋਕ। -ਫੋਟੋ: ਪੀਟੀਆਈ
Advertisement

ਗਾਜ਼ੀਪੁਰ, 31 ਮਾਰਚ
ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖ਼ਤਾਰ ਅੰਸਾਰੀ ਜਿਨ੍ਹਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਇੰਤਕਾਲ ਹੋ ਗਿਆ ਸੀ, ਨੂੰ ਅੱਜ ਗਾਜ਼ੀਪੁਰ ਦੇ ਕਾਲੀ ਬਾਗ਼ ਕਬਰਸਤਾਨ ’ਚ ਸਪੁਰਦ-ਏ-ਖ਼ਾਕ ਰਰ ਦਿੱਤਾ ਗਿਆ। ਮੁਖਤਾਰ ਅੰਸਾਰੀ ਦੀ ਦੇਹ ਉਨ੍ਹਾਂ ਦੀ ਰਿਹਾਇਸ਼ ਤੋਂ ਅੱਧਾ ਕਿਲੋਮੀਟਰ ਦੂਰ ਪਰਿਵਾਰ ਦੇ ਜੱਦੀ ਕਬਰਸਤਾਨ ’ਚ ਲਿਆਂਦੀ ਗਈ ਅਤੇ ਉਨ੍ਹਾਂ ਦੀਆਂ ਮਾਪਿਆਂ ਦੀ ਕਬਰਾਂ ਨੇੜੇ ਦਫਨਾ ਦਿੱਤੀ ਗਈ। ਇਸ ਦੌਰਾਨ ਸਥਾਨਕ ਪ੍ਰਸ਼ਾਸਨ ਵੱਲੋਂ ਅੰਸਾਰੀ ਦੀ ਰਿਹਾਇਸ਼ ਤੇ ਕਬਰਸਤਾਨ ਨੇੜੇ ਪੁਖ਼ਤਾ ਸੁਰੱਖਿਆ ਬੰਦੋਬਸਤ ਕੀਤੇ ਗਏ ਸਨ। ਅੰਸਾਰੀ ਦਾ ਵੀਰਵਾਰ ਨੂੰ ਇੰਤਕਾਲ ਹੋ ਗਿਆ ਸੀ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਅੱਧੀ ਰਾਤ ਨੂੰ ਅੰਸਾਰੀ ਦੀ ਦੇਹ ਉਸ ਦੇ ਗ੍ਰਹਿ ਕਸਬੇ ’ਚ ਲਿਆਂਦੀ ਗਈ ਅਤੇ ਦਫਨਾਉਣ ਤੋਂ ਪਹਿਲਾਂ ਘਰ ਵਿੱਚ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਗਈਆਂ। ਸੂਤਰਾਂ ਮੁਤਾਬਕ ਮੁਖ਼ਤਾਰ ਅੰਸਾਰੀ ਨੂੰ ਦਫਨਾਉਣ ਤੋਂ ਪਹਿਲਾਂ ਅੰਤਿਮ ਰਸਮਾਂ ਉਨ੍ਹਾਂ ਦੀ ਜੱਦੀ ਰਿਹਾਇਸ਼ ’ਤੇ ਸ਼ੁਰੂ ਹੋਈਆਂ ਜਿਸ ਵਿੱਚ ਮੁਖ਼ਤਾਰ ਦੇ ਵੱਡੇ ਭਰਾ ਤੇ ਸੰਸਦ ਮੈਂਬਰ ਅਫਜ਼ਲ ਅੰਸਾਰੀ, ਪੁੱਤਰ ਉਮਰ ਅੰਸਾਰੀ ਤੇ ਭਤੀਜੇ ਵਿਧਾਇਕ ਸੁਹੇਬ ਅੰਸਾਰੀ ਸਣੇ ਪਰਿਵਾਰਕ ਮੈਂਬਰ ਤੇ ਸਮਰਥਕ ਸ਼ਾਮਲ ਹੋਏ। ਜਨਾਜ਼ੇ ਦੇ ਨਾਲ ਮੌਜੂਦ ਭੀੜ ਵਿੱਚੋਂ ਕਈਆਂ ਨੇ ਨਾਅਰੇ ਵੀ ਲਾਏ। ਅਫਜ਼ਲ ਅੰਸਾਰੀ ਨੇ ਭੀੜ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।
ਮੁਖ਼ਤਾਰ ਅੰਸਾਰੀ ਦੇ ਵੱਡੇ ਭਰਾ ਤੇ ਸਾਬਕਾ ਵਿਧਾਇਕ ਸਬਿਗਤਉੱਲ੍ਹਾ ਵੀ ਅੰਤਿਮ ਰਸਮਾਂ ’ਚ ਸ਼ਾਮਲ ਹੋਏ। ਹਾਲਾਂਕਿ ਮੁਖ਼ਤਾਰ ਅੰਸਾਰੀ ਦਾ ਵੱਡਾ ਬੇਟਾ ਤੇ ਵਿਧਾਇਕ ਅੱਬਾਸ ਅੰਸਾਰੀ ਜਨਾਜ਼ੇ ’ਚ ਸ਼ਾਮਲ ਨਹੀਂ ਹੋ ਸਕਿਆ। ਉਹ ਅਪਰਾਧਕ ਕੇਸਾਂ ਦੇ ਸਬੰਧ ’ਚ ਕਾਸਗੰਜ ਜੇਲ੍ਹ ’ਚ ਬੰਦ ਹੈ। ਇੱਕ ਸਥਾਨਕ ਵਾਸੀ ਰਵਿੰਦਰ ਨੇ ਦੱਸਿਆ ਕਿ ਭੀੜ ਵੱਧ ਹੋਣ ਕਾਰਨ ਜਨਾਜ਼ੇ ਨੂੰ ਮੁਹੰਮਦਾਬਾਦ ਸ਼ਮਸ਼ਾਨਘਾਟ ਤੱਕ ਪਹੁੰਚਣ ’ਚ ਉਮੀਦ ਨਾਲੋਂ ਵੱਧ ਸਮਾਂ ਲੱਗਾ। ਭੀੜ ਨੂੰ ਕਬਰਸਤਾਨ ਵੱਲ ਜਾਣ ਤੋਂ ਰੋਕਣ ਲਈ ਪੁਲੀਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਇਸ ਮੌਕੇ ਵਾਰਨਸੀ ਜ਼ੋਨ ਦੇ ਏਡੀਜੀਪੀ ਪਿਊਸ਼ ਮੋਰਦੀਆ ਵੀ ਮੌਜੂਦ ਸਨ। ਵਾਰਾਨਸੀ ਰੇਂਜ ਦੇ ਡੀਆਈਜੀ ਓ.ਪੀ. ਸਿੰਘ ਮੁਤਾਬਕ ਹਰ ਥਾਂ ਢੁੱਕਵੀਂ ਗਾਰਦ ਤਾਇਨਾਤ ਕੀਤੀ ਗਈ ਸੀ। ਅੰਸਾਰੀ ਦੇ ਪਰਿਵਾਰ ਨੇ ਪੁਲੀਸ ਨਾਲ ਪੂਰਾ ਸਹਿਯੋਗ ਕੀਤਾ। ਉਨ੍ਹਾਂ ਦੱਸਿਆ ਕਿ ਲੋਕ ਸ਼ੁੱਕਰਵਾਰ ਰਾਤ ਨੂੰ ਹੀ ਕਬਰਸਤਾਨ ਨੇੜੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਮੁਤਾਬਕ ਅੰਸਾਰੀ ਨੂੰ ਦਫ਼ਨਾਉਣ ਤੋਂ ਪਹਿਲਾਂ ਘਰ ਦੇ ਨੇੜੇ ਅਤੇ ਫਿਰ ਪ੍ਰਿੰਸ ਮੈਦਾਨ ’ਚ ‘ਨਮਾਜ਼-ਏ-ਜਨਾਜ਼ਾ’’ ਪੜ੍ਹੀ ਗਈ। ਡੀਆਈਜੀ ਮੁਤਾਬਕ ਮੁਖਤਾਰ ਅੰਸਾਰੀ ਦੇ ਪਰਿਵਾਰ ਨੇ 40-50 ਵਿਅਕਤੀਆਂ ਦੀ ਸੂਚੀ ਦਿੱਤੀ ਸੀ ਜਿਨ੍ਹਾਂ ਨੂੰ ਕਾਲੀ ਬਾਗ਼ ਕਬਰਸਤਾਨ ’ਚ ਰੁਕਣ ਦੀ ਆਗਿਆ ਦਿੱਤੀ ਗਈ। -ਪੀਟੀਆਈ

Advertisement

ਸੰਸਦ ਮੈਂਬਰ ਅਫ਼ਜ਼ਲ ਅੰਸਾਰੀ ਦੀ ਜ਼ਿਲ੍ਹਾ ਮੈਜਿਸਟਰੇਟ ਨਾਲ ਤਕਰਾਰ

ਗਾਜ਼ੀਪੁਰ: ਮੁਖ਼ਤਾਰ ਅੰਸਾਰੀ ਦੀ ਲਾਸ਼ ਦਫ਼ਨਾਉਣ ਦੌਰਾਨ ਕੁਝ ਲੋਕਾਂ ਨੂੰ ਕਬਰਸਤਾਨ ’ਚ ਜਾਣ ਤੋਂ ਰੋਕਣ ’ਤੇ ਸੰਸਦ ਮੈਂਬਰ ਅਫ਼ਜ਼ਲ ਅੰਸਾਰੀ ਅਤੇ ਜ਼ਿਲ੍ਹਾ ਮੈਜਿਸਟਰੇਟ ਵਿਚਾਲੇ ਤਕਰਾਰ ਹੋ ਗਈ। ਸਥਾਨਕ ਸੂਤਰਾਂ ਨੇ ਦੱਸਿਆ ਕਿ ਇਹ ਬਹਿਸ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੀੜ ਨੂੰ ਕੰਟਰੋਲ ਕਰਨ ਦੌਰਾਨ ਕੁਝ ਲੋਕਾਂ ਨੂੰ ਕਬਰਸਤਾਨ ’ਚ ਦਾਖਲ ਹੋਣ ਤੋਂ ਰੋਕਣ ਕਾਰਨ ਹੋਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਵੀਡੀਓ ਵਿੱਚ ਅਫਜ਼ਲ ਅੰਸਾਰੀ ਨੂੰ ਇਹ ਕਹਿੰਦੇ ਸੁਣਾਈ ਦੇ ਰਹੇ ਹਨ, ‘‘ਤੁਸੀਂ ਕਿਸੇ ਨੂੰ ਵੀ ਕਬਰ ’ਤੇ ਮਿੱਟੀ ਚੜ੍ਹਾਉਣ ’ਤੋਂ ਨਹੀਂ ਰੋਕ ਸਕਦੇ।’’ ਇਸ ’ਤੇ ਜ਼ਿਲ੍ਹਾ ਅਧਿਕਾਰੀ ਐਰੀਕਾ ਅਖੌਰੀ ਨੇ ਧਾਰਾ 144 ਦਾ ਹਵਾਲਾ ਦਿੰਦਿਆਂ ਜਵਾਬ ਦਿੱਤਾ, ‘‘ਪਰਿਵਾਰਕ ਮੈਂਬਰ ਹੀ ਇਹ ਰਸਮ ਅਦਾ ਕਰਨ। ਜ਼ਿਆਦਾ ਲੋਕਾਂ ਦੀ ਮਨਜ਼ੂਰੀ ਨਹੀਂ ਲਈ ਗਈ।’’ ਇਸ ਦਾ ਵਿਰੋਧ ਕਰਦਿਆਂ ਅਫਜ਼ਲ ਅੰਸਾਰੀ ਨੇ ਕਿਹਾ, ‘‘ਸਾਰਿਆਂ ਨੂੰ ਮਿੱਟੀ ਚੜ੍ਹਾਉਣ ਦਾ ਅਧਿਕਾਰ ਹੈ। ਤੁਸੀਂ ਧਾਰਾ 144 ਦੇ ਬਾਵਜੂਦ ਕਿਸੇ ਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਸਕਦੇ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×