ਮੁਬਾਰਿਕਪੁਰ ਰੇਲਵੇ ਅੰਡਰਪਾਥ ਆਰਜ਼ੀ ਤੌਰ ’ਤੇ ਬੰਦ
ਹਰਜੀਤ ਸਿੰਘ
ਡੇਰਾਬੱਸੀ, 25 ਜੁਲਾਈ
ਇਥੋਂ ਦੀ ਅੰਬਾਲਾ-ਕਾਲਕਾ ਰੇਲਵੇ ਲਾਈਨ ’ਤੇ ਨਵੇਂ ਉਸਾਰੇ ਮੁਬਾਰਿਕਪੁਰ ਰੇਲਵੇ ਅੰਡਰਪਾਥ ਨੂੰ ਹੁਣ ਸੜਕ ਦੀ ਮੁਰੰਮਤ ਕਰਨ ਲਈ 15 ਦਨਿਾਂ ਵਾਸਤੇ ਬੰਦ ਕਰ ਦਿੱਤਾ ਗਿਆ ਹੈ। ਇਸ ਅੰਡਰਪਾਥ ਨੂੰ ਹੁਣ 8 ਅਗਸਤ ਨੂੰ ਖੋਲ੍ਹਿਆ ਜਾਵੇਗਾ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੁਬਾਰਿਕਪੁਰ ਰੇਲਵੇ ਫਾਟਕ ਬੰਦ ਹੋਣ ਕਾਰਨ ਰੋਜ਼ਾਨਾ ਲੱਗਣ ਵਾਲੇ ਜਾਮ ਦੀ ਸਮੱਸਿਆ ਨੂੰ ਦੇਖਦਿਆਂ ਇਥੇ ਅੰਡਰਪਾਥ ਦੀ ਉਸਾਰੀ ਕੀਤੀ ਗਈ ਸੀ। ਡਬਲ-ਲੇਨ ਇਸ ਅੰਡਰਪਾਥ ਦੇ ਖੁੱਲ੍ਹਣ ਨਾਲ ਰਾਹਗੀਰਾਂ ਨੂੰ ਭਾਰੀ ਸਹੂਲਤ ਮਿਲੀ ਸੀ ਪਰ ਅੰਡਰਪਾਥ ਖੁੱਲ੍ਹਣ ਤੋਂ ਲਗਾਤਾਰ ਇਥੇ ਕੋਈ ਨਾ ਕੋਈ ਦਿੱਕਤ ਪੈਦਾ ਹੋ ਰਹੀ ਹੈ। ਇਥੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅੰਡਰਪਾਸ ਛੱਪੜ ਦਾ ਰੂਪ ਧਾਰ ਲੈਂਦਾ ਹੈ। ਰੇਲਵੇ ਵਿਭਾਗ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਸ ਅੰਡਰਪਾਥ ’ਤੇ ਮੀਂਹ ਦਾ ਪਾਣੀ ਭਰਨ ਤੋਂ ਰੋਕਣ ਲਈ ਇਥੇ ਸ਼ੈੱਡ ਪਾਇਆ ਗਿਆ ਹੈ ਪਰ ਮੀਂਹ ਦੇ ਦਨਿਾਂ ਵਿੱਚ ਇਥੇ ਭਰੇ ਪਾਣੀ ਨੇ ਸ਼ੈੱਡ ਸਮੇਤ ਹੋਰ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਹੁਣ ਅੰਡਰਪਾਸ ਦੀ ਸੜਕ ਦੀ ਮੁਰੰਮਤ ਲਈ ਇਸ ਨੂੰ ਪੰਦਰਾਂ ਦਨਿਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵਾਹਨ ਚਾਲਕਾਂ ਨੂੰ ਰਾਮਗੜ੍ਹ-ਪੰਚਕੂਲਾ ਅਤੇ ਡੇਰਾਬੱਸੀ ਤੋਂ ਵਾਧੂ ਰਸਤਾ ਤੈਅ ਕਰਨਾ ਪਏਗਾ।
15 ਦਨਿਾਂ ’ਚ ਮੁਰੰਮਤ ਹੋ ਜਾਵੇਗੀ ਪੂਰੀ: ਚੌਕੀ ਇੰਚਾਰਜ
ਘੱਗਰ ਰੇਲਵੇ ਸਟੇਸ਼ਨ ਚੌਕੀ ਦੇ ਇੰਚਾਰਜ ਏਐੱਸਆਈ ਰਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੀਂਹ ਕਾਰਨ ਸੜਕ ਦੀ ਹਾਲਤ ਖਸਤਾ ਹੋ ਗਈ ਸੀ ਜਿਸਦੀ ਮੁਰੰਮਤ ਦਾ ਕੰਮ ਚਾਲੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 15 ਦਨਿਾਂ ਵਿੱਚ ਸੜਕ ਦੀ ਮੁਰੰਮਤ ਪੂਰੀ ਹੋ ਜਾਏਗੀ ਜਿਸ ਮਗਰੋਂ ਅੰਡਰਪਾਸ ਨੂੰ ਖੋਲ੍ਹ ਦਿੱਤਾ ਜਾਵੇਗਾ।