For the best experience, open
https://m.punjabitribuneonline.com
on your mobile browser.
Advertisement

ਮੁਇਜ਼ੂ ਦੀ ਭਾਰਤ ਫੇਰੀ

07:57 AM Oct 08, 2024 IST
ਮੁਇਜ਼ੂ ਦੀ ਭਾਰਤ ਫੇਰੀ
Advertisement

ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੂੰ ਸ਼ਾਇਦ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਦੇ ਛੋਟਾ ਜਿਹੇ ਮੁਲਕ ਨੂੰ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਉੱਭਰਦੇ ਵੱਡੇ ਅਰਥਚਾਰੇ ਨਾਲੋਂ ਤੋੜ ਵਿਛੋੜਾ ਕਰ ਕੇ ਚੱਲਣਾ ਬਹੁਤੀ ਦੇਰ ਵਾਰਾ ਨਹੀਂ ਖਾ ਸਕੇਗਾ। ਪਿਛਲੇ ਸਾਲ ਨਵੰਬਰ ਮਹੀਨੇ ਆਪਣੇ ਅਹੁਦੇ ਦਾ ਹਲਫ਼ ਲੈਣ ਤੋਂ ਬਾਅਦ ਪਹਿਲੀ ਵਾਰ ਸਰਕਾਰੀ ਦੌਰੇ ’ਤੇ ਭਾਰਤ ਪੁੱਜੇ ਰਾਸ਼ਟਰਪਤੀ ਮੁਇਜ਼ੂ ਦਿੱਲੀ ਅਤੇ ਪੇਈਚਿੰਗ ਦੋਵਾਂ ਨਾਲ ਵਧੀਆ ਸਬੰਧ ਬਣਾਉਣ ਲਈ ਪੂਰੀ ਵਾਹ ਲਾਉਣ ਦੇ ਇੱਛੁਕ ਨਜ਼ਰ ਆ ਰਹੇ ਹਨ। ‘ਇੰਡੀਆ ਆਊਟ’ ਦੀ ਮੁਹਿੰਮ ਸਦਕਾ ਉਨ੍ਹਾਂ ਨੂੰ ਚੋਣਾਂ ਵਿਚ ਚੋਖਾ ਲਾਭ ਤਾਂ ਮਿਲ ਗਿਆ ਪਰ ਇਹ ਰਣਨੀਤੀ ਉਨ੍ਹਾਂ ਨੂੰ ਬਹੁਤੀ ਕਾਰਆਮਦ ਨਹੀਂ ਹੋ ਰਹੀ ਸਗੋਂ ਮਾਲਦੀਵ ਦੇ ਆਰਥਿਕ ਮੁੜ ਉਭਾਰ ਦੇ ਰਾਹ ਦਾ ਅੜਿੱਕਾ ਬਣ ਰਹੀ ਹੈ। ਮਾਲਦੀਵ ਸੈਲਾਨੀਆਂ ’ਤੇ ਨਿਰਭਰ ਟਾਪੂ ਮੁਲਕ ਹੈ ਅਤੇ ਇਸ ਦੇ ਸਿਰ ਬਾਹਰੋਂ ਲਏ ਕਰਜ਼ੇ ਦਾ ਬੋਝ ਵੀ ਵਧਦਾ ਜਾ ਰਿਹਾ ਹੈ ਅਤੇ ਵਿਦੇਸ਼ੀ ਮੁਦਰਾ ਦੇ ਭੰਡਾਰ ਘਟ ਰਹੇ ਹਨ। ਚੀਨ ਨੂੰ ਛੋਟੇ ਮੁਲਕਾਂ ਨੂੰ ਕਰਜ਼ੇ ਦੇ ਜਾਲ ਵਿਚ ਫਸਾਉਣ ਦਾ ਵੱਲ ਆਉਂਦਾ ਹੈ ਜਿਸ ਕਰ ਕੇ ਮੁਇਜ਼ੂ ਨੂੰ ਇਹ ਸਮਝਣ ਦੀ ਲੋੜ ਹੈ ਕਿ ਮਾਲਦੀਵ ਦੇ ਭਾਰਤ ਨਾਲ ਸਬੰਧਾਂ ਦਾ ਉਨ੍ਹਾਂ ਨੂੰ ਜ਼ਿਆਦਾ ਲਾਭ ਹੋਵੇਗਾ। ਹੁਣ ਜਿਵੇਂ ਕਿਸੇ ਕਲਾਕਾਰ ਦੀ ਤਰ੍ਹਾਂ ਉਹ ਕੂਟਨੀਤਕ ਰੱਸੀ ’ਤੇ ਚੱਲ ਰਹੇ ਹਨ ਤਾਂ ਦੇਸ਼ ਦੇ ਆਰਥਿਕ ਹਾਲਾਤ ਨੂੰ ਮੋੜਾ ਦੇਣ ਲਈ ਇਹੀ ਸਭ ਤੋਂ ਵਧੀਆ ਰਾਹ ਹੈ।
ਆਪਣੇ ਆਂਢ-ਗੁਆਂਢ ’ਚ ਇਕ ਫ਼ਰਾਖਦਿਲ ‘ਵੱਡੇ ਭਰਾ’ ਦੀ ਭੂਮਿਕਾ ਨਿਭਾਉਣੀ ਤਾਂ ਭਾਰਤ ਲਈ ਸੌਖਾ ਕਾਰਜ ਹੈ ਪਰ ਮਾਲਦੀਵ ਅਤੇ ਹੋਰਨਾਂ ਮੁਲਕਾਂ ’ਤੇ ਚੀਨ ਦੀ ਪਕੜ ਨੂੰ ਕਮਜ਼ੋਰ ਕਰਨ ਲਈ ਦਿੱਲੀ ਨੂੰ ਹੋਰ ਬਹੁਤ ਕੁਝ ਕਰਨਾ ਪਏਗਾ। ਅਸਲ ’ਚ ਭਾਰਤ ਨਾਲ ਚੰਗੇ ਰਿਸ਼ਤਿਆਂ ਦੀ ਅਹਿਮੀਅਤ ਤੋਂ ਤਾਂ ਮੁਨਕਰ ਹੋਇਆ ਹੀ ਨਹੀਂ ਜਾ ਸਕਦਾ। ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਲ ਹੀ ਵਿਚ ਦਾਣਾ ਪਾਉਂਦਿਆਂ ਕਿਹਾ ਸੀ ਕਿ ਪਾਕਿਸਤਾਨ ਨੇ ਜਿੰਨਾ ਪੈਸਾ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਤੋਂ ਮੰਗਿਆ ਹੈ, ਜੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਬਿਹਤਰ ਰਹੇ ਹੁੰਦੇ ਤਾਂ ਭਾਰਤ ਇਸ ਤੋਂ ਕਿਤੇ ਵੱਧ ਪੈਸਾ ਦੇ ਸਕਦਾ ਸੀ। ਸੁਨੇਹਾ ਸਾਫ਼-ਸਪੱਸ਼ਟ ਸੀ: ਦਿੱਲੀ ਨਾਲ ਦੁਸ਼ਮਣੀ ਮੁੱਲ ਲੈਣ ਦਾ ਕੀ ਫ਼ਾਇਦਾ, ਜਦੋਂ ਤੁਸੀਂ ਇਸ ਨਾਲ ਚੰਗਾ ਰਿਸ਼ਤਾ ਰੱਖ ਕੇ ਲਾਹਾ ਲੈ ਸਕਦੇ ਹੋ?
ਮੁਇਜ਼ੂ ਇਸ ਗੱਲ ’ਤੇ ਜ਼ੋਰ ਦਿੰਦੇ ਰਹੇ ਹਨ ਕਿ ਭੂਗੋਲਿਕ ਦੂਰੀ ਦੇ ਬਾਵਜੂਦ ਮਾਲੇ ਤੇ ਪੇਈਚਿੰਗ ਦਰਮਿਆਨ ਦੋਸਤੀ ਦਾ ਬੰਧਨ ਪਿਛਲੇ ਕਈ ਸਾਲਾਂ ਦੌਰਾਨ ਮਜ਼ਬੂਤ ਹੋਇਆ ਹੈ, ਪਰ ਕੋਈ ਉਨ੍ਹਾਂ ਨੂੰ ਸਮਝਾਉਂਦਾ ਕਿ ਮਾਲਦੀਵ ਨੂੰ ਸਮੇਂ ਨਾਲ ਪਰਖੇ ਹੋਏ ਵਿਚਕਾਰਲੇ ਰਾਹ ’ਤੇ ਹੀ ਚੱਲਦੇ ਰਹਿਣਾ ਚਾਹੀਦਾ ਹੈ। ਭਾਰਤ ਵੱਲੋਂ ਦੇਖਿਆ ਜਾਵੇ ਤਾਂ ਇੱਕ ਸਰਗਰਮ ਪਹੁੰਚ ਹੀ ਇਸ ਨੂੰ ਖੇਤਰ ’ਚ ਚੰਗੀ ਸਥਿਤੀ ਵਿਚ ਰੱਖੇਗੀ। ਸ੍ਰੀਲੰਕਾ ਤੇ ਬੰਗਲਾਦੇਸ਼ ਵਿਚ ਨਵੀਆਂ ਸਰਕਾਰਾਂ ਦਾ ਝੁਕਾਅ ਕਥਿਤ ਚੀਨ ਪੱਖੀ ਹੋਣ ਦੇ ਮੱਦੇਨਜ਼ਰ, ਦਿੱਲੀ ਨੂੰ ਕਈ ਮੋਰਚਿਆਂ ਉੱਤੇ ਕੰਮ ਕਰਨਾ ਪੈਣਾ ਹੈ।

Advertisement

Advertisement
Advertisement
Author Image

sukhwinder singh

View all posts

Advertisement