ਮੁਕੇਰੀਆਂ: 5 ਦਸੰਬਰ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਦੇ ਭਰੋਸੇ ਮਗਰੋਂ ਗੰਨਾ ਕਾਸ਼ਤਕਾਰਾਂ ਨੇ ਧਰਨਾ ਚੁੱਕਿਆ
ਜਗਜੀਤ ਸਿੰਘ
ਮੁਕੇਰੀਆਂ, 4 ਦਸੰਬਰ
ਗੰਨੇ ਦੇ ਭਾਅ ਵਿੱਚ ਵਾਧੇ ਅਤੇ ਨੁਕਸਾਨੇ ਗੰਨੇ ਦੇ ਮੁਆਵਜ਼ ਸਮੇਤ ਹੋਰ ਮੰਗਾਂ ਲਈ ਗੰਨਾਂ ਕਾਸ਼ਤਕਾਰਾਂ ਨੇ ਖੰਡ ਮਿੱਲ ਮੁਕੇਰੀਆਂ ਮੂਹਰੇ ਕੌਮੀ ਮਾਰਗ ’ਤੇ ਲਗਾਇਆ ਧਰਨਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਵਲੋਂ ਕੈਬਨਿਟ ਸਬ ਕਮੇਟੀ ਨਾਲ ਭਲਕੇ 5 ਦਸੰਬਰ ਨੂੰ ਮੀਟਿੰਗ ਕਰਾਉਣ ਦਾ ਲਿਖਤੀ ਸੱਦਾ ਦੇਣ ਬਾਅਦ ਚੁੱਕ ਲਿਆ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਮੁੜ ਤੋਂ ਤਿੱਖਾ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ।
ਪਹਿਲੀ ਦਸੰਬਰ ਤੋਂ ਗੰਨਾ ਕਾਸ਼ਤਕਾਰਾਂ ਵਲੋਂ ਆਪਣੀਆਂ ਮੰਗਾਂ ਲਈ ਖੰਡ ਮਿੱਲ ਮੁਕੇਰੀਆਂ ਅੱਗੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਬੀਤੇ ਦਿਨ ਸ਼ਾਮਲ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਲੋਂ ਪ੍ਰਸ਼ਾਸਨ ਨੂੰ ਗੰਨਾ ਕਿਸਾਨਾਂ ਦੀਆਂ ਮੰਗਾਂ ਲਈ ਵੱਖਰੀ ਮੀਟਿੰਗ ਦੇਣ ਉਪਰੰਤ ਹੀ ਧਰਨਾ ਚੁੱਕੇ ਜਾਣ ਬਾਰੇ ਆਖਿਆ ਸੀ। ਪ੍ਰਸ਼ਾਸਨ ਵਲੋਂ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਬਾਅਦ ਅੱਜ ਗੰਨਾ ਕਿਸਾਨਾਂ ਨੂੰ ਸਰਕਾਰ ਵਲੋਂ ਮੀਟਿੰਗ ਦੇ ਦਿੱਤੀ ਗਈ ਹੈ। ਅੱਜ ਸਵੇਰੇ ਕਰੀਬ 11 ਵਜੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਗੰਨਾ ਕਾਸ਼ਤਕਾਰਾਂ ਦੇ ਆਗੂਆਂ ਨੂੰ ਸੰਯੁਕਤ ਗੰਨਾ ਸੰਘਰਸ਼ ਮੋਰਚਾ ਦੀਆਂ ਮੰਗਾਂ ਸਬੰਧੀ ਕੈਬਨਿਟ ਸਬ ਕਮੇਟੀ ਵਲੋਂ 5 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਦਾ ਲਿਖਤੀ ਪੱਤਰ ਸੌਂਪਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੀਟਿੰਗ ਵਿੱਚ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਦਾ ਨਿਪਟਾਰਾ ਕੀਤੇ ਜਾਵੇਗਾ। ਇਹ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਪੰਜਾਬ ਭਵਨ ਚੰਡੀਗੜ੍ਹ ਵਿਖੇ ਕਰਨੀ ਤੈਅ ਕੀਤੀ ਗਈ ਹੈ, ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਸਰਕਾਰ ਵਲੋਂ ਮੰਗਾਂ ਮੰਨੇ ਜਾਣ ਦੀ ਆਸ ਪ੍ਰਗਟਾਉਂਦਿਆਂ ਇਹ ਧਰਨਾ ਚੁੱਕ ਲੈਣ ਦਾ ਐਲਾਨ ਕੀਤਾ ਹੈ। ਧਰਨਕਾਰੀ ਆਗੂ ਗੁਰਨਾਮ ਸਿੰਘ ਜਹਾਨਪੁਰ ਨੇ ਦਾਅਵਾ ਕੀਤਾ ਕਿ ਜੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮੁੜ ਤੋਂ ਤਿੱਖਾ ਸੰਘਰਸ਼ ਅਰੰਭ ਦਿੱਤਾ ਜਾਵੇਗਾ।