ਪੰਜਾਬੀ ਪੰਥ ਦੇ ਹੁਸਨ-ਇਖ਼ਲਾਕ ਦਾ ਮੁਜੱਸਮਾ
ਸੁਮੇਲ ਸਿੰਘ ਸਿੱਧੂ
ਬਰਸੀ ’ਤੇ ਵਿਸ਼ੇਸ਼
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸੰਤ ਲੌਂਗੋਵਾਲ ਦੇ ਸਾਰਥਿਕ ਰਾਜਨੀਤਕ-ਵਿਚਾਰਧਾਰਕ ਮੁਲਾਂਕਣ ਲਈ ਅਕਾਲੀ ਲਹਿਰ ਦੇ ਸਿਆਸੀ ਸੱਭਿਆਚਾਰ ਵਿਚ ਕਾਰਜਸ਼ੀਲ ਸੱਜੇ ਤੇ ਖੱਬੇ ਰੁਝਾਨ ਦੀ ਪੜਤਾਲ ਕਰਨੀ ਜ਼ਰੂਰੀ ਹੈ। ਪੰਜਾਬ ਦੇ ਸਿਆਸੀ ਅਵਚੇਤਨ ਨੂੰ ਡੌਲਣ ਵਾਲੀਆਂ; ਲੋਕਾਈ ਨੂੰ ਅੰਦੋਲਨਾਂ ਵਿਚ ਉਤਾਰਨ ਵਾਲੀਆਂ ਅਤੇ ਇਨਸਾਫ਼, ਬਰਾਬਰੀ ਲਈ ਜੂਝਣ ਵਾਲੀਆਂ ਰਵਾਇਤਾਂ ਨੂੰ ਬੱਬਰ ਅਕਾਲੀ ਲਹਿਰ ਦੇ ਵਿਚਾਰਵਾਨ ਮਾਸਟਰ ਮੋਤਾ ਸਿੰਘ ਦੇ ਦਿੱਤੇ ‘ਅਕਾਲਸ਼ੇਵਿਜ਼ਮ’ ਦੇ ਸੰਕਲਪ ਵਿਚੋਂ ਤਲਾਸ਼ਿਆ ਜਾ ਸਕਦਾ ਹੈ। ‘ਅਕਾਲਸ਼ੇਵਿਜ਼ਮ’ ਅਨੁਸਾਰ ਸਰਬੱਤ ਦੇ ਭਲੇ ਲਈ ਰੂਸੀ ਬਾਲਸ਼ਵਿਕ ਇਨਕਲਾਬ ਦੇ ਸਿਧਾਂਤਕ ਅਮਲ ਨੂੰ ਪੰਜਾਬ ਵਿਚ ਸਫ਼ਲਤਾ ਸਹਿਤ ਪਰਵਾਨ ਚਾੜ੍ਹਨਾ, ਵੀਹਵੀਂ ਸਦੀ ਦੀ ਸਾਮਰਾਜ-ਵਿਰੋਧੀ ਅਕਾਲੀ ਕਰਮਧਾਰਾ ਨਾਲ ਸੰਜੋਗ ਕਰ ਕੇ ਸੰਭਵ ਹੈ। ਅਕਾਲਸ਼ੇਵਿਜ਼ਮ ਦਾ ਵਰਤਾਰਾ ਦੋ-ਪਾਸੀਂ ਚੱਲਦਾ ਹੈ: ਪਹਿਲਾ, ਸਾਮਰਾਜ-ਵਿਰੋਧੀ ਮਾਰਕਸੀ ਵਿਚਾਰਧਾਰਾ ਨੂੰ ਪੰਜਾਬੀ ਲੋਕਾਈ ਨਾਲ ਜੋੜ ਕੇ ਅੰਦੋਲਨ ਉਸਾਰਨ ਦੇ ਕਾਰਜ ਵਿਚ। ਇਸ ਰੁਝਾਨ ਦੀ ਉਦਾਹਰਨ 1917 ਤੋਂ ਬਾਅਦ ਦੇ ਗ਼ਦਰੀ ਹਨ, ਖ਼ਾਸਕਰ ‘ਕਿਰਤੀ’ ਦੇ ਸੰਪਾਦਕ ਭਾਈ ਸੰਤੋਖ ਸਿੰਘ ਧਰਦਿਉ, ਤੇਜਾ ਸਿੰਘ ਸੁਤੰਤਰ, ਮੁਜ਼ਾਰਾ ਲਹਿਰ ਦੇ ਧਰਮ ਸਿੰਘ ‘ਫੱਕਰ’ ਆਦਿ। ਦੂਜਾ ਰੁਝਾਨ ਸਿੱਖ ਭਾਵਨਾ ਤੇ ਅਕਾਲੀ ਲਹਿਰ ਤੋਂ ਤੁਰਦਿਆਂ ਲੋਕਾਈ ਦੀ ਮੁਕਤੀ ਲਈ ਸਮਾਜਵਾਦੀ ਵਿਚਾਰਧਾਰਾ ਨਾਲ ਸਾਂਝੀਵਾਲਤਾ ਦਾ ਦਾਇਰਾ ਬਣਾਉਣਾ। ਇਸ ਦੀ ਉਦਾਹਰਣ ਗਿਆਨੀ ਹੀਰਾ ਸਿੰਘ ‘ਦਰਦ’, ਮਾਸਟਰ ਮੋਤਾ ਸਿੰਘ, 1913-14 ਵਾਲੇ ਪਹਿਲੇ ਪੂਰ ਦੇ ਗ਼ਦਰੀ ਬਾਬੇ, ਜਥੇਦਾਰ ਸੰਪੂਰਨ ਸਿੰਘ ਰਾਮਾ ਅਤੇ ਸਾਡੇ ਨਜ਼ਦੀਕ ਸੰਤ ਹਰਚੰਦ ਸਿੰਘ ਲੌਂਗੋਵਾਲ ਬਣਦੇ ਹਨ।
ਵਡੇਰਾ ਮਸਲਾ ਹੈ ਕਿ ਪੰਜਾਬੀ ਖ਼ਿੱਤੇ ਦੇ ਸਾਂਝੇ ਇਤਿਹਾਸਕ ਅਨੁਭਵ ਵਿਚ ਸਿੱਖ ਲਹਿਰ ਦਾ ਯੋਗਦਾਨ ਕਿਵੇਂ ਸਮਝਿਆ ਜਾਏ? ਇਸ ਸਵਾਲ ਨੇ ਲਗਾਤਾਰ ਪੰਜਾਬੀ ਬੁੱਧੀਜੀਵੀਆਂ ਅਤੇ ਸਿਆਸੀ ਆਗੂਆਂ ਨੂੰ ਵੰਗਾਰਿਆ ਹੈ। ਅਕਾਲੀ ਦਲ ਨੇ ਆਪਣੀ ਅਮਲੀ ਅਗਵਾਈ ਦੇ ਬਾਵਜੂਦ ਇਸ ਮਹੱਤਵਪੂਰਨ ਸਿਧਾਂਤਕ ਸਵਾਲ ਨੂੰ ਨਜਿੱਠਿਆ ਨਹੀਂ ਸਗੋਂ ‘ਪੰਥਕ’ ਹੋਣ ਨੂੰ ਤੇ ‘ਪੰਜਾਬੀ’ ਹੋਣ ਨੂੰ ਕਈ ਵਾਰ ਤਾਂ ਇਕ-ਦੂਜੇ ਦੇ ਵਿਰੋਧ ਵਿਚ ਲੈ ਆਂਦਾ ਹੈ। ਗੁਰਦੁਆਰਾ ਕਾਨੂੰਨ ਬਣਨ ਪਿੱਛੋਂ ਸਿੱਖ ਲਹਿਰ ਦੀ ਪ੍ਰੇਰਨਾ ਨਾਲ ਨਵਾਂ ਸਮਾਜ ਸਿਰਜਣ ਵਾਲੇ ਬਹੁਤੇ ਆਗੂ ਕਮਿਊਨਿਸਟ ਲਹਿਰ ਨਾਲ ਜੁੜ ਗਏ ਅਤੇ ਸਿੱਖੀ ਦਾਇਰੇ ਵਿਚ ਪੰਥਕ ਚੇਤਨਾ ਨੂੰ ਗੁਰਦੁਆਰਾ ਪ੍ਰਬੰਧ ਅਤੇ ਰਹਿਤ ਮਰਿਆਦਾ ਨਿਭਾਉਣ ਤੱਕ ਸੀਮਤ ਰੱਖਣ ਵਾਲੇ ਆਗੂਆਂ ਦਾ ਹੱਥ ਉੱਚਾ ਹੁੰਦਾ ਗਿਆ। ਮਾਸਟਰ ਤਾਰਾ ਸਿੰਘ ਇਸ ਰੁਝਾਨ ਦੀ ਮਿਸਾਲ ਹਨ; ਉਨ੍ਹਾਂ ਨੂੰ ‘ਅਕਾਲੀ’ ਅਖ਼ਬਾਰ ਦੇ ਸੰਸਥਾਪਕ ਸੰਪਾਦਕ ਗਿਆਨੀ ਹੀਰਾ ਸਿੰਘ ‘ਦਰਦ’ ਨੇ ਆਪਣੀ ਖੁੱਲ੍ਹੀ ਚਿੱਠੀ ਵਿਚ ਵਰਜਿਆ ਵੀ ਸੀ।
ਅਕਾਲੀ ਲਹਿਰ ਦੀ ਊਰਜਾ ਹੋਰ ਲਹਿਰਾਂ ਵਿਚ ਤਾਂ ਪ੍ਰਗਟ ਹੋਈ, ਪਰ ਪੰਥਕ ਮਾਮਲਿਆਂ ਵਿਚ ਰਿਆਸਤਾਂ ਦੇ ਰਾਜਿਆਂ ਦਾ ਪਰੋਖ ਦਖਲ ਵਧਣ ਲੱਗਾ। 1925 ਦੇ ਗੁਰਦੁਆਰਾ ਐਕਟ ਤੋਂ ਮਗਰਲੇ ਦੌਰ ਵਿਚ ਮਾਲਵੇ ਦੀਆਂ ਰਿਆਸਤਾਂ ਵਿਚ ਰਜਵਾੜਾਸ਼ਾਹੀ-ਵਿਰੋਧੀ ਲੋਕ ਅੰਦੋਲਨ ਪਹਿਲਾਂ ਪਰਜਾ ਮੰਡਲ ਤੇ ਫਿਰ ਮੁਜ਼ਾਰਾ ਲਹਿਰ ਵਿਚ ਅੱਗੇ ਵਧਿਆ। ਅਕਾਲੀ ਲਹਿਰ ਦਾ ਖੱਬਾ-ਪੱਖ ਹੁਣ ਲਾਲ ਕਮਿਊਨਿਸਟ ਪਾਰਟੀ ਦੇ ‘ਸਿੱਖ ਕਾਮਰੇਡਾਂ’ ਦੀ ਸੰਗਤ ਵਿਚ ਬਾਕੀ ਪੰਜਾਬ ਦੇ ਅਕਾਲੀਆਂ ਤੋਂ ਜ਼ਿਆਦਾ ਮਜ਼ਬੂਤ ਆਧਾਰ ਵਾਲਾ ਸੀ। ਆਪਣੀ ਅਕਾਲੀ ਵਿਚਾਰਧਾਰਾ ਨੂੰ ਗ਼ਰੀਬ ਤੇ ਮਜ਼ਲੂਮ ਲੋਕਾਈ ਦੇ ਹੱਕਾਂ ਲਈ ਜੂਝਣ ਦਾ ਸ਼ਸਤਰ ਸਮਝਣਾ ਤੇ ਨਾਲ ਹੀ ਸੰਪਰਦਾਈ ਵਲਗਣ ਤੋਂ ਨਿਰਲੇਪ ਰਹਿੰਦਿਆਂ ਸਮੂਹ ਪੰਜਾਬੀਆਂ ਨੂੰ ਨਾਲ ਲੈਣਾ- ‘ਨਰਮ ਦਲ’ ਦੀ ਸਿਧਾਂਤਕ ਸਾਂਝੀਵਾਲਤਾ ਸੀ। ਅਕਾਲੀ ਦਲ ਦਾ ਸੱਜਾ-ਪੱਖ ਧਨਾਢਾਂ ਤੇ ਰਜਵਾੜਿਆਂ ਨਾਲ ਗੱਠਜੋੜ ਨੂੰ ਬੁਰਾ ਨਹੀਂ ਮੰਨਦਾ ਸੀ ਕਿਉਂਕਿ ਇਨ੍ਹਾਂ ਵੱਲੋਂ ਸਿੱਖੀ ਦਾ ਅਰਥ ਸਿੱਖਾਂ ਦੀਆਂ ਭਾਈਚਾਰਕ ਮੰਗਾਂ ਤੱਕ ਘਟਾ ਲਿਆ ਗਿਆ ਸੀ। ‘ਸਿੱਖੀ ਨੂੰ ਖ਼ਤਰਾ’ ਇਸ ‘ਗਰਮ ਦਲ’ ਦਾ ਸਦਾਬਹਾਰ ਏਜੰਡਾ ਸੀ, ਜਿਸ ਨਾਲ ਇਹ ‘ਨਰਮ ਦਲੀਆਂ’ ਨੂੰ ਅਕਸਰ ਹੀ ਹੌਲਾ ਪਾਉਣ ਵਿਚ ਕਾਮਯਾਬ ਹੋ ਜਾਂਦੇ ਸਨ। ਸੰਤ ਲੌਂਗੋਵਾਲ ਸਿੱਖ ਸਿਧਾਂਤ ਦੀ ਪਰਪੱਕ ਸੁਰਤਕਾਰੀ ਨੂੰ ਸਾਂਝੀਵਾਲਤਾ ਦੀ ਸਿਆਸਤ ਵਿਚ ਢਾਲਣ ਦੇ ਮਹਾਨ ਕਾਰਜ ਲਈ ਸਮਰਪਿਤ ਸਨ।
ਸੰਤ ਲੌਂਗੋਵਾਲ ਨੇ ਮਾ. ਤਾਰਾ ਸਿੰਘ ਤੋਂ ਟੁੱਟ ਕੇ ਮਾਲਵਾ ਰਿਆਸਤੀ ਅਕਾਲੀ ਦਲ ਬਣਾਉਣ ਵਾਲੇ ਜਥੇਦਾਰ ਸੰਪੂਰਨ ਸਿੰਘ ਰਾਮਾ ਦੇ ਮਾਲਵਾ ਰਿਆਸਤੀ ਅਕਾਲੀ ਦਲ ਦੇ ਕਮਿਊਨਿਸਟਾਂ ਨਾਲ ਬਣਾਏ ਸਾਂਝੇ ਮੋਰਚੇ ਦਾ ਸਮਰਥਨ ਕੀਤਾ ਕਿਉਂਕਿ ਮਾ. ਤਾਰਾ ਸਿੰਘ ਧੜੇ ਤੋਂ ਉਲਟ ਜਥੇਦਾਰ ਰਾਮਾ ਜਗੀਰਦਾਰਾਂ ਤੇ ਬਿਸਵੇਦਾਰਾਂ ਖ਼ਿਲਾਫ਼ ਜੂਝਣ ਵਾਲੇ ਸਾਧਾਰਨ ਉਮੀਦਵਾਰਾਂ ਨੂੰ ਚੋਣ ਲੜਵਾਉਣਾ ਚਾਹੁੰਦੇ ਸਨ। ਯਾਦ ਰਹੇ ਕਿ ਜਥੇਦਾਰ ਰਾਮਾ ਨੇ ਹੀ ਸਭ ਤੋਂ ਪਹਿਲਾਂ ਬੋਲੀ ਦੇ ਆਧਾਰ ’ਤੇ ਪੰਜਾਬੀ ਸੂਬਾ ਬਣਾਉਣ ਦੀ ਮੰਗ ਰੱਖੀ ਸੀ ਅਤੇ ਆਪਣੇ ਨਾਲ ਚਾਰਾਂ ਧਰਮਾਂ ਦੇ ਨੁਮਾਇੰਦੇ ਲੈ ਕੇ, ਸਿਰਾਂ ’ਤੇ ਖੱਫਣ ਬੰਨ੍ਹ ਕੇ ਦਿੱਲੀ ਵਿਚ ਜਵਾਹਰਲਾਲ ਨਹਿਰੂ ਦੀ ਕੋਠੀ ਸਾਹਮਣੇ ਧਰਨਾ ਲਾਉਣ ਦਾ ਧਾਰ ਕੇ ਤੁਰੇ ਸਨ। ਨਰੇਲਾ ਕੋਲ ਗ੍ਰਿਫ਼ਤਾਰ ਹੋਣ ਤੋਂ ਬਾਅਦ ਉੱਥੇ ਹੀ ਭੁੱਖ ਹੜਤਾਲ ਸ਼ੁਰੂ ਕੀਤੀ ਜੋ ਲਗਾਤਾਰ ਤਿਹਾੜ ਜੇਲ੍ਹ ਵਿਚ ਜਾਰੀ ਰਹੀ।
ਸੰਤ ਲੌਂਗੋਵਾਲ 27 ਸਾਲਾਂ ਦੀ ਛੋਟੀ ਉਮਰ ਵਿਚ ਹੀ ਹੰਢੇ ਹੋਏ ਸਿਆਸੀ ਘੁਲਾਟੀਏ ਹੋ ਨਿੱਬੜੇ ਸਨ। ਜਦੋਂ 1959 ਵਿਚ ਕਮਿਊਨਿਸਟ ਪਾਰਟੀ ਨੇ ਖੁਸ਼-ਹੈਸੀਅਤੀ ਟੈਕਸ ਖਿਲਾਫ਼ ਮੋਰਚਾ ਲਾਇਆ ਤਾਂ ਸੰਗਰੂਰ ਜ਼ਿਲ੍ਹੇ ਦੇ ਕਮਿਊਨਿਸਟ ਆਗੂ ਪੰਡਤ ਵਿਦਿਆ ਦੇਵ, ਪੰਡਤ ਭਾਵਾ ਰਾਮ ਤੇ ਹੋਰ ਕਿਸਾਨ ਨੇਤਾ ਚੱਲ ਕੇ ਸੰਤ ਜੀ ਕੋਲ ਆਏ ਤੇ ਮੋਰਚੇ ਵਿਚ ਹਿੱਸਾ ਲੈਣ ਦੀ ਬੇਨਤੀ ਕੀਤੀ। ਸੰਤ ਲੌਂਗੋਵਾਲ ਨੇ ਅਕਾਲੀ ਦਲ ਦੇ ਨੇਤਾ ਹੋਣ ਦੇ ਬਾਵਜੂਦ ਕਮਿਊਨਿਸਟ ਧਿਰ ਵੱਲੋਂ ਮੋਰਚੇ ਵਿਚ ਹਿੱਸਾ ਲੈਣ ਦੇ ਸੱਦੇ ਨੂੰ ਸਿਆਸੀ ਸੰਕੀਰਨਤਾ ਤੋਂ ਉੱਪਰ ਉੱਠਦਿਆਂ ਹੱਕੀ ਮੰਗਾਂ ਦੇ ਸਵਾਲ ਨੂੰ ਪ੍ਰਮੁੱਖ ਰੱਖਦਿਆਂ ਪ੍ਰਵਾਨ ਕੀਤਾ। ਸੰਤ ਲੌਂਗੋਵਾਲ ਦੇ ਜੀਵਨੀਕਾਰ ਹਰਬੀਰ ਸਿੰਘ ਭੰਵਰ ਅਨੁਸਾਰ ਜਦੋਂ ਸੰਤ ਜੀ 500 ਸਿੰਘਾਂ ਦਾ ਜਥਾ ਲੈ ਕੇ ਸੰਗਰੂਰ ਕਚਹਿਰੀਆਂ ਵਿਚ ਗ੍ਰਿਫ਼ਤਾਰੀ ਦੇਣ ਆਏ, ਗ੍ਰਿਫ਼ਤਾਰ ਹੋਏ ਤੇ ਸ਼ਾਮ ਨੂੰ ਲੱਡਾ ਪਿੰਡ ਨੇੜੇ ਛੱਡ ਦਿੱਤੇ ਗਏ। ਅਗਲੇ ਦਿਨ ਫਿਰ ਗ੍ਰਿਫ਼ਤਾਰੀ ਦੇਣ ਗਏ ਤਾਂ ਐਤਕੀਂ ਦੁਰਾਡੇ ਪਿੰਡ ਕਾਂਝਲਾ ਵਿਖੇ ਛੱਡੇ ਗਏ। ਕਾਫ਼ਲਾ ਬਣਾ ਕੇ ਪਿੰਡੋ-ਪਿੰਡੀ ਹੁੰਦੇ ਫਿਰ ਹਾਜ਼ਰ ਹੋ ਗਏ ਤੇ ਇਹ ਸਿਲਸਿਲਾ ਜਾਰੀ ਰਿਹਾ। ਜਿਹੜੀ ਰਕਮ ਇਕੱਤਰ ਹੁੰਦੀ ਉਹ ਕਾਮਰੇਡ ਲੀਡਰਾਂ ਦੀ ਅਮਾਨਤ ਸਮਝ ਕੇ ਉਨ੍ਹਾਂ ਨੂੰ ਦੇ ਦਿੰਦੇ। ‘ਅਕਾਲਸ਼ੇਵਿਜ਼ਮ’ ਅਨੁਸਾਰ ਇਹ ਕਾਰਜ ਸਿੱਖ ਲਹਿਰ ਦੀਆਂ ਲੋਕ-ਮੁਕਤੀ ਦੀਆਂ ਰਵਾਇਤਾਂ ਦੇ ਜਮਹੂਰੀ ਦੌਰ ਵਿਚ ਸਮਾਜਵਾਦੀ ਸਿਆਸਤ ਨਾਲ ਇੱਕਜੁਟ ਹੋਣ ਦੀ ਰੌਸ਼ਨ ਮਿਸਾਲ ਹੈ।
ਵੱਡਾ ਅਫ਼ਸੋਸ ਇਸ ਗੱਲ ਦਾ ਹੈ ਕਿ ਜਦੋਂ ਧਰਮ ਯੁੱਧ ਮੋਰਚੇ ਦੌਰਾਨ ਸੰਤ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਪੈਰੋਕਾਰ ਸੰਤ ਲੌਂਗੋਵਾਲ ਦਾ ਵਿਰੋਧ ਕਰ ਰਹੇ ਸਨ, ਉਸੇ ਵਕਤ ਪੰਜਾਬ ਦੀਆਂ ਖੱਬੇ-ਪੱਖੀ ਪਾਰਟੀਆਂ ਤੇ ਗਰੁੱਪ ਵੀ ਸੰਤ ਲੌਂਗੋਵਾਲ ਦੀ ਅਗਵਾਈ ਵਿਚ ਪੰਜਾਬ ਦੀਆਂ ਹੱਕੀ ਮੰਗਾਂ ’ਤੇ ਜਾਰੀ ਸ਼ਾਂਤਮਈ, ਜਮਹੂਰੀ ਮੋਰਚੇ ਨੂੰ ਲਗਾਤਾਰ ‘ਫ਼ਿਰਕੂ-ਫ਼ਿਰਕੂ’ ਕਹਿ ਰਹੇ ਸਨ। ਇਕ ਪਾਸੇ, ਚੱਲਦੇ ਮੋਰਚੇ ਵਿਚ ਸਿੱਖ ਲਹਿਰ ਦੀ ‘ਸਾਂਝੀਵਾਲਤਾ’ ਬਨਾਮ ‘ਸੰਪਰਦਾਈ’ ਵਿਆਖਿਆ ਵਿਚ ਠਣੀ ਹੋਈ ਸੀ ਤੇ ਦੂਜੇ ਪਾਸੇ, ਕੇਂਦਰ ਸਰਕਾਰ ਦੀਆਂ ਪ੍ਰਸ਼ਾਸਕੀ ਅਤੇ ਵਿਚਾਰਧਾਰਕ ਧਿਰਾਂ ਪੰਜਾਬ ਦੀ ਬਲੀ ਦੇ ਕੇ ਭਾਰਤ ਜਿੱਤਣ ਦੀ ਤਿਆਰੀ ਵਿਚ ਸਨ। ਪੰਜਾਬ ਲਈ ਸਾਂਝਾ ਸਵਾਲ ਸੀ ਕਿ ਇਸ ਦੂਹਰੀ ਵੰਗਾਰ ਨਾਲ ਭਿੜਦਿਆਂ ਢੁਕਵੀਂ ਅਗਵਾਈ ਕਿਵੇਂ ਬਣੇ?
ਇਸ ਮਹੱਤਵਪੂਰਨ ਸਵਾਲ ਨੂੰ ਲਾਂਭੇ ਕਰਦਿਆਂ, ਧਰਮ ਯੁੱਧ ਮੋਰਚੇ ਵਿਚ ਉਤਸ਼ਾਹੀ ਸ਼ਮੂਲੀਅਤ ਕਰ ਰਹੀ ਪੰਜਾਬੀ ਜਨਤਾ ਨੂੰ ਸਿਰਫ਼ ਅਕਾਲੀ ਦਲ ਦੀ ਧਿਰਬਾਜ਼ੀ ਤੱਕ ਘਟਾਅ ਦੇਣਾ ਖੱਬੇ-ਪੱਖ ਅਤੇ ਜਮਹੂਰੀ ਧਿਰਾਂ ਦੀ ਇਤਿਹਾਸਕ ਭੁੱਲ ਸੀ। ਆਪਸ ਵਿਚ ਦੋ ਧੁਰਿਆਂ ’ਤੇ ਖੜ੍ਹੇ ਦੋਵੇਂ ਸੰਤਾਂ ਨੂੰ ਖੱਬੇ-ਪੱਖੀ ਇਕੋ ਖਾਨੇ ਵਿਚ ਰੱਖ ਰਹੇ ਸਨ। ਸੰਤ ਲੌਂਗੋਵਾਲ ਦੀ ਸਿਆਸੀ ਹਸਤੀ ਨੂੰ ਮਿੱਟੀ ਕਰ ਦੇਣ ਲਈ ਮੌਕਾਪ੍ਰਸਤ ਅਕਾਲੀ ਅਤੇ ਗਰਮ ਦਲੀ ਧਿਰਾਂ ਦੀ ਆਪਸੀ ਜੁਗਲਬੰਦੀ ਦਾ ਮੰਚਨ ਚੱਲ ਰਿਹਾ ਸੀ। ਜਮਹੂਰੀ ਧਿਰਾਂ, ਬੁੱਧੀਜੀਵੀਆਂ ਅਤੇ ਖੱਬੇ-ਪੱਖੀ ਧਿਰਾਂ ਨੂੰ ਸੰਤ ਲੌਂਗੋਵਾਲ ਦਾ ਸਾਥ ਦੇਣਾ ਚਾਹੀਦਾ ਸੀ ਤਾਂ ਕਿ ਹਿੰਸਾ ਦਾ ਸੱਭਿਆਚਾਰ ਹਰਾਇਆ ਜਾ ਸਕਦਾ ਤੇ ਮੋਰਚਾ ਸਾਰੇ ਪੰਜਾਬੀਆਂ ਦੀ ਹੋਰ ਬਿਹਤਰ ਨੁਮਾਇੰਦਗੀ ਕਰ ਸਕਦਾ। ਜਮਹੂਰੀ ਧਿਰਾਂ ਨੇ ਇਸ ਅੰਦੋਲਨ ਵੱਲ ਆਪਣੀ ਵਿਰੋਧਤਾਈ ਜਾਂ ਦੂਰੀ ਨੂੰ ਲਗਾਤਾਰ ਸਾਣ ’ਤੇ ਲਾ ਕੇ ਰੱਖਿਆ। ਇਹ ਸਿਆਸੀ ਨਿਆਣਪੁਣੇ ਦੀ ਸਿਖਰ ਸੀ। ਇਕ ਮਿਹਰ ਚੰਦ ਭਾਰਦਵਾਜ ਤੋਂ ਬਿਨਾਂ, ਪੰਜਾਬ ਦੀ ਜਮਹੂਰੀ ਧਿਰ ਅਤੇ ਬੁੱਧੀਜੀਵੀਆਂ ਦੀ ਕਾਰਗੁਜ਼ਾਰੀ ਵੀ ਸੰਤ ਲੌਂਗੋਵਾਲ ਦੀ ਇਤਿਹਾਸਕ ਭੂਮਿਕਾ ਨਾਲ ਇਨਸਾਫ਼ ਨਹੀਂ ਕਰ ਸਕੀ। ਇਤਿਹਾਸ ਸਾਖੀ ਹੈ ਕਿ ਰਾਜਨੀਤਕ ਮੁਹਾਜ਼ ’ਤੇ ਵਲ੍ਹੇਟੀਆਂ ਗਈਆਂ ਇਹ ਖੱਬੇ-ਪੱਖੀ ਧਿਰਾਂ ਹੁਣ ਸਿਰਫ਼ ਆਰਥਿਕਵਾਦ ਦੇ ਆਸਰੇ ਕਿਸਾਨੀ ਮੁਹਾਜ਼ ’ਤੇ ਹੀ ਕਾਇਮ ਹਨ।
ਪੰਜਾਬ ਦੀ ਖੇਤਰੀ ਸਿਆਸਤ ਦੇ ਪੁਨਰ-ਨਿਰਮਾਣ ਲਈ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਾਂਤਮਈ ਲੋਕ-ਲਹਿਰ ਦੇ ਹਥਿਆਰ ਨਾਲ ਪੰਜਾਬ-ਸਰੋਕਾਰ ਦਾ ਬੇੜਾ ਬੰਨ੍ਹਣ ਦੀ ਬੇਲਾ ਸਾਡੇ ਸਿਰ ’ਤੇ ਖੜ੍ਹੀ ਹੈ। ਕਿਸਾਨ ਅੰਦੋਲਨ ਦਾ ਤਰੀਕਾਕਾਰ, ਅਕਾਲੀ ਲਹਿਰਾਂ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਪਰਵਾਨ ਚੜ੍ਹਿਆ। ਇਸ ਸਾਂਝੇ ਅੰਦੋਲਨ ਨੂੰ ਚਲਾਉਣ ਵਾਲੇ ‘ਨਰਮ ਦਲ’ ਨੂੰ ‘ਗਰਮ ਦਲੀਏ’ ਅਨਸਰਾਂ ਨੇ ਸਿਰਫ਼ ਸਿੱਖਾਂ ਦੇ ਹੱਕ ਲੈਣ ਵਾਲਾ ਅੰਦੋਲਨ ਬਣਾਉਣਾ ਚਾਹਿਆ। ਧਰਮ ਯੁੱਧ ਮੋਰਚੇ ਵੇਲੇ ਸੰਤ ਲੌਂਗੋਵਾਲ ਦੀ ਹਮਾਇਤ ਵਿਚ ਨਾ ਆਉਣ ਦੇ ਸਿੱਟੇ ਭੁਗਤਣ ਤੋਂ ਸਬਕ ਸਿੱਖਦਿਆਂ, ਕਿਸਾਨ ਅੰਦੋਲਨ ਨੂੰ ਅਗਵਾ ਕਰ ਲੈਣ ਦੀ ‘ਗਰਮ ਦਲੀ’ ਬਿਸਾਤ ਦੇ ਖਿਲਾਫ਼ ਸਾਰੇ ਸੂਝਵਾਨ ਇਕੱਠੇ ਹੋ ਕੇ ਬੋਲੇ, ਇੱਕਜੁਟ ਅਗਵਾਈ ਨੇ ਇਨ੍ਹਾਂ ਅਨਸਰਾਂ ਨੂੰ ਅੰਦੋਲਨ ਦੀ ਮੁੱਖਧਾਰਾ ਤੋਂ ਸਫ਼ਲਤਾ ਸਹਿਤ ਨਿਖੇੜ ਦਿੱਤਾ। ਕਿਸਾਨ ਅੰਦੋਲਨ ਨੇ ਸਿੱਖੀ ਦੀ ਸਾਂਝੀਵਾਲਤਾ ਵਾਲੀ ਲੀਹ ਨਾਲ ਸੰਘਰਸ਼ ਵਿੱਢਿਆ ਤੇ ਸਾਰੇ ਪੰਜਾਬ ਦਾ ਸਿਰ ਉੱਚਾ ਕੀਤਾ। ਕਹਿਣਾ ਬਣਦਾ ਹੈ ਕਿ ‘ਅਕਾਲਸ਼ੇਵਿਜ਼ਮ’ ਦੇ ਤਰੀਕਾਕਾਰ ਨਾਲ ਫਿਰ ਤੋਂ ਪੰਜਾਬ ਨੂੰ ਰੌਸ਼ਨੀ ਮਿਲੀ।
ਧਰਮ ਯੁੱਧ ਮੋਰਚੇ ਵਿਚ ਹਿੰਦੂ, ਮੁਸਲਮਾਨ, ਇਸਾਈ ਤੇ ਸਿੱਖਾਂ ਦੀ ਸਾਂਝੀ ਸ਼ਮੂਲੀਅਤ ਨੂੰ ਪੰਜਾਬ ਦੇ ਸਾਂਝੇ ਸੰਘਰਸ਼ ਵਜੋਂ ਵੇਖਣ ਵਾਲੇ ਸੰਤ ਲੌਂਗੋਵਾਲ, ਬੁੱਧੀਜੀਵੀਆਂ ਦੀ ਬੈਠਕ ਵਿਚ 9 ਜਨਵਰੀ 1983 ਨੂੰ ਕਹਿੰਦੇ ਹਨ, ‘‘ਪੰਜਾਬ ਹਿੰਦੂ, ਸਿੱਖ, ਮੁਸਲਮਾਨ ਤੇ ਇਸਾਈਆਂ ਦੀ ਸਰਬ-ਸਾਂਝੀ ਧਰਤੀ ਹੈ। ਇਸ ਦੀ ਮਾਖਿਉਂ ਮਿੱਠੀ ਬੋਲੀ, ਲਹੂ-ਭਿੱਜਿਆ ਇਤਿਹਾਸ, ਨਰੋਈ ਸੱਭਿਅਤਾ ਅਤੇ ਗੌਰਵਮਈ ਪ੍ਰੰਪਰਾਵਾਂ ਸਾਡੇ ਸਭ ਦਾ ਸਾਂਝਾ ਵਿਰਸਾ ਹਨ। ਇੱਥੋਂ ਦੇ ਮਹਾਨ ਗੁਰੂ ਸਾਹਿਬਾਨ, ਰਿਸ਼ੀ, ਮੁਨੀ, ਪੀਰ, ਫ਼ਕੀਰ, ਮੇਲੇ-ਤਿਉਹਾਰ ਤੇ ਲੋਕ-ਗਾਥਾਵਾਂ ਦੇ ਨਾਇਕ-ਨਾਇਕਾਵਾਂ ਸਭ ਦੇ ਸਾਂਝੇ ਹਨ। ... ਬਾਬਾ ਫ਼ਰੀਦ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਵਾਰਿਸ ਸ਼ਾਹ, ਸ਼ਾਹ ਮੁਹੰਮਦ, ਧਨੀ ਰਾਮ ਚਾਤ੍ਰਿਕ, ਕਿਰਪਾ ਸਾਗਰ, ਸੁੰਦਰ ਦਾਸ ਆਸੀ, ਨੰਦ ਲਾਲ ਨੂਰਪੁਰੀ, ਈਸ਼ਵਰ ਚੰਦਰ ਨੰਦਾ ਤੇ ਰੁਚੀ ਰਾਮ ਸਾਹਨੀ ਵਰਗੇ ‘ਪੰਜਾਬੀ ਸਪੁੱਤਰਾਂ’ ਨੇ ਆਪਣੀ ਪਿਆਰੀ ਮਾਂ ‘ਪੰਜਾਬੀ’ ਤੋਂ ਰੱਜ ਰੱਜ ਲੋਰੀਆਂ ਲਈਆਂ ਅਤੇ ਇਸ ਦੇ ਖ਼ਜ਼ਾਨੇ ਦੀ ਅਮੀਰੀ ਲਈ ‘ਸੁਲੱਗ ਪੁੱਤਰਾਂ’ ਵਾਂਗ ਮਹਾਨ ਸੇਵਾ ਕੀਤੀ।’’
ਸੰਤ ਲੌਂਗੋਵਾਲ ਦੀ ਪੰਜਾਬ-ਸਰੋਕਾਰ ਨੂੰ ਸਾਂਝਾ ਰਾਜਨੀਤਕ ਏਜੰਡਾ ਬਣਾਉਣ ਦੀ ਲਗਨ; ਪੰਜਾਬੀਆਂ ਦੀਆਂ ਕਮਾਈਆਂ ਹੋਈਆਂ ਸਿਆਸੀ ਰਵਾਇਤਾਂ ’ਤੇ ਉੱਸਰੀ ਸਾਂਝੀ ਜਥੇਬੰਦੀ; ਜੁਝਾਰੂ ਅਮਲ ਵਿਚ ਆਪਸੀ ਏਕਤਾ ਅਤੇ ਇਤਫ਼ਾਕ ਨੂੰ ਹਰ ਹੀਲੇ ਬਣਾ ਕੇ ਰੱਖਣ ਦੀ ਯੋਗਤਾ; ਸ਼ਾਂਤਮਈ ਲੋਕ ਅੰਦੋਲਨ ਉਸਾਰਨੇ ਅਤੇ ਦੂਸਰੇ ਖਿੱਤਿਆਂ ਦੇ ਲੋਕਾਂ ਨਾਲ ਜੁੜਦਿਆਂ ਸਾਂਝੇ ਸੰਘਰਸ਼ ਵਿੱਢਣੇ - ਸਾਡੇ ਲਈ ਜ਼ਰੂਰ ਸਬਕ ਹਨ।
ਪੰਜਾਬੀਆਂ ਨੇ ਇਨ੍ਹਾਂ ਦਿਨਾਂ ਵਿਚ ਕਿਸਾਨ ਅੰਦੋਲਨ ਦੀ ਊਰਜਾ ਨਾਲ ਹੜ੍ਹਾਂ ਨਾਲ ਜੂਝਦਿਆਂ ਨਵੇਂ ਰਾਹ ਘੜ੍ਹੇ ਹਨ ਅਤੇ ਆਪਸੀ ਏਕਤਾ ਦੇ ਨਰੋਏ ਪੂਰਨੇ ਪਾਏ ਹਨ। ਪਿੰਡੋ-ਪਿੰਡੀ ਬਣ ਰਹੀਆਂ ਨਸ਼ਾ-ਵਿਰੋਧੀ ਕਮੇਟੀਆਂ ਨਾਲ ਪੰਜਾਬੀਆਂ ਨੇ ਆਪਣੀ ਅਸੀਮ ਜਥੇਬੰਦਕ ਸਮਰੱਥਾ ਦਾ ਵਖਾਲਾ ਦਿੱਤਾ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਨਿਸ਼ਚਿੰਤ ਰਹਿਣ, ਪੰਜਾਬੀਆਂ ਨੇ ਧਰਮ ਯੁੱਧ ਮੋਰਚੇ ਦੀ ਤੁਹਾਡੇ ਵੱਲੋਂ ਦਿੱਤੀ ਅਗਵਾਈ ਨੂੰ ਆਪਣੇ ਢੰਗ ਨਾਲ ਸਨਮਾਨਿਆ ਹੈ। ਸ਼ਾਇਦ ਬਹੁਤਿਆਂ ਨੂੰ ਤੁਹਾਡਾ ਨਾਂ ਪਤਾ ਵਿੱਸਰ ਗਿਆ ਹੋਵੇ, ਪਰ ਤੁਹਾਡੀ ਲੋਅ ਸਾਡੇ ਅੰਗ-ਸੰਗ ਹੈ! ਬਾਬਾ ਵਾਰਿਸ ਸ਼ਾਹ ਜਿਵੇਂ ਸੰਤ ਲੌਂਗੋਵਾਲ ਬਾਰੇ ਕਹਿੰਦੇ ਹੋਣ: ‘ਏਥੇ ਥਾਉਂ ਨਹੀਂ ਅੜਬੰਗਿਆਂ ਦਾ, ਫੱਕਰ ਕੰਮ ਹੈ ਸਿਰਾਂ ਥੋਂ ਲੰਘਿਆਂ ਦਾ’।
(ਸਮਾਪਤ)
ਸੰਪਰਕ: 9464984010
* ਲੇਖਕ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਹਿਸਟੌਰਿਕਲ ਸਟੱਡੀਜ਼ ਤੋਂ ਆਧੁਨਿਕ ਇਤਿਹਾਸ ਵਿਚ ਡਾਕਟਰੇਟ ਹੈ ਅਤੇ ‘ਸੇਧ’ ਮੈਗਜ਼ੀਨ ਦਾ ਸੰਪਾਦਕ ਹੈ।