ਬੰਗਲਾਦੇਸ਼: ਮੁਹੰਮਦ ਯੂਨਸ ਨੇ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਹਲਫ਼ ਲਿਆ
ਢਾਕਾ/ਨਵੀਂ ਦਿੱਲੀ, 8 ਅਗਸਤ
ਨੋਬੇਲ ਪੁਰਸਕਾਰ ਨਾਲ ਸਨਮਾਨਿਤ ਅਰਥਸ਼ਾਸਤਰੀ ਮੁਹੰਮਦ ਯੂਨਸ ਨੇ ਅੱਜ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਹਲਫ਼ ਲਿਆ। ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਰਾਸ਼ਟਰਪਤੀ ਭਵਨ ‘ਬੰਗਭਵਨ’ ਵਿੱਚ ਹਲਫ਼ਦਾਰੀ ਸਮਾਗਮ ਦੌਰਾਨ ਯੂਨਸ (84) ਨੂੰ ਅਹੁਦੇ ਦੀ ਸਹੁੰ ਚੁਕਾਈ। ਯੂਨਸ ਨੂੰ ਰਾਸ਼ਟਰਪਤੀ ਸ਼ਹਾਬੂਦਨ ਵੱਲੋਂ ਸੰਸਦ ਭੰਗ ਕਰਨ ਮਗਰੋਂ ਅੰਤਰਿਮ ਸਰਕਾਰ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਰਾਖਵੇਂਕਰਨ ਖ਼ਿਲਾਫ਼ ਦੇਸ਼ ਪੱਧਰੀ ਅੰਦੋਲਨਾਂ ਦੌਰਾਨ ਸ਼ੇਖ ਹਸੀਨਾ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਦੇਸ਼ ਛੱਡ ਕੇ ਚਲੀ ਗਈ ਸੀ।
ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਹਲਫ਼ ਲੈਣ ’ਤੇ ਮੁਹੰਮਦ ਯੂਨਸ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਦੇਸ਼ ਵਿੱਚ ਛੇਤੀ ਹੀ ਸਥਿਤੀ ਆਮ ਹੋਣ ਅਤੇ ਹਿੰਦੂਆਂ ਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਉਮੀਦ ਜਤਾਈ। ਉਧਰ, ਸ਼ੇਖ ਹਸੀਨਾ ਦੇ ਪੁੱਤਰ ਸਜੀਵ ਵਾਜੇਦ ਜੌਏ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਲੋਕਤੰਤਰ ਬਹਾਲ ਹੁੰਦੇ ਹੀ ਉਨ੍ਹਾਂ ਦੀ ਮਾਤਾ ਦੇਸ਼ ਪਰਤੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿੱਚ ਗੜਬੜ ਫੈਲਾਉਣ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦਾ ਹੱਥ ਹੈ।
ਬੰਗਲਾਦੇਸ਼ ਵਿੱਚ ਫਸੇ 17 ਭਾਰਤੀ ਵਰਕਰਾਂ ਨੂੰ ਵਾਪਸ ਲਿਆਂਦਾ
ਅਗਰਤਲਾ: ਗੁਆਂਢੀ ਦੇਸ਼ ਵਿੱਚ ਚੱਲ ਰਹੀ ਗੜਬੜ ਵਿਚਾਲੇ ਬੰਗਲਾਦੇਸ਼ ਵਿੱਚ ਫਸੇ ਸੜਕਾਂ ਬਣਾਉਣ ਵਾਲੇ 17 ਭਾਰਤੀ ਕਾਮਿਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ। ਇਹ ਜਾਣਕਾਰੀ ਅੱਜ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਦਿੱਤੀ। ਇਨ੍ਹਾਂ ਵਿਅਕਤੀਆਂ ਨੂੰ ਐਫਕੋਨਜ਼ ਇਨਫਰਾਸਟਰੱਕਚਰ ਲਿਮਿਟਡ ਵੱਲੋਂ ਬੰਗਲਾਦੇਸ਼ ਵਿੱਚ ਅਖੌਰਾ ਤੋਂ ਕਿਸ਼ੋਰਗੰਜ ਤੱਕ 52 ਕਿਲੋਮੀਟਰ ਲੰਬੀ ਚਹੁੰ-ਮਾਰਗੀ ਸੜਕ ਬਣਾਉਣ ਵਾਸਤੇ ਨੌਕਰੀ ’ਤੇ ਰੱਖਿਆ ਸੀ। ਇਨ੍ਹਾਂ ਵਰਕਰਾਂ ਨੂੰ ਤ੍ਰਿਪੁਰਾ ਵਿੱਚ ਕੌਮਾਂਤਰੀ ਸਰਹੱਦ ਰਾਹੀਂ ਵਾਪਸ ਲਿਆਂਦਾ ਗਿਆ ਹੈ। -ਪੀਟੀਆਈ