ਪੰਜਾਬੀ-ਪੰਥ ਦੇ ਹੁਸਨ-ਇਖ਼ਲਾਕ ਦਾ ਮੁਜੱਸਮਾ
ਸੁਮੇਲ ਸਿੰਘ ਸਿੱਧੂ
ਬਰਸੀ ’ਤੇ ਵਿਸ਼ੇਸ਼
ਸੰਨ 1985 ਦੀ 20 ਅਗਸਤ ਨੂੰ ਹਤਿਆਰਿਆਂ ਹੱਥੋਂ ਸ਼ਹੀਦ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ; ਐਮਰਜੈਂਸੀ ਵਿਰੋਧੀ ਮੋਰਚੇ ਦੇ ਸਰਬ-ਪ੍ਰਵਾਨਿਤ ‘ਡਿਕਟੇਟਰ’ ਅਤੇ ਧਰਮ ਯੁੱਧ ਮੋਰਚੇ ਦੇ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਨੂੰ 38 ਵਰ੍ਹੇ ਬੀਤ ਗਏ ਹਨ। ਪੰਜਾਬ ਦੀ ਲੋਕਾਈ ਨੇ ਇਸ ਦੌਰਾਨ ਬਹੁਤ ਝੱਖੜ ਝੱਲੇ ਹਨ; ਆਪਣੀ ਸਮਰੱਥਾ ਅਨੁਸਾਰ ਇਤਿਹਾਸ ਦਾ ਫਸਿਆ ਗੱਡਾ, ਗਾਰੇ ’ਚੋਂ ਕੱਢਣ ਦੀ ਵਾਹ ਲਾਈ ਹੈ। ਸੰਤਾਂ ਵਿਚ ਗੁਫ਼ਤਾਰ ਦੇ ਗ਼ਾਜ਼ੀ ਤੇ ਰਾਜ-ਭਾਗ ਦੇ ਧਨੀ ਬਹੁਤ ਆਏ; ਸੱਤਾ ਦੀ ਸ਼ਤਰੰਜ ’ਤੇ ਲਿੱਸੀ-ਪੱਕੀ ਬਾਜ਼ੀ ਖੇਡਣ ਅਤੇ ਸਵੇਰੇ ਖਿੜ ਕੇ ਆਥਣ ਨੂੰ ਮੁਰਝਾ ਜਾਣ ਵਾਲੇ ਸੂਰਜਮੁਖੀਏ ਰਹਬਿਰ ਬਹੁਤ ਆਏ, ਪਰ ਸੰਤ ਲੌਂਗੋਵਾਲ ਦੀ ਸ਼ਹਾਦਤ ਸਦਕਾ ਪਸਰਿਆ ਦਿਨ ਦੀਵੀਂ ਹਨੇਰ ਅਜੇ ਵੀ ਸਾਨੂੰ ਵੰਗਾਰਦਾ ਹੈ। ਪੰਜਾਬ ਦੀ ਸਿਆਸਤ ਦਾ ਨੈਤਿਕ ਧੁਰਾ ਸਨ ਸੰਤ ਲੌਂਗੋਵਾਲ।
ਵੀਹਵੀਂ ਸਦੀ ਵਿਚ ਸਿੱਖ ਲਹਿਰ ਦੀ ਮਨੁੱਖ-ਮਿੱਤਰ ਵਿਚਾਰਧਾਰਾ ਅਕਾਲੀ ਲਹਿਰ ਵਿਚ ਵਿਗਸੀ। ਸ਼ਾਂਤਮਈ, ਲੋਕ-ਲਹਿਰ ਦੀਆਂ ਹੱਕੀ ਮੰਗਾਂ ਉੱਤੇ ਵਰਤਾਏ ਅੰਨ੍ਹੇ ਜਬਰ ਸਾਹਮਣੇ ਅਕਾਲੀ ਜੁਝਾਰੂਆਂ ਦੇ ਫੌਲਾਦੀ ਸਿਦਕ ਦੀ ਕਰਾਮਾਤ ਨੇ ਅੰਗਰੇਜ਼ ਸਾਮਰਾਜ ਅਤੇ ਉਸ ਦੇ ਹਮਾਇਤੀ ਸਿੱਖ ਰਿਆਸਤਾਂ ਦੇ ਰਾਜਿਆਂ ਤੇ ਜਾਗੀਰਦਾਰਾਂ ਖ਼ਿਲਾਫ਼ ਸਾਮਰਾਜ-ਵਿਰੋਧੀ ਚੇਤਨਾ ਨੂੰ ਜਥੇਬੰਦ ਕਰਦਿਆਂ ਪੰਜਾਬ ਵਿਚ ਨਰੋਈ, ਸਾਂਝੀ ਕੌਮੀ ਜ਼ਮੀਨ ਤਿਆਰ ਕੀਤੀ। ਡਾ. ਰੁਚੀ ਰਾਮ ਸਾਹਨੀ, ਡਾ. ਸੈਫ਼-ਉਦ-ਦੀਨ ਕਿਚਲੂ, ਡਾ. ਸਤਯਪਾਲ, ਫਾਦਰ ਸੀ.ਐਫ਼ ਐਂਡਰਿਊਜ਼, ਜਵਾਹਰਲਾਲ ਨਹਿਰੂ ਆਦਿ ਇਨ੍ਹਾਂ ਮੋਰਚਿਆਂ ਦਾ ਹਰ ਪੱਧਰ ’ਤੇ ਸਹਿਯੋਗ ਕਰ ਰਹੇ ਸਨ। ਦੂਜੇ ਪਾਸੇ ਸਿੱਖੀ ਦਾ ਦਮ ਭਰਨ ਵਾਲੇ ਸਰਬਰਾਹ, ਰਾਜੇ, ਜਾਗੀਰਦਾਰ ਆਦਿ ਅੰਗਰੇਜ਼ਾਂ ਨਾਲ ਜੁੜੇ ਰਹਿ ਕੇ ਰਾਜ-ਭਾਗ ਲੈਣ ਦੀ ਨੀਤੀ ਤਹਿਤ, ਜਨਰਲ ਡਾਇਰ ਵਰਗਿਆਂ ਨੂੰ ਸਿਰੋਪਾ ਦੇਣ, ਦੇਸ਼ਭਗਤ ਗ਼ਦਰੀ ਬਾਬਿਆਂ ਨੂੰ ਸਿੱਖੀ ਤੋਂ ਪਤਿਤ ਕਰਾਰ ਦੇਣ ਵਾਲੀ ਅੰਗਰੇਜ਼-ਭਗਤੀ ਨੂੰ ਹੀ ਸਿੱਖੀ ਵਜੋਂ ਪ੍ਰਚਾਰ ਰਹੇ ਸਨ। ਅਜਿਹੀ ਰੀੜ੍ਹਹੀਣ ਰਜਵਾੜਾਸ਼ਾਹੀ ਦੇ ਯਤਨਾਂ ਦੇ ਵਿਰੋਧ ਵਿਚ ਅਕਾਲੀ ਲਹਿਰ ਦੇ ਯੋਧਿਆਂ ਨੇ ਪੰਜਾਬੀ ਲੋਕਾਈ ਦੇ ਸਾਂਝੇ ਉੱਦਮ ਨਾਲ ਮੁੜ ਸਿਦਕ-ਸਾਂਝੀਵਾਲਤਾ-ਆਜ਼ਾਦੀ ਦਾ ਧੁਰਾ ਬਣਾਇਆ।
ਮਾਲਵੇ ਵਿਚ 1928 ਤੋਂ ਰਿਆਸਤੀ ਪਰਜਾ ਮੰਡਲ ਦੇ ਬਾਨੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਪ੍ਰੇਰਨਾ ਨਾਲ ਰਜਵਾੜਿਆਂ ਅਤੇ ਅੰਗਰੇਜ਼ ਹਕੂਮਤ ਦੀ ਗ਼ੁਲਾਮੀ ਤੋਂ ਮੁਕਤੀ ਦੀ ਚੇਤਨਾ ਜੜ੍ਹ ਫੜ ਰਹੀ ਸੀ। ਸੰਗਰੂਰ ਦੇ ਅਤਿ ਪੱਛੜੇ ਪਿੰਡ ਗਦੜਿਆਣੀ ਵਿਚ ਛੋਟੀ ਕਿਸਾਨੀ ਵਾਲੇ ਅੱਠ ਭੈਣ-ਭਰਾਵਾਂ ਦੇ ਪਰਿਵਾਰ ਵਿਚ 2 ਜਨਵਰੀ 1932 ਨੂੰ ਹਰਚੰਦ ਸਿੰਘ ਦਾ ਜਨਮ ਹੋਇਆ। ਨਾਨਕੇ ਪਰਿਵਾਰ ’ਚੋਂ ਮਾਮਾ ਜੀ ਲੱਗਦੇ ਜਥੇਦਾਰ ਸੁਰਜਨ ਸਿੰਘ ਰਾਮਾ ਅਤੇ ਦਾਦਕੇ ਟੱਬਰ ’ਚੋਂ ਤਾਇਆ ਜੀ ਜਥੇਦਾਰ ਇੰਦਰ ਸਿੰਘ ਉਸ ਸਮੇਂ ਜਾਰੀ ਅਕਾਲੀ ਅਤੇ ਪਰਜਾ ਮੰਡਲ ਲਹਿਰ ਦੇ ਅੰਦੋਲਨਕਾਰੀ ਸਨ। ਜਥੇਦਾਰ ਸੁਰਜਨ ਸਿੰਘ ਰਾਮਾ ਗ਼ਰੀਬ ਜਨਤਾ ਅਤੇ ਛੋਟੀ ਕਿਸਾਨੀ ਦੇ ਮਸਲਿਆਂ ’ਤੇ ਪਹਿਰਾ ਦੇਣ ਵਾਲੇ ਸਿਰਲੱਥ ਅਕਾਲੀ ਹੋਏ ਹਨ। ਘਰ ਪਰਿਵਾਰ ਅੰਦਰਲੀ ਸਿੱਖ ਭਾਵਨਾ ਇੰਝ ਇਨ੍ਹਾਂ ਸ਼ਖ਼ਸੀਅਤਾਂ ਦੇ ਜੁਝਾਰੂ ਅਮਲ ਨਾਲ ਜੁੜੀ ਤਾਂ ਬਾਲਕ ਹਰਚੰਦ ਸਿੰਘ ਦਾ ਨੈਤਿਕ ਸੰਸਾਰ ਉੱਸਰਨਾ ਸ਼ੁਰੂ ਹੋਇਆ। ਇਕਤਾਰੇ ਨਾਲ ਸ਼ਬਦ ਗਾਇਨ ਕਰਨ ਵਾਲੇ ਬੁੱਗਰ ਸਿੰਘ ਤੋਂ ਪ੍ਰਭਾਵਿਤ ਹੋ ਕੇ ਪੰਜ ਕੁ ਸਾਲਾਂ ਦੀ ਕੋਮਲ ਉਮਰ ਵਾਲਾ ਭੁਜੰਗੀ ਹਰਚੰਦ ਸਿੰਘ, ਸੰਤ ਜੋਧ ਸਿੰਘ ‘ਮੌਜੋ’ ਪਿੰਡ ਵਾਲਿਆਂ ਕੋਲ ਅਗਲੇ ਦਸ ਸਾਲ ਸਿੱਖ ਸਿਧਾਂਤ, ਗੁਰਬਾਣੀ, ਸ਼ਬਦ ਕੀਰਤਨ, ਕਥਾਕਾਰੀ ਦੀ ਸਾਧਨਾ ਕਰਨ ਲੱਗਾ। ਸੰਕੋਚੀ, ਗੰਭੀਰ ਤੇ ਸਹਿਣਸ਼ੀਲ ਬਿਰਤੀ ਵਾਲੇ ਇਸ ਵਿਦਿਆਰਥੀ ਦੀ ਲਗਨ ਤੋਂ ਪ੍ਰਭਾਵਿਤ ਹੋ ਕੇ ਸੰਤ ਜੋਧ ਸਿੰਘ ਕਦੇ ਇਸ ਨੂੰ ‘ਭਾਈ ਨਾਥੇ’ ਜਾਂ ‘ਗੋਬਿੰਦ’ ਕਹਿ ਕੇ ਪੁਕਾਰਦੇ। ਮੌਜੋ ਦੀ ਗੁਰਮਤਿ ਟਕਸਾਲ ਅਧਿਆਤਮ ਅਤੇ ਵਿੱਦਿਆ ਦੀ ਸਿੰਜੀ ਹੋਈ ਜ਼ਮੀਨ ’ਤੇ ਸਿਆਸੀ ਸਰਗਰਮੀ ਲਈ ਪ੍ਰੇਰਦੀ ਸੀ। ਗਭਰੇਟ ਹਰਚੰਦ ਸਿੰਘ ਇਸ ਸਿਆਸੀ-ਇਖ਼ਲਾਕੀ ਕਰਮਧਾਰਾ ਦਾ ਅਭਿਆਸੀ ਬਣਦਾ ਗਿਆ। ਕਥਾ-ਕੀਰਤਨ ਕਰਦੇ ਤਾਂ ਇਕੱਤਰ ਹੋਈ ਸਾਰੀ ਭੇਟਾ ਉੱਥੇ ਹੀ ਗੋਲਕ ਵਿਚ ਪਾ ਦਿੰਦੇ। ਪੰਥ, ਸੰਗਤ ਤੇ ਗੁਰਮਤਿ ਨੂੰ ਪਹਿਲ ਦਿੰਦੇ ਅਤੇ ਖ਼ੁਦ ਨੂੰ ਇਨ੍ਹਾਂ ਦਾ ਨਿਮਰ ਸੇਵਾਦਾਰ ਆਖਦੇ। ਬਾਅਦ ਦੇ ਸਾਰੇ ਪੜਾਵਾਂ ਵਿਚ ਪੰਥਕ ਏਕਤਾ ਜਾਂ ਅਕਾਲੀ ਮੋਰਚੇ ਚਲਾਉਣ ਦਾ ਟੀਚਾ ਸਰ ਕਰਨ ਲਈ ਸੰਤ ਲੌਂਗੋਵਾਲ ਆਪਣੀ ਨਿਮਰਤਾ, ਤਿਆਗ ਅਤੇ ਸਹਿਜ ਦੇ ਗੁਣ ਨਾਲ ਨਿਭਦੇ। ਖ਼ੁਦ ਨੂੰ ਮਿਲਦੀ ਵਿਧਾਨ ਸਭਾ ਜਾਂ ਲੋਕ ਸਭਾ ਦੀ ਸੀਟ ਹਮੇਸ਼ਾਂ ਕਿਸੇ ਕੁਰਬਾਨੀ ਵਾਲੇ ਅਕਾਲੀ ਘੁਲਾਟੀਏ ਨੂੰ ਦੇਣ ਲਈ ਕਹਿੰਦੇ ਤੇ ਆਪ ਉਨ੍ਹਾਂ ਨੂੰ ਚੋਣ ਜਿਤਵਾਉਣ ਦੀ ਜ਼ਿੰਮੇਵਾਰੀ ਲੈਂਦੇ।
ਉਹ 16 ਸਾਲ ਦੀ ਉਮਰ ਵਿਚ ਅਕਾਲੀ ਦਲ ਦੇ ਮੈਂਬਰ ਬਣੇ ਤੇ ਉਨ੍ਹਾਂ ਦਿਨਾਂ ਵਿਚ ਹੀ ਗਿਆਨੀ ਹਰਨਾਮ ਸਿੰਘ ਸੰਤ ਜੀ ਦੇ ਕੀਰਤਨ ਤੋਂ ਪ੍ਰਭਾਵਿਤ ਹੋ ਕੇ ਹੀਰੋਂ ਕਲਾਂ ਪਿੰਡ ਵਿਚ ਲੈ ਗਏ। ਇਸੇ ਦੌਰਾਨ ਕੇਂਦਰ ਸਰਕਾਰ ਨੇ ਪੈਪਸੂ ਦੀ ਅਕਾਲੀ ਵਜ਼ਾਰਤ ਤੋੜ ਦਿੱਤੀ, ਮੋਰਚਾ ਲੱਗਿਆ ਤੇ ਜਥੇ ਸਮੇਤ ਹਰਚੰਦ ਸਿੰਘ ਗ੍ਰਿਫ਼ਤਾਰ ਹੋ ਕੇ ਤਿੰਨ ਮਹੀਨੇ ਫ਼ਰੀਦਕੋਟ ਜੇਲ੍ਹ ਵਿਚ ਰਹੇ। 1948 ਵਿਚ ਲਾਲ ਕਮਿਊਨਿਸਟ ਪਾਰਟੀ ਦੀ ਅਗਵਾਈ ਵਿਚ ਪੈਪਸੂ ਮੁਜ਼ਾਰਾ ਲਹਿਰ ਸ਼ੁਰੂ ਹੋ ਗਈ ਤੇ ਕਾਮਰੇਡ ਤੇਜਾ ਸਿੰਘ ਸੁਤੰਤਰ, ਬਾਬਾ ਬੂਝਾ ਸਿੰਘ, ਕਾ. ਹਰਨਾਮ ਸਿੰਘ ‘ਚਮਕ’, ਧਰਮ ਸਿੰਘ ‘ਫੱਕਰ’, ਭਗਵਾਨ ਸਿੰਘ ਲੌਂਗੋਵਾਲ ਵਰਗੇ ਗ਼ਦਰੀ-ਅਕਾਲੀ-ਕਿਰਤੀ ਲਹਿਰ ਤੋਂ ਤੁਰੇ ਹੋਏ ਆਗੂ ਇਸ ਨੂੰ ਜਥੇਬੰਦ ਕਰਨ ਲੱਗੇ। ਲਾਲ ਕਮਿਊਨਿਸਟ ਪਾਰਟੀ ਦੇ ਬਹੁਤੇ ਆਗੂ ਅੰਮ੍ਰਿਤਧਾਰੀ ਸਨ; ਜੁਝਾਰੂ ਅਕਾਲੀਆਂ ਦੀ ਸੰਗਤ ਅਤੇ ਅਸਰ ਪਹਿਲਾਂ ਹੀ ਸੀ, ਸੋ ਹੀਰੋਂ ਕਲਾਂ ਦਾ ਡੇਰਾ ਮੁਜ਼ਾਰਾ ਲਹਿਰ ਦੇ ਵਾਰੰਟਡ ਆਗੂਆਂ ਅਤੇ ਕਾਰਕੁਨਾਂ ਦੀ ਠਾਹਰ ਬਣਦਾ ਗਿਆ। ਕਾਮਰੇਡ ਜਗੀਰ ਸਿੰਘ ਜੋਗਾ ਵੀ ਅਕਸਰ ਆਉਂਦੇ ਅਤੇ ਚਰਚਾਵਾਂ ਦਾ ਦੌਰ ਜਾਰੀ ਰਹਿੰਦਾ। ਸਿਆਸੀ ਰੁਝੇਵਿਆਂ ਦੇ ਨਾਲ-ਨਾਲ ਪਿੰਡ ਵਿਚ ਆਪਸੀ ਭਾਈਚਾਰੇ ਦੀ ਭਾਵਨਾ ਪੱਕੇ ਪੈਰੀਂ ਕਰਨ ਹਿੱਤ ਹੀਰੋਂ ਕਲਾਂ ਦੀ ਧੜੇਬੰਦੀ ਖ਼ਤਮ ਕਰਵਾਈ। ਸਿੱਖੀ ਦੀ ਚੇਤਨਾ, ਸਮਾਜ ਸੁਧਾਰ ਦਾ ਅਮਲ ਅਤੇ ਲੋਕ-ਮੁਕਤੀ ਦੀ ਰਾਜਨੀਤੀ ਦੇ ਸਬਕ ਅਤੇ ਅਮਲ ਨੂੰ ਸਹਿਜ-ਭਾਵੀ ਢੰਗ ਨਾਲ ਸੰਜੋਗ ਕਰਨ ਦਾ ਤਰੀਕਾਕਾਰ ਸੰਤ ਲੌਂਗੋਵਾਲ ਦੇ ਸਿਆਸੀ ਇਖ਼ਲਾਕ ਦਾ ਧੁਰਾ ਹੈ ਤੇ ਸਾਡੇ ਨਜ਼ਦੀਕ ਉਨ੍ਹਾਂ ਦੀ ਦਿੱਤੀ ਅਮਾਨਤ ਹੈ।
ਅਦੁੱਤੀ ਸ਼ਹੀਦ ਭਾਈ ਮਨੀ ਸਿੰਘ ਨਾਲ ਜੁੜਦੇ ਪਿੰਡ ਲੌਂਗੋਵਾਲ ਵਿਚ ਹਰਚੰਦ ਸਿੰਘ ਨੂੰ ਬਹੁਤ ਸਨਮਾਨ ਸਹਿਤ ਲਿਆਂਦਾ ਗਿਆ ਤੇ 21 ਸਾਲ ਦੀ ਉਮਰ ਤੋਂ ‘ਲੌਂਗੋਵਾਲ’ ਉਨ੍ਹਾਂ ਦੇ ਨਾਂ ਨਾਲ ਜੁੜ ਗਿਆ। 1955 ਵਿਚ ਪੰਜਾਬੀ ਸੂਬੇ ਬਾਰੇ ਪਹਿਲਾ ਮੋਰਚਾ ਮਾ. ਤਾਰਾ ਸਿੰਘ ਦੀ ਅਗਵਾਈ ਵਿਚ ਲੱਗਾ। ਸੰਤ ਲੌਂਗੋਵਾਲ ਨੇ ਜਥੇ ਸਮੇਤ ਗ੍ਰਿਫ਼ਤਾਰੀ ਦਿੱਤੀ ਤੇ ਹਿਸਾਰ ਜੇਲ੍ਹ ਵਿਚ ਕੈਦ ਰਹੇ। 1960 ਵਿਚ ਦੂਜਾ ਮੋਰਚਾ ਲੱਗਾ ਤਾਂ ਮਾ. ਤਾਰਾ ਸਿੰਘ ਦੀ ਗ੍ਰਿਫ਼ਤਾਰੀ ਪਿੱਛੋਂ ਸੰਤ ਫ਼ਤਹਿ ਸਿੰਘ ਆਗੂ ਬਣੇ। ਸੰਤ ਲੌਂਗੋਵਾਲ ਨੇ ਪਹਿਲੇ ਦਿਨ ਹੀ ਜਥੇ ਸਮੇਤ ਗ੍ਰਿਫ਼ਤਾਰੀ ਦਿੱਤੀ। ਮੰਗਾਂ ਮਨਵਾਉਣ ਵਿਚ ਅਸਫਲ ਰਿਹਾ ਇਹ ਮੋਰਚਾ ਹੌਲੀ-ਹੌਲੀ ਅਕਾਲੀ ਦਲ ਵਿਚ ਧੜੇਬੰਦ ਹੋਣ ਲੱਗਾ। ਗ਼ਰੀਬ ਕਿਸਾਨੀ ਦੇ ਪਿਛੋਕੜ ਦੀ ਸਾਂਝ ਸਦਕਾ ਸੰਤ ਫ਼ਤਹਿ ਸਿੰਘ ਤੇ ਸੰਤ ਲੌਂਗੋਵਾਲ ਦੀ ਨੇੜਤਾ ਹੋ ਗਈ ਜੋ ਅਖੀਰ ਤੱਕ ਨਿਭੀ। ਅਕਾਲੀ ਦਲ ਮਾਸਟਰ ਜੀ ਦੇ ‘ਗਰਮ ਧੜੇ’ ਅਤੇ ਸੰਤ ਜੀ ਦੇ ‘ਨਰਮ ਧੜੇ’ ਵਿਚ ਤਕਸੀਮ ਹੋ ਗਿਆ।
ਅਕਾਲੀ ਸਿਆਸਤ ਦੀ ਬੁਨਿਆਦੀ ਸ਼ਨਾਖ਼ਤ ਬਣ ਚੁੱਕੀ ‘ਨਰਮ’ ਤੇ ‘ਗਰਮ’ ਧੜੇ ਦੀ ਕਬਾਇਲੀ ਕਿਸਮ ਦੀ ਵਾੜਾਬੰਦੀ ਆਪਣੇ ਵਿਰੋਧੀ ਨੂੰ ‘ਗੱਦਾਰ’ ਜਾਂ ‘ਮੈਦਾਨ ਛੱਡਣ’ ਦੇ ਮਿਹਣੇ ਮਾਰਨ ਲੱਗੀ। ਪਹਿਲਾਂ ਮਾ. ਤਾਰਾ ਸਿੰਘ ਤੇ ਫੇਰ ਸੰਤ ਫ਼ਤਹਿ ਸਿੰਘ ਨੂੰ ਮੋਰਚਾ ਅੱਧ-ਵਿਚਕਾਰ ਛੱਡ ਕੇ ਵਰਤ ਤੋੜਣ ਲਈ ਸ਼ਰਮਿੰਦਾ ਕੀਤਾ ਜਾਂਦਾ ਰਿਹਾ। 1983-84 ਵਿਚ ਇਹੀ ਸਲੂਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਸੰਤ ਲੌਂਗੋਵਾਲ ਨਾਲ ਕੀਤਾ ਗਿਆ। ਅਕਾਲੀ ਦਲ ਵਿਚ ਨਰਮ ਧੜਾ ਸਿੱਖਾਂ ਦੇ ਪੰਥਕ ਸਵਾਲਾਂ ਦੀ ਸਿਆਸਤ ਦਾ ਨੁਮਾਇੰਦਾ ਤਾਂ ਹੁੰਦਾ ਹੀ ਹੈ, ਨਾਲ ਹੀ ਸਮੂਹ ਪੰਜਾਬੀਆਂ ਦੀਆਂ ਆਰਥਿਕ, ਸਿਆਸੀ ਤੇ ਹੋਰ ਸਾਂਝੀਆਂ ਮੰਗਾਂ ਵੀ ਸ਼ਾਂਤਮਈ, ਜਮਹੂਰੀ ਢੰਗ ਨਾਲ ਉਠਾਉਂਦਾ ਹੈ। ਗਰਮ ਧੜਾ ਅਕਸਰ ਸਿੱਖ ਭਾਈਚਾਰੇ ਦੇ ਸਵਾਲਾਂ ਨੂੰ ਹੀ ਕੇਂਦਰ ਵਿਚ ਰੱਖਦਾ ਹੈ ਅਤੇ ਅਕਾਲੀ ਦਲ ਵਿਚ ‘ਪੰਥਕ ਪਾਰਟੀ’ ਜਾਂ ‘ਪੰਜਾਬੀ ਪਾਰਟੀ’ ਵਾਲਾ ਰੇੜਕਾ ਪਾਈ ਰੱਖਦਾ ਹੈ। ਪੰਜਾਬ ਪ੍ਰਤੀ ਪਹਿਲਾਂ ਤੋਂ ਹੀ ਤੁਅੱਸਬ ਨਾਲ ਭਰਪੂਰ ਕੇਂਦਰੀ ਹਕੂਮਤ ਨੂੰ ਇਨ੍ਹਾਂ ਧੜਿਆਂ ਦੀ ਆਪਸੀ ਫੁੱਟ ਰਾਸ ਆਉਂਦੀ ਹੈ। ਇਸ ਸਿਆਸੀ ਸੱਭਿਆਚਾਰ ਨੇ ਇਕ ਦੂਜੇ ਨੂੰ ਠਿੱਬੀ ਲਾ ਕੇ ਅਕਾਲੀ ਦਲ ਨੂੰ ਜ਼ਿੰਮੇਵਾਰ ਸਿਆਸੀ ਮੰਚ ਬਣਨ ਤੋਂ ਵਰਜ ਕੇ ਰੱਖਿਆ ਹੈ।
ਇਸ ਸਿਆਸੀ ਸੱਭਿਆਚਾਰ ਤੋਂ ਉਲਟ ਵਗਦਿਆਂ ਸੰਤ ਲੌਂਗੋਵਾਲ ਆਪਣੀ ਸਮਰਪਣ-ਭਾਵਨਾ, ਧੜੇਬੰਦਕ ਭੇੜ ਤੋਂ ਨਿਰਲੇਪ ਰਹਿੰਦਿਆਂ ਅਕਾਲੀ ਦਲ ਵਿਚ ਸਦਭਾਵੀ ਏਕਤਾ ਦੇ ਮਿਸਾਲੀ ਪੁੰਜ, ਕੁਰਬਾਨੀ ਲਈ ਤਿਆਰ ਬਰ ਤਿਆਰ ਹਸਤੀ ਸਨ। ਆਪਣੀ ਸਹਿਣਸ਼ੀਲਤਾ, ਸਹਿਜ ਬੋਲ-ਬਾਣੀ ਅਤੇ ਨਿਰਮਾਣਤਾ ਸਦਕਾ ਉਨ੍ਹਾਂ ਨੇ ਮੋਰਚਿਆਂ ਦੌਰਾਨ ਹਰ ਔਖੇ ਵੇਲੇ ਨੂੰ ਸਾਂਭਦਿਆਂ ਨਿੱਗਰ ਪ੍ਰਾਪਤੀਆਂ ਕੀਤੀਆਂ। ਜਥੇਦਾਰ ਮੋਹਨ ਸਿੰਘ ਤੁੜ ਦੀ ਗ੍ਰਿਫ਼ਤਾਰੀ ਤੋਂ ਬਾਅਦ ਐਮਰਜੈਂਸੀ-ਵਿਰੋਧੀ ਮੋਰਚੇ ਦੀ ਕਮਾਨ ਲੈਣ ਲਈ ਜਥੇਦਾਰ ਟੌਹੜਾ ਤੇ ਸ. ਬਾਦਲ ਨੇ ਵਾਰ-ਵਾਰ ਚਿੱਠੀਆਂ ਲਿਖੀਆਂ। ਇਹ ਉਨ੍ਹਾਂ ਦੀ ਕਾਬਲੀਅਤ ਤੇ ਹਰਮਨ-ਪਿਆਰਤਾ ਦਾ ਸਬੂਤ ਸੀ। ਜੇਲ੍ਹ ਵਿਚ ਜਥੇਦਾਰ ਤੁੜ ਦੇ ਮਨ ਵਿਚ ਕਈ ਸ਼ੰਕਾਵਾਂ ਆਈਆਂ, ਪਰ ਸੰਤ ਲੌਂਗੋਵਾਲ ਨੇ ਕਮਾਲ ਦੀ ਨਿਮਰਤਾ ਅਤੇ ਹੁਨਰ ਨਾਲ ਇਹ ਸ਼ੰਕੇ ਦੂਰ ਕੀਤੇ। ਮੋਰਚਾ ਫ਼ਤਹਿ ਹੋਇਆ, ਸਾਰੀ ਅਗਵਾਈ ਜਥੇਦਾਰ ਤੁੜ ਨੂੰ ਸੌਂਪ ਕੇ ਉਹ ਲੌਂਗੋਵਾਲ ਪਿੰਡ ਵਾਪਸ ਆ ਗਏ। ਥੋੜ੍ਹੇ ਚਿਰ ਬਾਅਦ ਹੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਵੇਲੇ ਟੌਹੜਾ ਤੇ ਬਾਦਲ ਘਬਰਾਏ ਹੋਏ ਸਨ ਕਿ ਡੈਲੀਗੇਟਾਂ ਦੀ ਵਿਸ਼ਾਲ ਬਹੁਗਿਣਤੀ ਸੰਤ ਲੌਂਗੋਵਾਲ ਨੂੰ ਪ੍ਰਧਾਨ ਦੇਖਣਾ ਚਾਹੁੰਦੀ ਹੈ, ਪਰ ਜੇ 45 ਸਾਲ ਦੀ ਉਮਰ ਵਿਚ ਸੰਤ ਲੌਂਗੋਵਾਲ ਪ੍ਰਧਾਨ ਬਣ ਗਏ ਤਾਂ ਅਗਲੇ 15-20 ਸਾਲ ਇਹੋ ਹੀ ਰਹਿਣਗੇ। ਚੋਣ ਦੀ ਥਾਂ ਸਰਬਸੰਮਤੀ ਦਾ ਮਤਾ ਲਿਆਂਦਾ ਗਿਆ ਤੇ ਜਗਦੇਵ ਸਿੰਘ ਤਲਵੰਡੀ ਨੂੰ ਪ੍ਰਧਾਨ ਬਣਾਉਣ ਦਾ ਮਤਾ ਲਿਆ ਕੇ ਸੰਤ ਲੌਂਗੋਵਾਲ ਤੋਂ ਤਾਈਦ ਕਰਵਾਈ ਗਈ ਤਾਂ ਕਿ ਡੈਲੀਗੇਟ ਸ਼ਾਂਤ ਰਹਿਣ।
ਸੰਤ ਲੌਂਗੋਵਾਲ ਨੂੰ ਲਾਂਭੇ ਕਰ ਕੇ ਨਾਲ ਦੀ ਨਾਲ ਤਲਵੰਡੀ-ਬਨਾਮ-ਟੌਹੜਾ-ਬਨਾਮ-ਬਾਦਲ, ਤਿੰਨ ਧਿਰੀ ਸਸਤਾ ਧੜੇਬੰਦਕ ਤਮਾਸ਼ਾ ਸ਼ੁਰੂ ਹੋ ਗਿਆ। ਨਿੱਤ ਦੇ ਝੇੜਿਆਂ ਨਾਲ ਅਕਾਲੀ ਦਲ ਦਾ ਇਕ ਸੰਜੀਦਾ ਸਿਆਸੀ ਜਮਾਤ ਵਜੋਂ ਵੱਕਾਰ ਢਹਿਣ ਲੱਗਾ। ਸੰਤ ਲੌਂਗੋਵਾਲ ਇਸ ਵਰਤਾਰੇ ਦਾ ਨਕਾਰ ਸਨ ਤੇ ਪੰਜਾਬੀਆਂ ਦੀ ਸੰਘਰਸ਼ੀ ਵਿਰਾਸਤ, ਏਕਤਾਬੱਧ ਅਕਾਲੀ ਦਲ ਦੀ ਆਤਮਾ ਸਨ। ਗਰਮ ਧੜੇ ਵਾਲੇ ਟੌਹੜਾ-ਤਲਵੰਡੀ ਜੁੱਟ ਨੇ ਨਰਮ ਧੜੇ ਦੇ ਸ. ਬਾਦਲ ਦੀ ਸਰਕਾਰ ਵਿਰੁੱਧ ਬਿਆਨ ਦਿੱਤੇ। ਗਰਮ ਤੇ ਨਰਮ ਧੜੇ ਵਾਲੀ ਬਾਜ਼ੀ ਦੀ ਸਫ਼ ਫਿਰ ਵਿਛਾਈ ਗਈ।
ਇੱਥੇ ਕਹਿਣਾ ਬਣਦਾ ਹੈ ਕਿ ਧਰਮ ਯੁੱਧ ਮੋਰਚੇ ਦੌਰਾਨ ‘ਨਰਮ ਦਲੀਏ’ ਸੰਤ ਲੌਂਗੋਵਾਲ ’ਤੇ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਸੀ। ਸੰਜਮ ਤੇ ਸਿਆਣਪ ਨਾਲ ਹਰ ਰੋਜ਼ ਮੋਰਚੇ ਨੂੰ ਤੋਰਨਾ ਤੇ ਨਿਰਦੇਸ਼ਿਤ ਕਰਨਾ ਸੀ। ਕੇਂਦਰ ਸਰਕਾਰ ਦੀ ਇਸ ਮੋਰਚੇ ਨੂੰ ਲਮਕਾਉਣ ਦੀ ਨੀਤੀ ਅਤੇ ਸਿੱਖਾਂ ਖ਼ਿਲਾਫ਼ ਪ੍ਰਚਾਰ ਕਰਦਿਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਕੋਈ ‘ਵੱਡਾ ਨਿਰਣਾਇਕ ਕਦਮ’ ਉਠਾਉਣ ਦੀ ਮਨਸ਼ਾ ਦਾ ਢੁੱਕਵਾਂ ਜਵਾਬ ਦੇਣਾ ਸੀ ਤੇ ਜੇਲ੍ਹ ਵਿਚ ਬੰਦ ਅਕਾਲੀਆਂ ਦੇ ਪਰਿਵਾਰਾਂ ਦਾ ਧਿਆਨ ਰੱਖਣਾ ਸੀ। ਦੂਜੇ ਪਾਸੇ ‘ਗਰਮ ਦਲੀਏ’ ਸੰਤ ਭਿੰਡਰਾਂਵਾਲੇ ਹਰਿਆਣਾ ਵਿਚ ਸਿੱਖਾਂ ਖ਼ਿਲਾਫ਼ ਹੋਈ ਹਿੰਸਾ ਦਾ ‘ਮੋੜਵਾਂ ਜਵਾਬ’ ਦੇਣ ਦਾ ਤਵਾ ਭਰੀ ਬੈਠੇ ਸਨ; ਮੋਰਚੇ ਦਾ ਹਿੱਸਾ ਹੁੰਦਿਆਂ ਹੋਇਆਂ ਅਕਾਲੀ ਆਗੂਆਂ, ਖ਼ਾਸ ਤੌਰ ’ਤੇ ਸੰਤ ਲੌਂਗੋਵਾਲ ਬਾਰੇ ਨੁਕਤਾਚੀਨੀ ਕਰ ਰਹੇ ਸਨ। ਅਕਾਲੀ ਆਗੂਆਂ ਨੂੰ ਸਾਰੀਆਂ ਮੰਗਾਂ ਮਨਵਾਏ ਬਿਨਾਂ ਮੋਰਚਾ ਵਾਪਸ ਲੈਣ ਤੋਂ ਠੱਲ੍ਹਣ ਦਾ ਆਪਣਾ ਇਰਾਦਾ ਦੱਸ ਰਹੇ ਸਨ ਤੇ ਸਾਂਝੇ ਅੰਦੋਲਨ ਦੀ ਮਰਿਆਦਾ ਤੇ ਅਨੁਸ਼ਾਸਨ ਭੰਗ ਕਰ ਰਹੇ ਸਨ। ਅਕਾਲੀ ਮੋਰਚਿਆਂ ਦੀ ਸ਼ਾਂਤਮਈ ਰਵਾਇਤ ਦੇ ਉਲਟ ਚੱਲਦਿਆਂ ਪੰਜਾਬ ਵਿਚ ਫ਼ਿਰਕੂ ਕਤਲ ਕੀਤੇ ਜਾ ਰਹੇ ਸਨ। ਕਈ ਕਿਸਮ ਦੇ ਅਪਰਾਧੀ ਅਨਸਰ ਦਰਬਾਰ ਸਾਹਿਬ ਕੰਪਲੈਕਸ ਵਿਚ ਕਈ ਤਰ੍ਹਾਂ ਦੀਆਂ ਵਾਰਦਾਤਾਂ ਕਰ ਰਹੇ ਸਨ। ਇਨ੍ਹਾਂ ਦੋਹਾਂ ਸੂਰਤਾਂ ਨੂੰ ਜੋੜ ਕੇ ਵੇਖੀਏ ਤਾਂ ਸੰਤ ਲੌਂਗੋਵਾਲ ਦੀ ਅਗਵਾਈ ਨੂੰ ਬਾਹਰੋਂ ਕੇਂਦਰ ਸਰਕਾਰ ਆਪਣੇ ਅਨੈਤਿਕ ਵਿਹਾਰ ਨਾਲ ਢਾਹ ਲਾ ਰਹੀ ਸੀ ਅਤੇ ਅੰਦਰੋਂ ਸੰਤ ਭਿੰਡਰਾਂਵਾਲੇ ਦੀ ਰਣਨੀਤੀ। ਜੂਨ ’84 ਦਾ ਸਾਕਾ ਤੇ ਫਿਰ ਨਵੰਬਰ ’84 ਦਾ ਕਤਲੇਆਮ ਪੰਜਾਬ ਦੇ ਵਹਿਣ ਨੂੰ ਖਾਰੇ ਸਾਗਰਾਂ ਦੇ ਹਵਾਲੇ ਕਰ ਗਿਆ, ਪੰਜਾਬ ਦੀ ਸੰਭਾਵਨਾ ਨੂੰ ਗ੍ਰਹਿਣ ਲੱਗ ਗਿਆ। ‘ਪੰਜਾਬ ਸਮਝੌਤਾ’ ਇਸ ਕਾਲੀ ਰਾਤ ਵਿਚ ਦੀਵਾ ਬਾਲਣ ਦਾ ਕਮਜ਼ੋਰ ਹੀਲਾ ਸੀ।
ਸ੍ਰੀ ਅਕਾਲ ਤਖ਼ਤ ’ਤੇ ਰਿਹਾਇਸ਼ ਕਰੀ ਬੈਠੇ ਵਿਅੰਗ ਨਾਲ ਸੰਤ ਲੌਂਗੋਵਾਲ ਨੂੰ ‘ਗਾਂਧੀ’ ਜਾਂ ‘ਸ਼ਾਂਤ ਸਾਗਰ’ ਤੇ ਤੇਜਾ ਸਿੰਘ ਸਮੁੰਦਰੀ ਹਾਲ ਨੂੰ ‘ਗਾਂਧੀ ਭਵਨ’ ਆਖਦੇ। ਹਿੰਸਾ ਦੇ ਪੈਰੋਕਾਰਾਂ ਨੇ ਪੰਜਾਬੀ-ਪੰਥ ਦਾ ‘ਗਾਂਧੀ’ 20 ਅਗਸਤ 1985 ਨੂੰ ‘ਗੱਦਾਰ’ ਕਹਿ ਕੇ ਮਾਰ ਦਿੱਤਾ। ਯਾਦ ਰਹੇ ਕਿ ਨਾਥੂ ਰਾਮ ਗੋਡਸੇ ਲਈ ਮਹਾਤਮਾ ਗਾਂਧੀ ਵੀ ਅਖੰਡ ਭਾਰਤ ਦੇ ਟੋਟੇ ਕਰਨ ਲਈ ਮੰਨ ਜਾਣ ਵਾਲਾ ‘ਗੱਦਾਰ’ ਹੀ ਸੀ। ਸੰਜੋਗ ਹੈ ਕਿ ਦੋਵੇਂ ਵਿਅਕਤੀ ਲੋਕਾਂ ਵਿਚ ਆਪਸੀ ਵੈਰ-ਭਾਵ, ਨਫ਼ਰਤ ਦੀ ਅੱਗ ਮਿਟਾਉਣ ਲਈ; ਜੁੜ ਬੈਠਣ ਲਈ; ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦੀ ਮੁਹਿੰਮ ਚਲਾ ਰਹੇ ਸਨ ਅਤੇ ਲੋਕਾਂ ਵਿਚ ਵਿਚਰਦਿਆਂ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਰਹੇ ਸਨ। ਅਜਿਹੇ ਸਹਿਜ ਅਤੇ ਸਦਭਾਵਨਾ ਦੇ ਗੁਣਾਂ ਲਈ ਸ਼ਹਾਦਤ ਦੇਣ ਵਾਲਿਆਂ ਬਾਰੇ ਗੁਰਬਾਣੀ ਦਾ ਵਾਕ ਹੈ: ‘‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ।। ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ।।’’
(ਬਾਕੀ ਅਗਲੇ ਅੰਕ ਵਿਚ)
* ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਦੇ ਸੈਂਟਰ ਫ਼ਾਰ ਹਿਸਟੌਰਿਕਲ ਸਟੱਡੀਜ਼ ਤੋਂ ਆਧੁਨਿਕ ਇਤਿਹਾਸ ਵਿਚ ਡਾਕਟਰੇਟ ਅਤੇ ਸੰਪਾਦਕ ‘ਸੇਧ’
ਸੰਪਰਕ: 9464984010