ਬਰਾਂਡ ਗਾਰਡੀਅਨਸ਼ਿਪ ਇੰਡੈਕਸ ਵਿੱਚ ਸ਼ਾਮਲ ਭਾਰਤੀਆਂ ’ਚੋਂ ਮੁਕੇਸ਼ ਅੰਬਾਨੀ ਮੋਹਰੀ
ਨਵੀਂ ਦਿੱਲੀ, 4 ਫਰਵਰੀ
ਬਰਾਂਡ ਫਾਇਨਾਂਸ ਵੱਲੋਂ ਤਿਆਰ ਬਰਾਂਡ ਗਾਰਡੀਅਨਸ਼ਿਪ ਇੰਡੈਕਸ-2024 ਵਿੱਚ ਸ਼ਾਮਲ ਭਾਰਤੀਆਂ ਵਿੱਚੋਂ ਮੁਕੇਸ਼ ਅੰਬਾਨੀ ਨੂੰ ਪਹਿਲਾ ਅਤੇ ਆਲਮੀ ਪੱਧਰ ’ਤੇ ਦੂਜਾ ਸਥਾਨ ਮਿਲਿਆ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਮਾਈਕ੍ਰੋਸਾਫਟ ਦੇ ਸੱਤਿਆ ਨਾਡੇਲਾ ਅਤੇ ਗੂਗਲ ਦੇ ਸੁੰਦਰ ਪਿਚਾਈ ਨੂੰ ਪਛਾੜ ਕੇ ਵਿਸ਼ਵ ਪੱਧਰ ’ਤੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਸੂਚੀ ਵਿੱਚ ਉਨ੍ਹਾਂ ਤੋਂ ਅੱਗੇ ਸਿਰਫ ਟੈਨਸੈਂਟ ਦੇ ਹੁਆਤੇਂਗ ਮਾ ਹਨ। ਬਰਾਂਡ ਫਾਇਨਾਂਸ ਦੇ ਸਰਵੇਖਣ ਵਿੱਚ ਮੁਕੇਸ਼ ਅੰਬਾਨੀ ਨੂੰ ਬੀਜੀਆਈ ਦੇ 80.3 ਅੰਕ ਦਿੱਤੇ ਗਏ ਹਨ ਜਦਕਿ ਚੀਨ ਅਧਾਰਿਤ ਟੈਨਸੈਂਟ ਦੇ ਹੁਆਤੇਂਗ ਮਾ ਦੇ 81.6 ਅੰਕ ਹਨ। ਪ੍ਰਕਾਸ਼ਨ ਮੁਤਾਬਕ ਬਰਾਂਡ ਗਾਰਡੀਅਨਸ਼ਿਪ ਇੰਡੈਕਸ (ਬੀਜੀਆਈ) ਉਨ੍ਹਾਂ ਸੀਈਓ’ਜ਼ ਦੀ ਪਛਾਣ ਕਰਦਾ ਹੈ ਜੋ ਸਾਰੇ ਹਿੱਤਧਾਰਕਾਂ, ਕਰਮਚਾਰੀਆਂ, ਨਿਵੇਸ਼ਕਾਂ ਅਤੇ ਵਿਆਪਕ ਸਮਾਜ ਦੀਆਂ ਲੋੜਾਂ ਨੂੰ ਸੰਤੁਲਿਤ ਕਰ ਕੇ ਸਥਾਈ ਤਰੀਕੇ ਨਾਲ ਕਾਰੋਬਾਰੀ ਮੁੱਲਾਂ ਦਾ ਨਿਰਮਾਣ ਕਰ ਰਹੇ ਹਨ।
ਬਰਾਂਡ ਫਾਇਨਾਂਸ ਦੀ ਇਸ ਸੂਚੀ ਵਿੱਚ ਸ਼ਾਮਲ ਹੋਰ ਭਾਰਤੀਆਂ ਵਿੱਚੋਂ ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੂੰ 5ਵਾਂ ਸਥਾਨ ਮਿਲਿਆ ਹੈ, ਜੋ ਕਿ ਸਾਲ 2023 ਦੀ ਸੂਚੀ ਵਿੱਚ 8ਵੇਂ ਸਥਾਨ ’ਤੇ ਸਨ। ਉਨ੍ਹਾਂ ਤੋਂ ਬਾਅਦ ਮਹਿੰਦਰਾ ਐਂਡ ਮਹਿੰਦਰਾ ਦੇ ਅਨੀਸ਼ ਸ਼ਾਹ ਅਤੇ ਇੰਫੋਸਿਸ ਦੇ ਸਲਿਲ ਪਾਰੇਖ ਕ੍ਰਮਵਾਰ 6ਵੇਂ ਤੇ 16ਵੇਂ ਸਥਾਨ ’ਤੇ ਹਨ। ਮੁਕੇਸ਼ ਅੰਬਾਨੀ ਬੀਜੀਆਈ-2023 ਵਿੱਚ ਵੀ ਆਲਮੀ ਪੱਧਰ ’ਤੇ ਦੂਜੇ ਨੰਬਰ ’ਤੇ ਸਨ। ਇਸ ਸਾਲ ਉਨ੍ਹਾਂ ਨੂੰ ‘ਵਿਭਿੰਨਤਾ’ ਗਰੁੱਪਾਂ ਦੇ ਵਰਗ ਵਿੱਚ ਪਹਿਲਾ ਸਥਾਨ ਦਿੱਤਾ ਗਿਆ ਹੈ। -ਪੀਟੀਆਈ